ਜਦੋਂ ਵੀ ਅਸੀਂ ਕਿਤੇ ਬਾਹਰ ਲੰਬੀ ਯਾਤਰਾ ਤੇ ਜਾਂਦੇ ਹਾਂ ਤਾਂ ਰਸਤੇ ਵਿਚ ਸਾਡੀ ਢੋਆ-ਢੁਆਈ ਦੀ ਰੀੜ ਦੀ ਹੱਡੀ ਬਣੇ ਟਰੱਕ ਅਨੇਕਾਂ ਦੀ ਗਿਣਤੀ ਵਿਚ ਮਿਲਦੇ ਹਨ ਅਤੇ ਉਨ੍ਹਾਂ ਦੇ ਡਰਾਈਵਰਾਂ ਦਾ ਜੀਵਨ ਵੀ ਬਚਿੱਤਰ ਹੁੰਦਾ ਹੈ। ਕਈ ਤਾਂ ਲੰਬੇ ਰੂਟਾਂ ਤੇ ਚਲਣ ਕਾਰਨ, ਕਈ-ਕਈ ਦਿਨ ਘਰਾਂ ਤੋਂ ਦੂਰ ਰਹਿੰਦੇ ਹਨ, ਇਸ ਲਈ ਉਨ੍ਹਾਂ ਦੇ ਸ਼ੌਂਕ ਵੀ ਬੜੇ ਦਿਲਚਸਪ ਹੁੰਦੇ ਹਨ। ਇਨ੍ਹਾਂ ਡਰਾਇਵਰਾਂ ਦੇ ਮਨੋਰੰਜਨ ਦਾ ਇਕ ਸ਼ੌਂਕ ਹੁੰਦਾ ਹੈ ਆਪਣੇ ਟਰੱਕਾਂ ਪਿੱਛੇ ਕੋਈ ਚੋਣਵਾਂ ਪੰਜਾਬੀ ਟੋਟਕਾ ਲਿਖਵਾਉਣ ਦਾ।
ਬਹੁਤ ਸਾਰੇ ਟਰੱਕਾਂ ਦੇ ਪਿੱਛੇ ਲਿਖੇ ਇਹ ਪੰਜਾਬੀ ਟੋਟਕੇ, ਹਰੇਕ ਪੜ੍ਹਨ ਵਾਲੇ ਦੇ ਮਨ ਨੂੰ ਅਜੀਬ ਜਿਹੀ ਖੁਸ਼ੀ ਦਿੰਦੇ ਹਨ। ਇਹ ਸਭ ਟੋਟਕੇ ਲਿਖਵਾਉਣ ਵਾਲੇ ਦੇ ਮਨ ਦੇ ਵਿਚਾਰਾਂ ਨੂੰ ਵੀ ਪ੍ਰਗਟ ਕਰਦੇ ਹਨ ਅਤੇ ਇਹ ਹੁੰਦੇ ਵੀ ਹਨ ਹਰ ਇਕ ਦੀ ਵਿਅਕਤੀਗਤ ਸੋਚ ਅਨੁਸਾਰ। ਕਈ ਟੋਟਕੇ ਤਾਂ ਇੰਨੇ ਪਿਆਰੇ ਅਤੇ ਦਿਲ-ਲੁਭਾਊੁ ਹੁੰਦੇ ਹਨ ਕਿ ਟਰੱਕ ਦੇ ਪਿੱਛੇ ਆਉਣ ਵਾਲਾ, ਜਦੋਂ ਪੜ੍ਹਦਾ ਹੈ ਤਾਂ ਅਨੰਦਮਈ ਹੋ ਜਾਂਦਾ ਹੈ। ਕਈ ਟੋਟਕੇ ਤਾਂ ਸਮੇਂ ਅਤੇ ਸਮਾਜਿਕ ਕੁਰੀਤੀਆਂ ਬਾਰੇ ਬਹੁਤ ਹੀ ਢੁਕਵੇਂ ਹੁੰਦੇ ਹਨ। ਲੇਖਕ ਨੂੰ ਵੀ ਇਹ ਟੋਟਕੇ ਬੜੇ ਪਿਆਰੇ ਅਤੇ ਭੇਦ ਭਰੇ ਲੱਗਦੇ ਹਨ, ਇਸ ਲਈ ਇਸ ਲੇਖ ਰਾਹੀਂ ਆਪਣੇ ਪਾਠਕਾਂ ਨਾਲ ਸਾਂਝਾ ਕਰਨਾ ਚਾਹੁੰਦਾ ਹੈ ਜਿਵੇਂ ਇਕ ਦੁੱਧ ਦੇ ਟੈਂਕਰ ਨੂੰ ਰਾਹ ਨਾ ਮਿਲਣ ਦੀ ਹਾਲਤ ਵਿਚ ਇਹ ਟੋਟਕਾ ਬਹੁਤ ਹੀ ਢੁਕਦਾ ਸੀ ਅਤੇ ਇਕ ਦੁੱਧ ਦੇ ਟੈਂਕਰ ਪਿਛੇ ਲਿਖਿਆ ਸੀ
ਛੇਤੀ ਰਾਹ ਦੇਦੇ ਵੀਰਨਾ-ਮੇਰੇ ਦੁੱਧ ਦਾ ਦਹੀਂ ਨਾ ਬਣ ਜਾਵੇ।
ਇਸੇ ਤਰ੍ਹਾਂ ਇਕ ਛੋਟਾ ਹਾਥੀ ਟੈਂਪੂ ਵਾਲੇ ਨੇ ਲਿੱਖਵਾ ਰੱਖਿਆ ਸੀ -
ਛੋਟਾ ਹਾਂ ਪਰ ਹਾਥੀ ਹਾਂ।
ਸੜਕ ਦੇ ਨਿਯਮਾਂ ਦੀ ਪਾਲਣਾ ਕਰਨ ਲਈ ਅਤੇ ਕਿਸੇ ਵੀ ਦੁਰਘਟਨਾ ਤੋਂ ਬਚਣ ਲਈ ਬੜੇ ਪਿਆਰੇ-ਪਿਆਰੇ ਟੋਟਕੇ ਲਿਖੇ ਮਿਲਦੇ ਹਨ। ਇਕ ਬਹੁਤ ਹੀ ਨਵਾਂ ਟਰੱਕ ਜਦ ਸੜਕ ਤੇ ਆਇਆ ਤਾਂ ਉਸ ਪਿਛੇ ਲਿਖਿਆ ਸੀ-
ਮੈਂ ਨਵੀਂ-ਨਵੀਂ ਸੋਹਣੀ ਆ-ਫਾਸਲਾ ਰੱਖ-ਟੱਚ ਨਾ ਕਰੀਂ।
ਜੇ ਦੂਜੀਆਂ ਗੱਡੀਆਂ ਨੂੰ ਕਰਾਸ ਕਰਨਾ ਹੋਵੇ ਤਾਂ ਜ਼ਰੂਰੀ ਹੋ ਜਾਂਦਾ ਹੈ ਕਿ ਇੰਡੀਕੇਟਰ ਜਾਂ ਹੱਥ ਦਾ ਇਸ਼ਾਰਾ ਜ਼ਰੂਰ ਕੀਤਾ ਜਾਵੇ। ਅਜਿਹੀ ਹਾਲਤ ਨੂੰ ਸੰਬੋਧਨ ਕਰਨ ਲਈ ਕਿਸੇ ਨੇ ਕਿੰਨਾ ਸੋਹਣਾ ਲਿਖਿਆ ਸੀ-
ਬਾਂਹ ਕੱਢ ਕੇ ਰਾਹ ਪਿਆ ਮੰਗਾ-ਥੋੜ੍ਹਾ ਰੁਕ ਜਾਈ ਵੀਰਿਆ।
ਇਕ ਧਾਰਮਿਕ ਪ੍ਰਵਿਰਤੀ ਦੇ ਡਰਾਇਵਰ ਨੇ ਆਪਣੇ ਟਰੱਕ ਪਿਛੇ ਲਿਖਿਆ ਸੀ-
ਰੱਬਾ ਸਭ ਦਾ ਭਲਾ ਕਰੀ-ਪਰ ਸ਼ੁਰੂ ਮੈਥੋਂ ਕਰੀ।
ਛੋਟੇ ਟੈਂਪੂਆਂ ਵਾਲੇ ਵੀ ਆਪਣੇ ਮਨ ਦੀ ਖੁਸ਼ੀ ਲਈ ਕੋਈ ਨਾ ਕੋਈ ਪੰਜਾਬੀ ਟੋਟਕਾ ਲੱਭ ਹੀ ਲੈਂਦੇ ਹਨ ਜਿਵੇਂ ਇਕ ਟੈਂਪੂ ਵਾਲੇ ਨੇ ਪਿਛੇ ਲਿਖਵਾਇਆ ਹੋਇਆ ਸੀ-
ਵੱਡਾ ਹੋ ਕੇ, ਮੈਂ ਵੀ ਟਰੱਕ ਬਣਾਂਗਾ।
ਕਈ ਟਰੱਕਾਂ ਪਰ ਤਾਂ ਇਹ ਟੋਟਕੇ ਦੇਖਣ ਨੂੰ ਬਹੁਤ ਹੀ ਮਿਲਦੇ ਹਨ ਜਿਵੇਂ-
ਹੱਥ ਨਾ ਲਾਅ-ਦੇਖੀ ਜਾ,
ਜਾਂ
ਦੇਖੀ ਜਾ ਛੇੜੀ ਨਾ।
ਜਾਂ
ਬੁਰੀ ਨਜ਼ਰ ਵਾਲੇ-ਤੇਰਾ ਮੂੰਹ ਕਾਲਾ
ਕਈ ਡਰਾਇਵਰ ਆਪਣੀ ਗੱਡੀ ਤੇ ਮਾਣ ਕਰਦੇ ਹੋਏ ਦੂਜਿਆਂ ਨੂੰ ਵੀ ਤਰੱਕੀ ਕਰਨ ਦੀ ਪ੍ਰੇਰਣਾ ਦਿੰਦੇ ਹਨ ਅਤੇ ਲਿਖਵਾਉਂਦੇ ਹਨ-
ਸੜ ਨਾ-ਰੀਸ ਕਰ।
ਕਈ ਡਰਾਇਵਰ ਆਪਣੀਆਂ ਗੱਡੀਆਂ ਵਿਚ ਸਫਾਈ ਦਾ ਧਿਆਨ ਰੱਖਦੇ ਹੋਏ ਪਿਛੇ ਵੀ ਲਿਖਵਾ ਲੈਂਦੇ ਹਨ-
22 ਜੀ-ਜੁੱਤੀ ਝਾੜ ਕੇ।
ਕਈ ਦੂਜੇ ਚੱਲਣ ਤੋਂ ਪਹਿਲਾਂ ਪ੍ਰਮਾਤਮਾ ਨੂੰ ਯਾਦ ਕਰਦੇ ਹਨ ਅਤੇ ਆਪਣੀ ਖਿੜਕੀ ਪਾਸ ਲਿਖਵਾ ਵੀ ਲੈਂਦੇ ਹਨ-
ਵਾਹਿਗੁਰੂ ਬੋਲ-ਤਾਕੀ ਖੋਲ੍ਹ।
ਜਿਹੜੇ ਡਰਾਇਵਰ ਲੰਬੇ ਸਮੇਂ ਬਾਅਦ ਘਰ ਜਾਂਦੇ ਹਨ ਤਾਂ ਪਿਛੇ ਪਰਿਵਾਰਾਂ ਵਿਚ ਉਨ੍ਹਾਂ ਦੀਆਂ ਘਰਵਾਲੀਆਂ ਆਪਣੇ ਪ੍ਰਦੇਸੀ ਢੋਲ ਦੀ ਉਡੀਕ ਵਿਚ ਰਹਿੰਦੀਆਂ ਹਨ ਤਾਂ ਹੀ ਟਰੱਕਾਂ ਪਿਛੇ ਲਿਖਿਆ ਹੁੰਦਾ ਏ-
ਰੋਜ਼ ਰਾਹ ਤੱਕਦੀਆਂ ਨੇ-ਜਿਹਨਾਂ ਦੇ ਢੋਲ ਪ੍ਰਦੇਸੀ।
ਕਈ ਟਰੱਕਾਂ ਪਰ ਤਾਂ ਸਮਾਜਿਕ ਨਾਹਰੇ ਵੀ ਬਹੁਤ ਹੀ ਖੂਬਸੂਰਤੀ ਨਾਲ ਲਿਖਵਾਏ ਹੁੰਦੇ ਹਨ ਜੋ ਬਾਕੀਆਂ ਲਈ ਵੀ ਪ੍ਰੇਰਣਾ ਸਰੋਤ ਬਣਦੇ ਹਨ -
ਪਾਪਾ ਜੀ ਨਾ ਪੀਓ ਸ਼ਰਾਬ-ਮੈਨੂੰ ਲੈ ਦਿਓ ਇਕ ਕਿਤਾਬ।
ਜਾਂ
ਨਸ਼ਿਆਂ ਨਾਲ ਯਾਰੀ, ਮੌਤ ਦੀ ਤਿਆਰੀ।
ਇਸ ਤਰ੍ਹਾਂ ਨਸ਼ਿਆਂ ਤੋਂ ਬਚਣ ਲਈ ਆਪਣੇ ਦੂਜੇ ਸਾਥੀ ਡਰਾਈਵਰਾਂ ਲਈ ਸਿੱਖਿਆ ਦਾ ਸਾਧਨ ਬਣਦਾ ਹੈ, ਟਰੱਕ ਪਿਛੇ ਲਿਖਵਾਇਆ ਇਹ ਟੋਟਕਾ-
ਰੱਬ ਕਿਸੇ ਦਾ ਵੈਰੀ ਨਹੀਂ-ਵੈਰੀ ਤੇਰੇ ਐਬ ਬੰਦਿਆ।
ਇਸੇ ਤਰ੍ਹਾਂ ਲੰਬੇ ਰੂਟ ਤੇ ਚਲਦਿਆਂ, ਸਪੀਡ ਨੂੰ ਕੰਟਰੋਲ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ, ਸਪੀਡ ਨੂੰ ਕੰਟਰੋਲ ਵਿਚ ਰੱਖਣ ਲਈ ਯਾਦ ਕਰਵਾਉਂਦੇ ਟੋਟਕੇ ਹਨ-
ਤੇਜ਼ ਰਫਤਾਰੀ-ਮੌਤ ਦੀ ਤਿਆਰੀ।
ਜਾਂ
ਕਾਹਲੀ ਨਾਲੋਂ ਦੇਰ ਭਲੀ।
ਡਰਾਈਵਰੀ ਸਮੇਂ ਡਰਾਇਵਰਾਂ ਦਾ ਚੁਕੰਨਾ ਹੋਣਾ ਬਹੁਤ ਜ਼ਰੂਰੀ ਹੈ, ਹਰ ਸਮੇਂ ਨਿਗਾਹ ਸੜਕ ਤੇ ਰੱਖਣੀ ਪੈਂਦੀ ਹੈ, ਅੱਗੇ ਵੀ ਦੇਖਣਾ, ਸ਼ੀਸ਼ਿਆਂ ਰਾਹੀਂ ਖੱਬੇ-ਸੱਜੇ ਅਤੇ ਪਿਛੇ ਵੀ ਦੇਖਣਾ ਹੁੰਦਾ ਹੈ ਤਾਂ ਹੀ ਤਾਂ ਟਰੱਕ ਪਿਛੇ ਲਿਖਵਾ ਰੱਖਿਆ ਹੁੰਦਾ ਹੈ-
ਨਜ਼ਰ ਹਟੀ-ਦੁਰਘਟਨਾ ਘਟੀ।
ਭਾਵੇਂ ਬੁਰੀ ਨਜ਼ਰ ਵਾਲੀ ਗੱਲ ਵਹਿਮ ਹੀ ਹੋਵੇ ਪਰ ਡਰਾਇਵਰ ਆਪਣੀਆਂ ਨਵੀਆਂ ਸੋਹਣੀਆਂ ਗੱਡੀਆਂ ਨੂੰ ਬੁਰੀਆਂ ਨਜ਼ਰਾਂ ਤੋਂ ਬਚਾਉਣ ਲਈ ਕਦੇ ਨਜ਼ਰ ਬੱਟੂ ਅਤੇ ਕਦੇ ਟੁੱਟਿਆ ਛਿੱਤਰ ਟੰਗ ਲੈਂਦੇ ਹਨ ਪਰ ਕਈਆਂ ਨੇ ਤਾਂ ਪਿਛੇ ਲਿਖਵਾ ਰੱਖਿਆ ਹੁੰਦਾ ਹੈ'
9 ਕੇ ਫੁੱਲ-13 ਕੀ ਮਾਲਾ-ਬੁਰੀ ਨਜ਼ਰ ਵਾਲੇ ਤੇਰਾ ਮੂੰਹ ਕਾਲਾ।
ਕਈ ਵਾਰ ਗੱਡੀਆਂ ਦੇ ਸਿਲੈਸਰਾਂ ਦੇ ਗਰਮ ਹੋਣ ਤੇ ਜੇ ਅਚਾਨਕ ਹੱਥ ਲੱਗ ਜਾਵੇ ਤਾਂ ਹੱਥ ਸੜ੍ਹ ਜਾਂਦਾ ਹੈ। ਇਸ ਦੇ ਬਚਾਓ ਦੇ ਲਈ ਸਿਲੰਸਰ ਪਰ ਹੀ ਲਿਖਵਾ ਦਿੱਤਾ ਜਾਂਦਾ ਹੈ-
ਹਾਏ ਤੱਤਾ।
ਪੰਜਾਬੀ ਟੋਟਕੇ ਲਿਖਵਾਉਣ ਵਾਲੇ ਡਰਾਇਵਰਾਂ ਦੇ ਇਹ ਸ਼ੌਂਕ ਦੇਖ ਹੁਣ ਤਾਂ ਪਿੰਡਾਂ ਵਿਚ ਕਿਸਾਨ ਵੀਰ ਆਪਣੀਆਂ ਟਰੈਕਟਰ-ਟਰਾਲੀਆਂ ਪਿਛੇ ਵੀ ਲਿਖਵਾਉਣ ਲੱਗੇ ਹਨ ਜਿਵੇਂ ਇਕ ਟਰਾਲੀ ਦੇ ਪਿਛੇ ਲਿਖਿਆ ਸੀ-
ਮੈਨੂੰ ਖਿਚ ਲੈ ਵੈਰੀਆ।
ਕੁਝ ਵੀ ਹੋਵੇ, ਜਿੱਥੇ ਇਹ ਟੋਟਕੇ ਕਈ ਨਵੀਂ ਸੇਧ ਦਿੰਦੇ ਹਨ, ਪੜ੍ਹਨ ਵਾਲਿਆਂ ਦਾ ਮਨੋਰੰਜਨ ਕਰਦੇ ਹਨ ਉਥੇ ਆਪਣੀ ਮਾਤ ਭਾਸ਼ਾ ਪੰਜਾਬੀ ਦਾ ਸਤਿਕਾਰ ਵੀ ਕਰਦੇ ਹਨ। ਚੰਗੀ ਸੋਚ ਲਈ ਸਭ ਡਰਾਇਵਰਾਂ ਦਾ ਧੰਨਵਾਦ।
ਬਹਾਦਰ ਸਿੰਘ ਗੋਸਲ
ਮਕਾਨ ਨੰ: 3098, ਸੈਕਟਰ-37ਡੀ,
ਚੰਡੀਗੜ੍ਹ। ਮੋਬਾ. ਨੰ: 98764-52223