ਚੰਡੀਗੜ੍ਹ— ਪੱਤਰਕਾਰ ਰਾਮਚੰਦਰ ਛੱਤਰਪਤੀ ਦੇ ਬੇਟੇ ਅੰਸ਼ੁਲ ਛੱਤਰਪਤੀ ਚੰਡੀਗੜ੍ਹ ਤੋਂ ਪ੍ਰੈੱਸ ਕਾਨਫਰੰਸ ਕਰ ਰਹੇ ਹਨ। ਅੰਸ਼ੁਲ ਨੇ ਕਿਹਾ,''ਮੈਨੂੰ ਮਾਣ ਹੈ ਕਿ ਮੈਂ ਪੱਤਰਕਾਰ ਰਾਮਚੰਦਰ ਛੱਤਰਪਤੀ ਦਾ ਬੇਟਾ ਹਾਂ।'' ਅੰਸ਼ੁਲ ਨੇ ਕਿਹਾ ਕਿ ਸਾਡੇ ਨਾਲ ਜਿੰਨੇ ਵੀ ਲੋਕ ਸੰਘਰਸ਼ ਕਰ ਰਹੇ ਸਨ, ਉਨ੍ਹਾਂ ਦੇ ਈਮਾਨ ਨੂੰ ਕੋਈ ਖਰੀਦ ਨਹੀਂ ਸਕਿਆ। ਅੰਸ਼ੁਲ ਨੇ ਕਿਹਾ,''ਰਾਮਚੰਦਰ ਜੀ ਦਾ ਜਨਮ ਪੰਜਾਬ 'ਚ ਹੋਇਆ ਸੀ। ਉਸ ਤੋਂ ਬਾਅਦ ਉਹ ਹਰਿਆਣਾ ਆ ਗਏ। ਉਨ੍ਹਾਂ ਦੇ ਪਿਤਾ ਇਕ ਕਿਸਾਨ ਸਨ। ਛੱਤਰਪਤੀ ਚਾਹੁੰਦੇ ਤਾਂ ਪਿਤਾ ਦੀ ਜ਼ਮੀਨ 'ਤੇ ਕਿਸਾਨੀ ਕਰ ਕੇ ਪੇਟ ਪਾਲ ਸਕਦੇ ਸਨ ਪਰ ਛੱਤਰਪਤੀ ਦਾ ਜਨੂੰਨ ਉਨ੍ਹਾਂ ਨੂੰ ਪੱਤਰਕਾਰੀ ਵੱਲ ਲੈ ਗਿਆ। ਉਨ੍ਹਾਂ ਨੇ ਲਾਅ ਦੀ ਡਿਗਰੀ ਲੈਣ ਤੋਂ ਬਾਅਦ ਸਿਰਸਾ ਦੇ ਅੰਦਰ ਵਕਾਲਤ ਵੀ ਕੀਤੀ ਸੀ। ਉਨ੍ਹਾਂ ਨੇ ਕਿਹਾ ਕਿ ਬਹੁਤ ਹੀ ਘੱਟ ਲੋਕ ਜਾਣਦੇ ਹਨ ਕਿ ਉਹ ਇਕ ਵਕੀਲ ਵੀ ਸਨ। ਉਨ੍ਹਾਂ ਨੇ ਵਕਾਲਤ ਛੱਡ ਦੁਬਾਰਾ ਪੱਤਰਕਾਰੀ ਵੱਲ ਆਪਣਾ ਰੁਖ ਕਰ ਲਿਆ।''
ਅੰਸ਼ੁਲ ਨੇ ਕਿਹਾ,'' ਛੱਤਰਪਤੀ ਨੂੰ ਕਿਹਾ ਗਿਆ ਸੀ ਕਿ ਅਖਬਾਰ ਦੀ ਆਪਣੀ ਹੱਦ ਹੁੰਦੀ ਹੈ ਅਤੇ ਉਨ੍ਹਾਂ ਨੂੰ ਉਸ ਹੱਦ ਦੇ ਅੰਦਰ ਰਹਿਣਾ ਪੈਂਦਾ ਹੈ। ਉਦੋਂ ਛੱਤਰਪਤੀ ਨੇ ਕਿਹਾ ਸੀ ਕਿ ਉਹ ਆਪਣਾ ਅਖਬਾਰ ਛਾਪਣਗੇ ਅਤੇ ਸਾਰੀਆਂ ਹੱਦਾਂ ਤੋੜਨਗੇ। 'ਪੂਰਾ ਸੱਚ' ਅਖਬਾਰ ਸਾਲ 2000 'ਚ ਸ਼ੁਰੂ ਹੋਈ ਸੀ। ਉਨ੍ਹਾਂ ਨੇ 2002 'ਚ ਡੇਰਾ ਸੱਚਾ ਸੌਦਾ ਦੇ ਸੱਚ ਨੂੰ ਸਾਰਿਆਂ ਸਾਹਮਣੇ ਲਿਆਉਣ ਦਾ ਫੈਸਲਾ ਕੀਤਾ। 2002 'ਚ ਇਕ ਗੁੰਮਨਾਮ ਚਿੱਠੀ ਆਈ ਸੀ, ਜਿਸ ਵਿਚ ਦੱਸਿਆ ਗਿਆ ਸੀ ਕਿ ਡੇਰੇ ਅੰਦਰ ਰਹਿ ਰਹੀਆਂ ਸਾਧਵੀਆਂ ਨਾਲ ਕਿਸ ਤਰ੍ਹਾਂ ਦਾ ਵਤੀਰਾ ਕੀਤਾ ਜਾ ਰਿਹਾ ਹੈ। ਫਿਰ ਉਨ੍ਹਾਂ ਨੇ ਡੇਰਾ ਸੱਚਾ ਸੌਦੇ ਬਾਰੇ ਲਿਖਣਾ ਸ਼ੁਰੂ ਕਰ ਦਿੱਤਾ। ਛੱਤਰਪਤੀ ਨੂੰ ਡਰਾਇਆ ਗਿਆ ਕਿ ਡੇਰਾ ਸੱਚਾ ਸੌਦਾ ਦਾ ਡਰ ਬਹੁਤ ਹੈ, ਤੁਸੀਂ ਇਸ ਤੋਂ ਪਿੱਛੇ ਹਟ ਜਾਓ ਤਾਂ ਅੱਗੋਂ ਉਨ੍ਹਾਂ ਨੇ ਇਕੋ ਗੱਲ ਕਹੀ ਮਰਨਾ ਸਾਰਿਆਂ ਨੇ ਹੈ, ਤੁਸੀਂ ਨਹੀਂ ਮਰੋਗੇ ਕੀ। ਉਨ੍ਹਾਂ ਨੂੰ ਡੇਰਾ ਸੱਚਾ ਸੌਦੇ ਦੇ ਗੁਰਗਿਆਂ ਵੱਲੋਂ ਗੋਲੀਆਂ ਮਾਰੀਆਂ ਗਈਆਂ ਸਨ, ਜਿਸ ਤੋਂ ਬਾਅਦ 21 ਨਵੰਬਰ 2002 ਨੂੰ ਉਨ੍ਹਾਂ ਦੀ ਮੌਤ ਹੋ ਗਈ। ਅੰਸ਼ੁਲ ਨੇ ਕਿਹਾ ਕਿ ਛੱਤਰਪਤੀ ਦੇ ਜਾਣ ਤੋਂ ਬਾਅਦ ਇਹ ਅਹਿਸਾਸ ਹੋਇਆ ਕਿ ਉਨ੍ਹਾਂ ਨੇ ਜੋ ਕੰਮ ਕੀਤਾ ਹੈ, ਉਹ ਬਹੁਤ ਵੱਡਾ ਹੈ ਅਤੇ ਜੋ ਉਹ ਜ਼ਿੰਮੇਵਾਰੀ ਛੱਡ ਕੇ ਗਏ ਹਨ, ਉਹ ਅਸੀਂ ਹੀ ਸੰਭਾਲਣੀ ਹੈ। 15-16 ਸਾਲ ਦੇ ਅੰਦਰ ਬਹੁਤ ਸਾਰੇ ਉਤਾਰ-ਚੜ੍ਹਾਵ ਦੇਖੇ।''
ਜ਼ਿਕਰਯੋਗ ਹੈ ਕਿ ਪੱਤਰਕਾਰ ਰਾਮਚੰਦਰ ਛੱਤਰਪਤੀ ਦੇ ਕਤਲ ਕੇਸ 'ਚ ਰਾਮ ਰਹੀਮ ਨੂੰ 17 ਜਨਵਰੀ ਨੂੰ ਪੰਚਕੂਲਾ ਦੀ ਸੀ.ਬੀ.ਆਈ. ਕੋਰਟ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਬੀਤੀ 11 ਜਨਵਰੀ ਨੂੰ ਰਾਮ ਰਹੀਮ ਤੋਂ ਇਲਾਵਾ ਕੁਲਦੀਪ ਸਿੰਘ, ਨਿਰਮਲ ਸਿੰਘ ਅਤੇ ਕਿਸ਼ਨ ਲਾਲ ਨੂੰ ਦੋਸ਼ੀ ਠਹਿਰਾਇਆ ਗਿਆ ਸੀ। ਇਸ ਤੋਂ ਬਾਅਦ 17 ਜਨਵਰੀ ਨੂੰ ਇਨ੍ਹਾਂ ਨੂੰ ਕੋਰਟ ਨੇ ਉਮਰ ਕੈਦ ਦੀ ਸਜ਼ਾ ਸੁਣਾਈ।
ਮੀਂਹ ਕਾਰਨ ਦਿੱਲੀ 'ਚ ਦਿਨੇ ਛਾਇਆ ਹਨੇਰਾ
NEXT STORY