ਪੋਲਾਵਰਮ/ਭਦਰਚਲਮ : ਆਂਧਰਾ ਪ੍ਰਦੇਸ਼-ਤੇਲੰਗਾਨਾ ਸਰਹੱਦ ’ਤੇ ਸਥਿਤ ਪੋਲਾਵਰਮ ਜ਼ਿਲ੍ਹੇ ਦੇ ਏਟਾਪਾਕਾ ਮੰਡਲ ਵਿੱਚ ਸ਼ੁੱਕਰਵਾਰ ਨੂੰ ਇੱਕ ਬੇਹੱਦ ਮੰਦਭਾਗਾ ਹਾਦਸਾ ਵਾਪਰਿਆ ਹੈ। ਇੱਥੇ ਪੁਰਸ਼ੋਤਮਪਟਨਮ ਰੇਵੂ (ਘਾਟ) ਦੇ ਕੋਲ ਗੋਦਾਵਰੀ ਨਦੀ ਵਿੱਚ ਨਹਾਉਣ ਗਏ ਇੱਕ ਨਿੱਜੀ ਯੂਨੀਵਰਸਿਟੀ ਦੇ ਪੰਜ ਇੰਜੀਨੀਅਰਿੰਗ ਵਿਦਿਆਰਥੀ ਡੁੱਬ ਗਏ। ਪੁਲਸ ਮੁਤਾਬਕ ਹੁਣ ਤੱਕ ਤਿੰਨ ਵਿਦਿਆਰਥੀਆਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ, ਜਦਕਿ ਦੋ ਹੋਰ ਅਜੇ ਵੀ ਲਾਪਤਾ ਹਨ।
ਜਾਣਕਾਰੀ ਅਨੁਸਾਰ, SRM ਯੂਨੀਵਰਸਿਟੀ ਵਿੱਚ ਬੀ-ਟੈਕ ਦੂਜੇ ਸਾਲ ਦੀ ਪੜ੍ਹਾਈ ਕਰ ਰਹੇ 7 ਵਿਦਿਆਰਥੀਆਂ ਦਾ ਇੱਕ ਸਮੂਹ ਘੁੰਮਣ ਲਈ ਇੱਕ ਮੰਦਰ ਵਿੱਚ ਗਿਆ ਸੀ। ਮੰਦਰ ਵਿੱਚ ਦਰਸ਼ਨ ਕਰਨ ਤੋਂ ਬਾਅਦ, ਉਹ ਨਦੀ ਵਿੱਚ ਡੁਬਕੀ ਲਗਾਉਣ ਲਈ ਚਲੇ ਗਏ। ਉਨ੍ਹਾਂ ਨੇ ਆਪਣੀ ਕਾਰ ਨਦੀ ਦੇ ਕਿਨਾਰੇ ਖੜ੍ਹੀ ਕੀਤੀ ਅਤੇ ਪਾਣੀ ਵਿੱਚ ਉਤਰ ਗਏ।
ਪੋਲਾਵਰਮ ਦੇ ਡਿਪਟੀ DSP ਐਮ. ਵੈਂਕਟੇਸ਼ਵਰ ਨੇ ਦੱਸਿਆ ਕਿ ਵਿਦਿਆਰਥੀ ਇਹ ਸੋਚ ਕੇ ਨਦੀ ਵਿੱਚ ਉਤਰੇ ਸਨ ਕਿ ਪਾਣੀ ਘੱਟ ਡੂੰਘਾ ਹੋਵੇਗਾ, ਪਰ ਉਹ ਨਦੀ ਦੀ ਮੌਜੂਦਾ ਸਥਿਤੀ ਤੋਂ ਅਣਜਾਣ ਸਨ। ਪੰਜ ਵਿਦਿਆਰਥੀ ਨਦੀ ਦੇ ਤੇਜ਼ ਵਹਾਅ ਅਤੇ ਭੰਵਰ (Whirlpool) ਵਿੱਚ ਫਸ ਗਏ। ਇਨ੍ਹਾਂ ਵਿੱਚੋਂ ਦੋ ਵਿਦਿਆਰਥੀ, ਦੀਪਕ ਅਤੇ ਹਰਸ਼ਾ, ਤੈਰਨਾ ਜਾਣਦੇ ਹੋਣ ਕਾਰਨ ਕਿਨਾਰੇ ਤੱਕ ਪਹੁੰਚਣ ਵਿੱਚ ਸਫਲ ਰਹੇ ਅਤੇ ਆਪਣੀ ਜਾਨ ਬਚਾ ਲਈ।
ਸਥਾਨਕ ਲੋਕਾਂ ਅਤੇ ਮਾਹਰ ਗੋਤਾਖੋਰਾਂ ਦੀ ਮਦਦ ਨਾਲ ਅਭਿਰਾਮ, ਸ਼੍ਰੀਕਰ ਅਤੇ ਨਵਦੀਪ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਜਦਕਿ ਸਤੀਸ਼ ਕੁਮਾਰ ਅਤੇ ਤੇਜਾ ਦੀ ਭਾਲ ਲਈ ਸਰਚ ਆਪ੍ਰੇਸ਼ਨ ਅਜੇ ਵੀ ਜਾਰੀ ਹੈ। ਮ੍ਰਿਤਕ ਵਿਦਿਆਰਥੀ ਭਦਰਚਲਮ ਅਤੇ ਮਦਨਪੱਲੇ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ।
ਘਟਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਲਾਪਤਾ ਵਿਦਿਆਰਥੀਆਂ ਦੀ ਭਾਲ ਲਈ ਚੱਲ ਰਹੀ ਮੁਹਿੰਮ ਨੂੰ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ ਹਨ। ਬਰਾਮਦ ਕੀਤੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭਦਰਚਲਮ ਦੇ ਸਰਕਾਰੀ ਹਸਪਤਾਲ ਭੇਜ ਦਿੱਤਾ ਗਿਆ ਹੈ।
ਵਿਆਹ ਦਾ ਝਾਂਸਾ ਦੇ ਕੇ ਬਣਾਏ ਜਿਨਸੀ ਸਬੰਧ, ਕੇਰਲ ’ਚ ਮਾਕਪਾ ਨੇਤਾ ’ਤੇ FIR ਦਰਜ
NEXT STORY