ਨਵੀਂ ਦਿੱਲੀ : ਆਯੁਸ਼ਮਾਨ ਭਾਰਤ ਯੋਜਨਾ ਦੇ ਲਾਭਪਾਤਰੀਆਂ ਦੀ ਗਿਣਤੀ 1 ਕਰੋੜ ਨੂੰ ਪਾਰ ਕਰ ਗਈ ਹੈ। ਇਸ ਦੀ ਜਾਣਕਾਰੀ ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਟਵੀਟ ਕਰ ਕੇ ਦਿੱਤੀ। ਦੱਸ ਦੇਈਏ ਕਿ ਪੀ.ਐੱਮ. ਨੇ ਸਤੰਬਰ 2018 ਵਿਚ ਆਯੁਸ਼ਮਾਨ ਭਾਰਤ ਯੋਜਨਾ ਨੂੰ ਸ਼ੁਰੂ ਕੀਤਾ ਸੀ।
ਪੀ.ਐੱਮ. ਮੋਦੀ ਨੇ ਟਵੀਟ ਕਰਦੇ ਹੋਏ ਲਿਖਿਆ ਹੈ, 'ਇਹ ਹਰੇਕ ਭਾਰਤੀ ਲਈ ਮਾਣ ਦਾ ਵਿਸ਼ਾ ਹੈ ਕਿ ਆਯੁਸ਼ਮਨ ਭਾਰਤ ਯੋਜਨਾ ਦੇ ਲਾਭਪਾਤਰੀਆਂ ਦੀ ਗਿਣਤੀ 1 ਕਰੋੜ ਨੂੰ ਪਾਰ ਕਰ ਗਈ ਹੈ। 2 ਸਾਲ ਤੋਂ ਵੀ ਘੱਟ ਸਮੇਂ ਵਿਚ ਇਸ ਪਹਿਲ ਦਾ ਇੰਨੇ ਲੋਕਾਂ 'ਤੇ ਸਕਾਰਾਤਮਕ ਪ੍ਰਭਾਵ ਪਿਆ ਹੈ।' ਉਨ੍ਹਾਂ ਨੇ ਇਸ ਯੋਜਨਾ ਦੇ ਸਾਰੇ ਲਾਭਪਾਤਰੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਉਨ੍ਹਾਂ ਦੀ ਚੰਗੀ ਸਿਹਤ ਦੀ ਕਾਮਨਾ ਕੀਤੀ। ਉਨ੍ਹਾਂ ਨੇ ਆਯੁਸ਼ਮਾਨ ਭਾਰਤ ਨਾਲ ਜੁੜੇ ਸਾਰੇ ਡਾਕਟਰਾਂ, ਨਰਸਾਂ, ਸਿਹਤ ਕਰਮਚਾਰੀਆਂ ਅਤੇ ਹੋਰ ਲੋਕਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀਆਂ ਕੋਸ਼ਿਸ਼ਾਂ ਨੇ ਹੀ ਇਸ ਨੂੰ ਦੁਨੀਆ ਦਾ ਸਭ ਤੋਂ ਵੱਡਾ ਸਿਹਤ ਸੇਵਾ ਪ੍ਰੋਗਰਾਮ ਬਣਾਇਆ ਹੈ।
ਮੋਦੀ ਨੇ ਕਿਹਾ, 'ਇਸ ਯੋਜਨਾ ਨੇ ਕਈ ਭਾਰਤੀਆਂ ਦਾ ਭਰੋਸਾ ਜਿੱਤਿਆ ਹੈ, ਜਿਸ ਵਿਚ ਖਾਸ ਕਰਕੇ ਗਰੀਬ ਅਤੇ ਪੱਛੜੇ ਵਰਗ ਦੇ ਲੋਕ ਸ਼ਾਮਲ ਹਨ।' ਉਨ੍ਹਾਂ ਦੱਸਿਆ, 'ਲਾਭਪਾਤਰੀਆਂ ਨੂੰ ਗੁਣਵੱਤਾਪੂਰਨ ਅਤੇ ਸਸਤੀ ਮੈਡੀਕਲ ਸੇਵਾ ਨਾ ਸਿਰਫ ਰਜਿਸਟਰਡ ਸਥਾਨ 'ਤੇ ਸਗੋਂ ਭਾਰਤ ਦੇ ਕਿਸੇ ਵੀ ਹਿੱਸੇ ਵਿਚ ਉਪਲੱਬਧ ਹੋ ਸਕਦੀ ਹੈ।' ਪੀ.ਐੱਮ. ਨੇ ਕਿਹਾ ਕਿ ਆਪਣੇ ਸਰਕਾਰੀ ਦੌਰੇ ਦੌਰਾਨ ਵੀ ਉਹ ਆਯੁਸ਼ਮਾਨ ਭਾਰਤ ਦੇ ਲਾਭਪਾਤਰੀਆਂ ਨਾਲ ਗੱਲ ਕਰਦੇ ਰਹੇ ਹਨ। ਉਨ੍ਹਾਂ ਕਿਹਾ, 'ਇਨ੍ਹੀਂ ਦਿਨੀਂ ਇਹ ਸੰਭਵ ਨਹੀਂ ਹੈ ਪਰ ਉਨ੍ਹਾਂ ਨੇ ਆਯੁਸ਼ਮਾਨ ਭਾਰਤ ਦੇ 1 ਕਰੋੜਵੀਂ ਲਾਭਪਾਤਰੀ ਪੂਜਾ ਥਾਪਾ ਨਾਲ ਟੈਲੀਫੋਨ 'ਤੇ ਗੱਲਬਾਤ ਕੀਤੀ।' ਪੀ.ਐੱਮ. ਨੇ ਥਾਪਾ ਨਾਲ ਗੱਲਬਾਤ ਦੀ ਆਡੀਓ ਕਲਿੱਪ ਵੀ ਜਾਰੀ ਕੀਤੀ ਹੈ।
ਆਯੁਸ਼ਮਾਨ ਭਾਰਤ ਦੀਆਂ ਮੁੱਖ ਗੱਲਾਂ
- ਇਸ ਯੋਜਨਾ ਨੂੰ ਗਰੀਬਾਂ ਦੀ ਸਿਹਤ ਨੂੰ ਧਿਆਨ 'ਚ ਰੱਖ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਤੰਬਰ 2018 'ਚ ਸ਼ੁਰੂ ਕੀਤਾ ਸੀ।
- ਇਸ ਯੋਜਨਾ ਦੇ ਤਹਿਤ ਇਕ ਪਰਿਵਾਰ ਨੂੰ 5 ਲੱਖ ਤੱਕ ਦਾ ਹੇਲਥ ਇੰਸ਼ੋਰੈਂਸ ਮਿਲਦਾ ਹੈ।
- ਇਸ ਯੋਜਨਾ ਦਾ ਲਾਭ ਕਰੀਬ 10 ਕਰੋੜ ਪਰਿਵਾਰਾਂ (50 ਕਰੋੜ ਲੋਕਾਂ) ਨੂੰ ਮਿਲੇਗਾ। ਇਨ੍ਹਾਂ ਵਿਚੋਂ 8 ਕਰੋੜ ਪਰਿਵਾਰ ਪੇਂਡੂ ਇਲਾਕਿਆਂ ਵਿਚੋਂ ਅਤੇ 2 ਕਰੋੜ ਪਰਿਵਾਰ ਸ਼ਹਿਰੀ ਖੇਤਰਾਂ ਵਿਚੋਂ ਹਨ।
- ਇਸ ਯੋਜਨਾ ਵਿਚ ਲਾਭਪਾਤਰ ਦੀ ਉਮਰ ਨੂੰ ਲੈ ਕੇ ਕੋਈ ਪਾਬੰਦੀ ਨਹੀਂ ਹੈ। ਹਾਲਾਂਕਿ ਲੜਕੀਆਂ, ਔਰਤਾਂ ਅਤੇ ਬਜ਼ੁਰਗਾਂ ਨੂੰ ਤਰਜੀਹ ਦਿੱਤੀ ਜਾਵੇਗੀ। ਇਸ ਯੋਜਨਾ ਦੇ ਤਹਿਤ ਪਹਿਲਾਂ ਤੋਂ ਲੱਗੀ ਬੀਮਾਰੀ ਵੀ ਕਵਰ ਹੋਵੇਗੀ।
- ਕੈਂਸਰ, ਦਿਲ ਦਾ ਆਪਰੇਸ਼ਨ ਸਮੇਤ ਹੋਰ ਗੰਭੀਰ ਬੀਮਾਰੀਆਂ ਵੀ ਇਸ 'ਚ ਸ਼ਾਮਲ ਹੋਣਗੀਆਂ।
- ਯੋਜਨਾ ਨੂੰ ਕੈਸ਼ਲੈੱਸ ਅਤੇ ਪੇਪਰਲੈੱਸ ਬਣਾਇਆ ਗਿਆ ਹੈ। ਯੋਜਨਾ ਦਾ ਲਾਭ ਪੂਰੇ ਦੇਸ਼ 'ਚੋਂ ਕਿਤੋਂ ਵੀ ਲਿਆ ਜਾ ਸਕਦਾ ਹੈ।
ਕੋਵਿਡ-19 ਨਾਲ ਮੌਤ ਦੇ ਮਾਮਲਿਆਂ 'ਚ ਫੋਰੈਂਸਿਕ ਪੋਸਟਮਾਰਟਮ 'ਚ ਚੀਰ-ਪਾੜ ਨਾ ਕੀਤੀ ਜਾਵੇ : ICMR
NEXT STORY