ਪਟਨਾ, (ਏਜੰਸੀਆਂ)- ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਭਾਜਪਾ ਦੇ ਖਿਲਾਫ ਬਿਹਾਰ ਵਿਚ ਵੀ ਉੱਤਰ ਪ੍ਰਦੇਸ਼ ਵਾਂਗ ‘ਫਰੰੰਟ ਫੁੱਟ’ ਉਤੇ ਖੇਡਣ ਦਾ ਦਾਅਵਾ ਕਰਦਿਆਂ ਅੱਜ ਕਿਹਾ ਕਿ ਜੇ ਕੇਂਦਰ ਵਿਚ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਬਣੀ ਤਾਂ ਉਹ ਪੂਰੇ ਦੇਸ਼ ਦੇ ਕਿਸਾਨਾਂਂ ਦਾ ਕਰਜ਼ਾ ਮੁਆਫ ਕਰਨ ਦੇ ਨਾਲ ਹੀ ਗਰੀਬਾਂ ਨੂੰ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਵੇਗੀ। ਰਾਹੁਲ ਨੇ 30 ਸਾਲ ਬਾਅਦ ਇਤਿਹਾਸਕ ਗਾਂਧੀ ਮੈਦਾਨ ਵਿਚ ਹੋਈ ਕਾਂਗਰਸ ਦੀ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਕਾਂਗਰਸ ਜਿਸ ਤਰ੍ਹਾਂ ਉੱਤਰ ਪ੍ਰਦੇਸ਼ ਵਿਚ ਫਰੰਟ ਫੁੱਟ ’ਤੇ ਹੈ, ਉਵੇਂ ਹੀ ਬਿਹਾਰ ਵਿਚ ਵੀ ਉਹ ਰਾਸ਼ਟਰੀ ਜਨਤਾ ਦਲ (ਰਾਜਦ) ਪ੍ਰਧਾਨ ਲਾਲੂ ਪ੍ਰਸਾਦ ਯਾਦਵ ਅਤੇ ਉਨ੍ਹਾਂ ਦੇ ਪੁੱਤਰ ਅਤੇ ਨੇਤਾ ਵਿਰੋਧੀ ਧਿਰ ਤੇਜਸਵੀ ਪ੍ਰਸਾਦ ਯਾਦਵ ਨੂੰ ਨਾਲ ਲੈ ਕੇ ਫਰੰਟ ਫੁੱਟ ’ਤੇ ਹੀ ਖੇਡੇਗੀ।’’
ਉਨ੍ਹਾਂ ਦਾਅਵਾ ਕੀਤਾ, ‘‘ਅਸੀਂ ਸਾਰੇ ਇੱਜ਼ਤ ਤੇ ਪਿਆਰ ਨਾਲ ਮਿਲ ਕੇ ਲੋਕ ਸਭਾ ਅਤੇ ਉਸ ਤੋਂ ਬਾਅਦ ਬਿਹਾਰ ਵਿਧਾਨ ਸਭਾ ਚੋਣਾਂ ਵਿਚ ਗਠਜੋੜ ਦੀ ਸਰਕਾਰ ਬਣਾਉਣ ਜਾ ਰਹੇ ਹਾਂ।’’ ਕਾਂਗਰਸ ਬਿਹਾਰ ਵਿਚ ‘ਜਨ ਅਕਾਂਕਸ਼ਾ ਰੈਲੀ’ ਦੇ ਬਹਾਨੇ ਆਪਣੀ ਸਥਿਤੀ ਮਜ਼ਬੂਤ ਕਰਨ ਵਿਚ ਜੁਟੀ ਹੈ। ਇਸ ਦੇ ਤਹਿਤ ਹੀ ਪਾਰਟੀ ਨੇ 30 ਸਾਲ ਬਾਅਦ ਅੱਜ ਪਟਨਾ ਦੇ ਗਾਂਧੀ ਮੈਦਾਨ ਵਿਚ ਰੈਲੀ ਦਾ ਆਯੋਜਨ ਕੀਤਾ। ਇਸ ਰੈਲੀ ਵਿਚ ਰਾਜਦ ਦੇ ਤੇਜਸਵੀ ਯਾਦਵ ਸਮੇਤ ਮਹਾ ਗਠਜੋੜ ਦੇ ਹੋਰ ਨੇਤਾ ਸ਼ਾਮਲ ਹੋਏ। ਰੈਲੀ ਨੂੰ ਸੰਬੋਧਨ ਕਰਦਿਆਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਮੋਦੀ ਸਰਕਾਰ ’ਤੇ ਜੰਮ ਕੇ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਨੇ ਬਜਟ ਵਿਚ ਕਿਸਾਨਾਂ ਲਈ ਕੀਤੇ ਗਏ ਐਲਾਨਾਂ ਨੂੰ ਉਨ੍ਹਾਂ ਦਾ ਅਪਮਾਨ ਦੱਸਿਆ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ਮੋਦੀ ਸਰਕਾਰ ਪੂੰਜੀਪਤੀਆਂ ਲਈ ਤਾਂ ਖੂਬ ਪੈਸੇ ਦਿੰਦੀ ਹੈ ਪਰ ਕਿਸਾਨਾਂ ਨੂੰ ਸਿਰਫ 17 ਰੁਪਏ ਦਿੰਦੀ ਹੈ। ਇਹ ਕਿਸਾਨਾਂ ਦਾ ਅਪਮਾਨ ਹੈ। ਰਾਹੁਲ ਗਾਂਧੀ ਨੇ ਮੋਦੀ ਸਰਕਾਰ ’ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਨੋਟਬੰਦੀ ਦੁਨੀਆ ਦਾ ਸਭ ਤੋਂ ਵੱਡਾ ਘਪਲਾ ਹੈ। ਮੋਦੀ ਕਹਿੰਦੇ ਹਨ ਕਿ ਹਰ ਵਿਅਕਤੀ ਨੂੰ 15 ਲੱਖ ਰੁਪਏ ਦੇਵਾਂਗੇ ਪਰ ਇਥੇ ਕੋਈ ਅਜਿਹਾ ਹੈ, ਜਿਸ ਨੂੰ ਮਿਲਿਆ ਹੈ। ਉਨ੍ਹਾਂ ਕਿਹਾ ਕਿ ਬਿਹਾਰ ਵਿਚ ਵਿਰੋਧੀ ਧਿਰ ਦੀ ਸਰਕਾਰ ਆਉਣ ਵਾਲੀ ਹੈ। ਮੋਦੀ ਜੀ ਜਿਥੇ ਜਾਂਦੇ ਹਨ ਵੱਡੇ-ਵੱਡੇ ਵਾਅਦੇ ਕਰ ਜਾਂਦੇ ਹਨ। ਨਿਤੀਸ਼ ਜੀ ਦੀ ਵੀ ਇਹੀ ਆਦਤ ਹੈ ਪਰ ਵਾਅਦੇ ਪੂਰੇ ਨਹੀਂ ਕੀਤੇ ਜਾਂਦੇ ਹਨ।
ਮਮਤਾ ਧਰਨੇ ਵਾਲੀ ਥਾਂ 'ਤੇ ਕਰੇਗੀ ਕੈਬਨਿਟ ਦੀ ਬੈਠਕ (ਪੜੋ 4 ਫਰਵਰੀ ਦੀਆਂ ਖਾਸ ਖਬਰਾਂ)
NEXT STORY