ਗਵਾਲੀਅਰ (ਭਾਸ਼ਾ)- ਮੱਧ ਪ੍ਰਦੇਸ਼ ਦੇ ਗਵਾਲੀਅਰ ਜ਼ਿਲ੍ਹੇ 'ਚ ਸੋਸ਼ਲ ਮੀਡੀਆ 'ਤੇ ਦੋਸਤ ਬਣੇ ਇਕ ਵਿਅਕਤੀ ਨੇ 13 ਸਾਲਾ ਕੁੜੀ ਨਾਲ ਚੱਲਦੀ ਕਾਰ 'ਚ ਜਬਰ ਜ਼ਿਨਾਹ ਕੀਤਾ, ਜਦੋਂ ਕਿ ਇਕ ਹੋਰ ਵਿਅਕਤੀ ਨੇ ਇਸ ਦਾ ਵੀਡੀਓ ਬਣਾ ਲਿਆ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਇਕ ਅਧਿਕਾਰੀ ਨੇ ਦੱਸਿਆ ਕਿ ਪੁਲਸ ਨੇ ਘਟਨਾ ਦੇ ਸਿਲਸਿਲੇ 'ਚ ਤਿੰਨ 'ਚੋਂ 2 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਅਧਿਕਾਰੀ ਅਨੁਸਾਰ ਘਟਨਾ ਇਕ ਜੂਨ ਨੂੰ ਮੋਹਨਾ ਪੁਲਸ ਥਾਣਾ ਖੇਤਰ 'ਚ ਹੋਈ ਪਰ ਵੀਰਵਾਰ ਇਸ ਸੰਬੰਧ 'ਚ ਸ਼ਿਕਾਇਤ ਦਰਜ ਕਰਵਾਈ ਗਈ। ਐਡੀਸ਼ਨਲ ਪੁਲਸ ਸੁਪਰਡੈਂਟ (ਏ.ਐੱਸ.ਪੀ.) ਨਿਰੰਜਨ ਸ਼ਰਮਾ ਨੇ ਦੱਸਿਆ ਕਿ ਜਮਾਤ 9 ਦੀ ਵਿਦਿਆਰਥਣ ਨੇ ਇੰਸਟਾਗ੍ਰਾਮ 'ਤੇ ਇਕ ਵਿਅਕਤੀ ਨਾਲ ਦੋਸਤ ਕੀਤੀ, ਜਿਸ ਨੇ ਉਸ ਦੀ ਪਛਾਣ ਦੂਜੇ ਵਿਅਕਤੀ ਨਾਲ ਕਰਵਾਇਆ। ਦੋਹਾਂ ਨੇ ਸੋਸ਼ਲ ਮੀਡੀਆ 'ਤੇ ਉਸ ਨਾਲ ਗੱਲ ਕੀਤੀ।
ਸ਼ਰਮਾ ਅਨੁਸਾਰ ਇਕ ਜੂਨ ਨੂੰ ਦੋਵੇਂ ਵਿਅਕਤੀ ਆਪਣੇ ਇਕ ਹੋਰ ਸਾਥੀ ਨਾਲ ਕੁੜੀ ਨਾਲ ਉਸ ਦੇ ਪਿੰਡ 'ਚ ਮਿਲੇ ਅਤੇ ਉਸ ਨੂੰ ਆਪਣੇ ਨਾਲ ਕਾਰ 'ਚ ਘੁਮਾਉਣ ਲਈ ਲੈ ਗਏ। ਸ਼ਰਮਾ ਨੇ ਦੱਸਿਆ ਕਿ ਸ਼ਿਕਾਇਤ ਅਨੁਸਾਰ, ਦੋਸ਼ੀਆਂ 'ਚੋਂ ਇਕ ਨੇ ਕੁੜੀ ਨਾਲ ਜਬਰ ਜ਼ਿਨਾਹ ਕੀਤਾ ਅਤੇ ਦੂਜੇ ਨੇ ਇਸ ਦਾ ਵੀਡੀਓ ਬਣਾਇਆ, ਜਦੋਂ ਕਿ ਤੀਜਾ ਸਾਥੀ ਕਾਰ ਚਲਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਬਾਅਦ 'ਚ ਦੋਸ਼ੀਆਂ ਨੇ ਕੁੜੀ ਨੂੰ ਵਾਰ-ਵਾਰ ਮਿਲਣ ਲਈ ਬੁਲਾਇਆ ਅਤੇ ਵੀਡੀਓ ਪ੍ਰਸਾਰਿਤ ਕਰਨ ਦੀ ਧਮਕੀ ਦਿੱਤੀ। ਸ਼ਰਮਾ ਅਨੁਸਾਰ ਜਦੋਂ ਕੁੜੀ ਨੇ ਦੋਸ਼ੀਆਂ ਦੀਆਂ ਧਮਕੀਆਂ ਅੱਗੇ ਝੁਕਣ ਤੋਂ ਇਨਕਾਰ ਕਰ ਦਿੱਤਾ ਤਾਂ ਉਨ੍ਹਾਂ ਨੇ ਉਸ ਦਾ ਵੀਡੀਓ ਪ੍ਰਸਾਰਿਤ ਕਰ ਦਿੱਤਾ, ਜਿਸ ਨਾਲ ਉਸ ਦੇ ਪਰਿਵਾਰ ਨੂੰ ਇਸ ਘਟਨਾ ਬਾਰੇ ਪਤਾ ਲੱਗਾ। ਉਨ੍ਹਾਂ ਦੱਸਿਆ ਕਿ 2 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਅਪਰਾਧ 'ਚ ਸ਼ਾਮਲ ਤੀਜੇ ਦੋਸ਼ੀ ਦੀ ਭਾਲ ਜਾਰੀ ਹੈ। ਸ਼ਰਮਾ ਅਨੁਸਾਰ, ਅਪਰਾਧ 'ਚ ਇਸਤੇਮਾਲ ਮੋਬਾਇਲ ਫੋਨ ਅਤੇ ਕਾਰ ਜ਼ਬਤ ਕਰ ਲਈ ਗਈ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਮੋਹਲੇਧਾਰ ਮੀਂਹ ਕਾਰਨ ਪਾਣੀ ਨਾਲ ਭਰੀਆਂ ਸੜਕਾਂ, ਜਾਣੋ ਮੌਸਮ ਵਿਭਾਗ ਦੀ ਭਵਿੱਖਬਾਣੀ
NEXT STORY