ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਧੀ ਨਾਲ ਠੱਗੀ ਕਰਨ ਦੇ ਦੋਸ਼ 'ਚ 3 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਸੋਮਵਾਰ ਨੂੰ ਦੱਸਿਆ ਕਿ ਇਸ ਮਾਮਲੇ 'ਚ ਤਕਨੀਕੀ ਨਿਗਰਾਨੀ ਦੇ ਆਧਾਰ 'ਤੇ ਭਰਤਪੁਰ-ਮਥੁਰਾ ਸਰਹੱਦ ਤੋਂ ਸਾਜ਼ਿਦ (26), ਕਪਿਲ (18) ਅਤੇ ਮਨਵਿੰਦਰ ਸਿੰਘ (25) ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸਾਜ਼ਿਦ ਹਰਿਆਣਾ ਦੇ ਨੂੰਹ ਦਾ ਵਾਸੀ ਹੈ, ਜਦੋਂ ਕਿ ਕਪਿਲ ਅਤੇ ਸਿੰਘ ਮਥੁਰਾ ਦੇ ਰਹਿਣ ਵਾਲੇ ਹਨ। ਪੁਲਸ ਅਨੁਸਾਰ ਮੁੱਖ ਦੋਸ਼ੀ ਵਾਰਿਸ (25) ਹਾਲੇ ਵੀ ਫਰਾਰ ਹੈ। ਮੁੱਖ ਮੰਤਰੀ ਦੀ ਧੀ ਤੋਂ ਇਨ੍ਹਾਂ ਚਾਰਾਂ 'ਚੋਂ ਇਕ ਨੇ 34 ਹਜ਼ਾਰ ਰੁਪਏ ਠੱਗ ਲਏ ਸਨ। ਦੋਸ਼ੀਆਂ ਨੇ ਇਕ ਈ-ਕਾਮਰਸ ਪਲੇਟਫਾਰਮ 'ਤੇ ਖਰੀਦਦਾਰ ਦੇ ਰੂਪ 'ਚ ਮੁੱਖ ਮੰਤਰੀ ਦੀ ਧੀ ਨਾਲ ਸੰਪਰਕ ਕੀਤਾ ਸੀ, ਜਿਨ੍ਹਾਂ ਨੇ ਇਕ ਸੋਫਾ ਵਿਕਰੀ ਲਈ ਇਸ ਮੰਚ 'ਤੇ ਪਾਇਆ ਸੀ। ਅਧਿਕਾਰੀ ਨੇ ਕਿਹਾ,''ਤਿੰਨੋਂ ਦੋਸ਼ੀ ਕਮਿਸ਼ਨ ਲਈ ਚੌਥੇ ਦੋਸ਼ੀ ਵਾਰਿਸ ਲਈ ਕੰਮ ਕਰਦੇ ਸਨ। ਮਨਜਿੰਦਰ ਨੇ ਫਰਜ਼ੀ ਦਸਤਾਵੇਜ਼ਾਂ ਦੇ ਆਧਾਰ 'ਤੇ ਕਪਿਲ ਅਤੇ ਸਾਜਿਦ ਲਈ ਬੈਂਕ ਖਾਤੇ ਖੁੱਲਵਾਏ, ਜਿਸ ਲਈ ਉਸ ਨੂੰ ਕਮੀਸ਼ਨ ਮਿਲਿਆ। ਠੱਗੀ ਗਈ ਰਾਸ਼ੀ ਵਾਰਿਸ ਦੇ ਖਾਤੇ 'ਚ ਭੇਜੀ ਗਈ।''
ਇਹ ਵੀ ਪੜ੍ਹੋ : ਕੇਜਰੀਵਾਲ ਦੀ ਬੇਟੀ ਨਾਲ 34,000 ਰੁਪਏ ਦੀ ਠੱਗੀ
ਪੁਲਸ ਅਨੁਸਾਰ ਪੀੜਤਾ ਨੇ ਈ-ਕਾਮਰਸ 'ਤੇ ਸੋਫਾ ਵਿਕਰੀ ਲਈ ਪਾਇਆ ਸੀ। ਇਕ ਵਿਅਕਤੀ ਨੇ ਇਸ ਨੂੰ ਖਰੀਦਣ ਦੀ ਗੱਲ ਕਰਦੇ ਹੋਏ ਪੀੜਤਾ ਨਾਲ ਸੰਪਰਕ ਕੀਤਾ ਸੀ। ਇਸ ਵਿਅਕਤੀ ਨੇ ਪੀੜਤਾ ਦੇ ਖਾਤਾ ਵੇਰਵੇ ਦੀ ਪੁਸ਼ਟੀ ਲਈ ਸ਼ੁਰੂ 'ਚ ਮਾਮੂਲੀ ਰਾਸ਼ੀ ਖਾਤੇ 'ਚ ਭੇਜੀ। ਅਧਿਕਾਰੀ ਅਨੁਸਾਰ ਇਸ ਵਿਅਕਤੀ ਨੇ ਮੁੱਖ ਮੰਤਰੀ ਦੀ ਧੀ ਨੂੰ ਕਿਊ.ਆਰ. ਕੋਡ ਭੇਜਿਆ ਅਤੇ ਉਸ ਨੂੰ ਸਕੈਨ ਕਰਨ ਲਈ ਕਿਹਾ ਤਾਂ ਕਿ ਤੈਅ ਮੁੱਲ ਉਨ੍ਹਾਂ ਦੇ ਖਾਤੇ 'ਚ ਭੇਜਿਆ ਜਾ ਸਕੇ ਪਰ ਪੈਸਾ ਆਉਣ ਤੋਂ ਬਾਅਦ ਉਸ ਦੇ ਖਾਤੇ ਤੋਂ 20 ਹਜ਼ਾਰ ਰੁਪਏ ਕੱਟ ਗਏ। ਅਧਿਕਾਰੀ ਅਨੁਸਾਰ ਜਦੋਂ ਵਿਕਰੇਤਾ ਨੇ ਇਹ ਗੱਲ ਖਰੀਦਦਾਰ ਨੂੰ ਦੱਸੀ ਤਾਂ ਉਸ ਨੇ ਵਿਕਰੇਤਾ ਨੂੰ ਕਿਹਾ ਕਿ ਉਸ ਨੇ ਗਲਤੀ ਨਾਲ ਉਸ ਨੂੰ ਗਲਤ ਕਿਊ.ਆਰ. ਕੋਡ ਭੇਜ ਦਿੱਤਾ, ਇਸ ਲਈ ਹੁਣ ਉਹ ਉਸ ਨੂੰ ਇਕ ਹੋਰ ਲਿੰਕ ਭੇਜੇਗਾ ਅਤੇ ਉਹ ਉਸੇ ਪ੍ਰਕਿਰਿਆ ਨੂੰ ਦੋਹਰਾਏ। ਵਿਕਰੇਤਾ ਵਲੋਂ ਹੋਰ ਕਿਊ.ਆਰ, ਕੋਡ ਸਕੈਨ ਕਰਨ 'ਤੇ ਫਿਰ 14 ਹਜ਼ਾਰ ਰੁਪਏ ਕੱਟ ਗਏ। ਇਸ ਸੰਬੰਧ 'ਚ 7 ਫਰਵਰੀ ਨੂੰ ਆਈ.ਪੀ.ਸੀ. ਦੀਆਂ ਧਾਰਾਵਾਂ ਦੇ ਅਧੀਨ ਸ਼ਿਕਾਇਤ ਦਰਜ ਕਰਵਾਈ ਗਈ ਸੀ।
ਨੌਦੀਪ ਕੌਰ ਨੂੰ ਦੂਜੇ ਮਾਮਲੇ 'ਚ ਵੀ ਮਿਲੀ ਜ਼ਮਾਨਤ
NEXT STORY