ਨਵੀਂ ਦਿੱਲੀ (ਇੰਟ)- ਸਾਉਣੀ ਸੀਜ਼ਨ ’ਚ ਬਾਸਮਤੀ ਝੋਨੇ ਦੀ ਖੇਤੀ ਦਾ ਰਕਬਾ ਲਗਾਤਾਰ ਦੂਜੇ ਸਾਲ ਘਟਿਆ ਹੈ। ਉਥੇ ਹੀ, ਅੰਤਰਰਾਸ਼ਟਰੀ ਬਾਜ਼ਾਰ ’ਚ ਭਾਰਤੀ ਬਾਸਮਤੀ ਚੌਲਾਂ ਦੀ ਮੰਗ ਵਧਣ ਦੇ ਨਾਲ ਇਸ ਦੀਆਂ ਕੀਮਤਾਂ ’ਚ ਵੀ ਤੇਜ਼ੀ ਆਈ ਹੈ। ਅਜਿਹੇ ’ਚ ਉਤਪਾਦਨ ’ਚ ਸੰਭਾਵੀ ਕਮੀ ਅਤੇ ਮਜ਼ਬੂਤ ਵਿਦੇਸ਼ੀ ਮੰਗ ਨਾਲ ਕਿਸਾਨਾਂ ਨੂੰ ਆਪਣੀ ਫਸਲ ਦੇ ਬਿਹਤਰ ਦਾਮ ਮਿਲਣ ਦੀ ਉਮੀਦ ਹੈ।
ਉਦਯੋਗ ਦੇ ਅਨੁਸਾਰ, ਸਾਲ 2025 ’ਚ ਦੇਸ਼ ’ਚ ਬਾਸਮਤੀ ਝੋਨੇ ਦੀ ਖੇਤੀ ਲੱਗਭਗ 24.9 ਲੱਖ ਹੈਕਟੇਅਰ ’ਚ ਹੋਈ ਸੀ। ਇਸ ਸਾਲ ਰਕਬਾ ਲੱਗਭਗ 1 ਲੱਖ ਹੈਕਟੇਅਰ ਘਟਿਆ ਹੈ। ਸਾਲ 2024 ’ਚ ਇਹ ਖੇਤਰ ਲੱਗਭਗ 27.5 ਲੱਖ ਹੈਕਟੇਅਰ ਸੀ। ਪੱਛਮੀ ਉੱਤਰ ਪ੍ਰਦੇਸ਼ ਅਤੇ ਹਰਿਆਣਾ ਵਰਗੇ ਪ੍ਰਮੁੱਖ ਉਤਪਾਦਕ ਖੇਤਰਾਂ ’ਚ ਘੱਟ ਬਿਜਾਈ ਕਾਰਨ ਇਸ ਸਾਲ ਉਤਪਾਦਨ ਪ੍ਰਭਾਵਿਤ ਹੋਣ ਦਾ ਖਦਸ਼ਾ ਹੈ।
ਮਾਨਸੂਨ ਦੀ ਚਾਲ ਨੇ ਵਧਾਈ ਚਿੰਤਾ
ਸਾਉਣੀ ਸੀਜ਼ਨ ਦੀ ਸ਼ੁਰੂਆਤ ’ਚ ਮਾਨਸੂਨ ਦੀ ਦੇਰੀ ਅਤੇ ਮੀਂਹ ਦੇ ਅਸਮਾਨ ਵੰਡ ਦਾ ਅਸਰ ਝੋਨੇ ਦੀ ਖੇਤੀ ’ਤੇ ਪਿਆ ਹੈ। ਕੁਝ ਖੇਤਰਾਂ ’ਚ ਘੱਟ ਮੀਂਹ ਕਾਰਨ ਕਿਸਾਨਾਂ ਨੇ ਬਾਸਮਤੀ ਦੀ ਖੇਤੀ ਦਾ ਰਕਬਾ ਘਟਾਇਆ। ਤਾਪਮਾਨ ਵਧਣ ਦਾ ਖਦਸ਼ਾ ਵੀ ਉਤਪਾਦਨ ਲਈ ਚੁਣੌਤੀ ਬਣਿਆ ਹੋਇਆ ਹੈ।
ਪੰਜਾਬ ’ਚ ਹਾਲਾਂਕਿ ਬਾਸਮਤੀ ਦੀ ਖੇਤੀ ਦਾ ਰਕਬਾ ਪਿਛਲੇ ਸਾਲ ਦੇ ਆਸ-ਪਾਸ ਹੀ ਬਣਿਆ ਹੋਇਆ ਹੈ। ਪਿਛਲੇ ਸਾਲ ਭਾਰੀ ਮੀਂਹ ਅਤੇ ਹੜ੍ਹ ਨਾਲ ਫਸਲ ਨੂੰ ਨੁਕਸਾਨ ਹੋਇਆ ਸੀ। ਇਸ ਸਾਲ ਮੌਸਮ ਬਿਹਤਰ ਰਹਿਣ ’ਤੇ ਰਾਜ ’ਚ ਉਤਪਾਦਨ ਵਧਣ ਦੀ ਉਮੀਦ ਹੈ।
ਗਲੋਬਲ ਬਾਜ਼ਾਰ ’ਚ 1,160 ਡਾਲਰ ਪ੍ਰਤੀ ਟਨ ਭਾਅ
ਭਾਰਤੀ ਬਾਸਮਤੀ ਦਾ ਅੰਤਰਰਾਸ਼ਟਰੀ ਭਾਅ ਫਿਲਹਾਲ ਲੱਗਭਗ 1,160 ਡਾਲਰ ਪ੍ਰਤੀ ਟਨ ਹੈ, ਜੋ ਪਿਛਲੇ ਸਾਲ ਤੋਂ 15-20 ਫੀਸਦੀ ਜ਼ਿਆਦਾ ਹੈ। ਅਪੀਡਾ ਦੇ ਅਨੁਸਾਰ ਮਾਲੀ ਸਾਲ 2025-26 ’ਚ ਭਾਰਤ ਨੇ 5.67 ਅਰਬ ਡਾਲਰ ਮੁੱਲ ਦਾ 65.2 ਲੱਖ ਟਨ ਬਾਸਮਤੀ ਬਰਾਮਦ ਕੀਤਾ ਸੀ।
ਕਿਸਾਨਾਂ ਨੂੰ ਮਿਲ ਸਕਦਾ ਹੈ ਸਿੱਧਾ ਲਾਭ
ਚਾਲੂ ਮਾਲੀ ਸਾਲ ਦੀ ਅਪ੍ਰੈਲ-ਜੂਨ ਤਿਮਾਹੀ ’ਚ 15.4 ਲੱਖ ਟਨ ਬਾਸਮਤੀ ਦਾ ਬਰਾਮਦ ਹੋਇਆ, ਜਿਸ ਦਾ ਮੁੱਲ 1.44 ਅਰਬ ਡਾਲਰ ਰਿਹਾ। ਪੱਛਮੀ ਏਸ਼ੀਆ ਭਾਰਤੀ ਬਾਸਮਤੀ ਦਾ ਪ੍ਰਮੁੱਖ ਬਾਜ਼ਾਰ ਹੈ। ਉਤਪਾਦਨ ’ਚ ਕਮੀ ਅਤੇ ਗਲੋਬਲ ਮੰਗ ਮਜ਼ਬੂਤ ਰਹਿਣ ਨਾਲ ਕੀਮਤਾਂ ਨੂੰ ਸਹਾਰਾ ਮਿਲਣ ਦੀ ਉਮੀਦ ਹੈ। ਇਸ ਦਾ ਸਿੱਧਾ ਫਾਇਦਾ ਕਿਸਾਨਾਂ ਨੂੰ ਬਿਹਤਰ ਭਾਅ ਦੇ ਰੂਪ ’ਚ ਮਿਲ ਸਕਦਾ ਹੈ।
ਸਰਕਾਰੀ ਕਰਮਚਾਰੀਆਂ ਦੀ ਬੱਲੇ-ਬੱਲੇ! 8th Pay Commission ਤੋਂ ਪਹਿਲਾਂ ਸਰਕਾਰ ਨੇ ਦਿੱਤਾ ਵੱਡਾ ਤੋਹਫ਼ਾ
NEXT STORY