ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉਤਸ਼ਾਹੀ ਸਮਾਜਿਕ ਪ੍ਰੋਗਰਾਮ 'ਬੇਟੀ ਬਚਾਓ, ਬੇਟੀ ਪੜ੍ਹਾਓ' (ਬੀ.ਬੀ.ਬੀ.ਪੀ.) ਲਾਗੂ ਕਰਨ ਵਾਲੇ 161 ਜ਼ਿਲਿਆਂ 'ਚੋਂ 104 'ਚ ਲਿੰਗ ਅਨੁਪਾਤ 'ਚ ਵਾਧਾ ਦਰਜ ਕੀਤਾ ਗਿਆ ਹੈ। ਅਧਿਕਾਰਤ ਜਾਣਕਾਰੀ ਅਨੁਸਾਰ ਇਸ ਪ੍ਰੋਗਰਾਮ 'ਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਜ਼ਿਲਿਆਂ 'ਚ ਸਿੱਕਮ 'ਚ ਉੱਤਰੀ ਜ਼ਿਲਾ, ਹਰਿਆਣਾ 'ਚ ਕਰਨਾਲ ਅਤੇ ਰੇਵਾੜੀ, ਤਾਮਿਲਨਾਡੂ 'ਚ ਕੁੱਡਾਲੋਰ, ਉੱਤਰ ਪ੍ਰਦੇਸ਼ 'ਚ ਗਾਜ਼ੀਆਬਾਦ ਅਤੇ ਪੰਜਾਬ 'ਚ ਮਨਸਾ ਸ਼ਾਮਲ ਹੈ। ਰਾਜ ਪੱਧਰ 'ਤੇ ਹਰਿਆਣਾ ਅਤੇ ਰਾਜਸਥਾਨ 'ਚ ਬਿਹਤਰ ਨਤੀਜੇ ਸਾਹਮਣੇ ਆਏ ਹਨ। ਸੂਤਰਾਂ ਨੇ ਦੱਸਿਆ ਕਿ ਯੋਜਨਾ ਦਾ ਪ੍ਰਦਰਸ਼ਨ ਬਹੁਤ ਹੱਦ ਤੱਕ ਵਿਅਕਤੀ ਦੇ ਉਤਸ਼ਾਹ ਅਤੇ ਜ਼ਿਲਾ ਕਲੈਕਟਰਾਂ 'ਤੇ ਨਿਰਭਰ ਕਰਦਾ ਹੈ। ਸ਼ਾਨਦਾਰ ਕੰਮ ਲਈ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਨੇ 10 ਜ਼ਿਲਿਆਂ ਨੂੰ ਸਨਮਾਨਤ ਕੀਤਾ ਹੈ। ਇਨ੍ਹਾਂ ਜ਼ਿਲਿਆਂ 'ਚ ਮਹਾਰਾਸ਼ਟਰ ਦਾ ਜਲਗਾਓਂ, ਜੰਮੂ-ਕਸ਼ਮੀਰ ਦਾ ਕਠੁਆ, ਰਾਜਸਥਾਨ ਦੇ ਝੁੰਝੁਨੂੰ, ਮਹਾਰਾਸ਼ਟਰ ਦਾ ਓਸਮਾਨਾਬਾਦ, ਮੱਧ ਪ੍ਰਦੇਸ਼ ਦਾ ਗਵਾਲੀਅਰ, ਤਾਮਿਲਨਾਡੂ ਦਾ ਕੁੱਡਾਲੋਰ, ਛੱਤੀਸਗੜ੍ਹ ਦਾ ਰਾਏਗੜ੍ਹ, ਹਰਿਆਣਾ ਦਾ ਯਮੁਨਾਨਗਰ ਅਤੇ ਪੰਜਾਬ ਦਾ ਮਨਸਾ ਸ਼ਾਮਲ ਹਨ।
ਬੀ.ਬੀ.ਬੀ.ਪੀ. ਪ੍ਰੋਗਰਾਮ ਪਹਿਲੇ ਸਾਲ 100 ਜ਼ਿਲਿਆਂ 'ਚ ਸ਼ੁਰੂ ਕੀਤਾ ਗਿਆ ਸੀ ਅਤੇ ਇਸੇ ਸਾਲ ਦੇ ਅੰਤ ਤੱਕ 58 ਜ਼ਿਲਿਆਂ 'ਚ ਜਨਮ ਦੇ ਸਮੇਂ ਲਿੰਗ ਅਨੁਪਾਤ 'ਚ ਵਾਧਾ ਦੇਖਿਆ ਗਿਆ। ਦੂਜੇ ਸਾਲ 'ਚ ਯੋਜਨਾ 161 ਜ਼ਿਲਿਆਂ 'ਚ ਸ਼ੁਰੂ ਕੀਤੀ ਗਈ, ਜਿਨ੍ਹਾਂ 'ਚੋਂ 104 ਜ਼ਿਲਿਆਂ 'ਚ ਜਨਮ ਦੇ ਸਮੇਂ ਲਿੰਗ ਅਨੁਪਾਤ 'ਚ ਵਾਧਾ ਦਰਜ ਕੀਤਾ ਗਿਆ ਹੈ। ਅਧਿਕਾਰੀਆਂ ਅਨੁਸਾਰ ਪੱਛਮੀ ਬੰਗਾਲ ਨੂੰ ਛੱਡ ਕੇ ਸਾਰੇ ਰਾਜਾਂ ਨੇ ਬੇਟੀ ਬਚਾਓ, ਬੇਟੀ ਪੜ੍ਹਾਓ ਪ੍ਰੋਗਰਾਮ ਨੂੰ ਲਾਗੂ ਕੀਤਾ ਹੈ। ਕੁਝ ਜ਼ਿਲਿਆਂ ਦੇ ਜਨਮ ਦੇ ਸਮੇਂ ਲਿੰਗ ਅਨੁਪਾਤ 'ਚ ਨਕਾਰਾਤਮਕ ਰੁਝਾਨ ਦੇਖਣ ਨੂੰ ਮਿਲਿਆ ਹੈ। ਇਨ੍ਹਾਂ ਜ਼ਿਲਿਆਂ 'ਚ ਉੱਤਰ ਪ੍ਰਦੇਸ਼ ਦਾ ਇਟਾਵਾ, ਸਹਾਰਨਪੁਰ ਅਤੇ ਬਿਜਨੌਰ ਅਤੇ ਉਤਰਾਖੰਡ ਦਾ ਪਿਥੌਰਾਗੜ੍ਹ ਅਤੇ ਹਰਿਦੁਆਰ ਅਤੇ ਪੱਛਮੀ ਬੰਗਾਲ ਦਾ ਕੋਲਕਾਤਾ ਸ਼ਾਮਲ ਹੈ।
ਨੌਜਵਾਨਾਂ ਨੇ ਕਾਲ ਗਰਲ ਦੀ ਸ਼ਰਾਬ ਪਿਲਾ ਕੇ ਕੀਤੀ ਹੱਤਿਆ, 2 ਕਾਬੂ
NEXT STORY