ਨਵੀਂ ਦਿੱਲੀ— ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸ਼ਨੀਵਾਰ ਨੂੰ 2 ਦਿਨਾਂ ਕਾਂਗਰਸ ਸੰਮੇਲਨ ਦੇ ਉਦਘਾਟਨ ਸੈਸ਼ਨ 'ਚ ਕਿਹਾ ਕਿ ਦੇਸ਼ ਨੂੰ ਇੰਨੀਂ ਦਿਨੀਂ ਵੰਡਣ ਦਾ ਕੰਮ ਚੱਲ ਰਿਹਾ ਹੈ। ਇਕ ਵਿਅਕਤੀ ਨੂੰ ਦੂਜੇ ਵਿਅਕਤੀ ਨਾਲ ਲੜਾਇਆ ਜਾ ਰਿਹਾ ਹੈ। ਦੇਸ਼ 'ਚ ਗੁੱਸਾ ਫੈਲਾਇਆ ਜਾ ਰਿਹਾ ਹੈ ਪਰ ਇਸ ਦਾ ਮੁਕਾਬਲਾ ਕਾਂਗਰਸ ਹੀ ਕਰ ਸਕਦੀ ਹੈ। ਦਿੱਲੀ ਦੇ ਇੰਦਰਾ ਗਾਂਧੀ ਇੰਡੋਰ ਸਟੇਡੀਅਮ 'ਚ ਦੇਸ਼ ਭਰ ਤੋਂ ਆਏ ਕਾਂਗਰਸੀਆਂ ਨੂੰ ਸੰਬੋਧਨ ਕਰਦੇ ਹੋਏ ਰਾਹੁਲ ਗਾਂਧੀ ਨੇ ਕਿਹਾ,''ਇਹ ਜੋ ਹੱਥ ਦਾ ਨਿਸ਼ਾਨ ਹੈ, ਇਹੀ ਦੇਸ਼ ਨੂੰ ਜੋੜਨ ਅਤੇ ਅੱਗੇ ਲਿਜਾਉਣ ਦਾ ਕੰਮ ਕਰ ਸਕਦਾ ਹੈ।'' ਆਪਣੇ ਪ੍ਰਧਾਨ ਬਣਨ ਤੋਂ ਬਾਅਦ ਪਹਿਲੀ ਵਾਰ ਹੋਏ ਸੰਮੇਲਨ 'ਚ ਰਾਹੁਲ ਨੇ ਮੋਦੀ ਸਰਕਾਰ 'ਤੇ ਸਿੱਧਾ ਹਮਲਾ ਬੋਲਦੇ ਹੋਏ ਕਿਹਾ,''ਨੌਜਵਾਨ ਅਤੇ ਕਿਸਾਨ ਜਦੋਂ ਮੋਦੀ ਜੀ ਵੱਲ ਦੇਖਦੇ ਹਨ ਤਾਂ ਉਹ ਸੋਚਦੇ ਹਨ ਕਿ ਆਖਰ ਰਸਤਾ ਕਿੱਥੇ ਮਿਲੇਗਾ। ਦੇਸ਼ ਨੂੰ ਸਿਰਫ ਕਾਂਗਰਸ ਪਾਰਟੀ ਹੀ ਰਸਤਾ ਦਿਖਾ ਸਕਦੀ ਹੈ। ਉਹ ਗੁੱਸੇ ਦੀ ਵਰਤੋਂ ਕਰਦੇ ਹਨ ਅਤੇ ਅਸੀਂ ਪਿਆਰ ਅਤੇ ਭਾਈਚਾਰੇ ਦਾ। ਕਾਂਗਰਸ ਜੋ ਕੰਮ ਕਰੇਗੀ, ਉਹ ਪੂਰੇ ਦੇਸ਼ ਲਈ ਕਰੇਗੀ।''
ਸੀਨੀਅਰ ਨੇਤਾਵਾਂ ਨੂੰ ਦਿੱਤਾ ਨਾਲ ਲੈ ਕੇ ਚੱਲਣ ਦਾ ਭਰੋਸਾ
ਰਾਹੁਲ ਗਾਂਧੀ ਨੇ ਪਾਰਟੀ ਦੇ ਸੀਨੀਅਰ ਨੇਤਾਵਾਂ ਨੂੰ ਨਾਲ ਲੈ ਕੇ ਚੱਲਣ ਦਾ ਭਰੋਸਾ ਦਿੰਦੇ ਹੋਏ ਕਿਹਾ ਕਿ ਅਸੀਂ ਇੱਥੇ ਭਵਿੱਖ ਦੀ ਯੋਜਨਾ ਬਣਾਉਣ ਬੈਠੇ ਹਾਂ ਪਰ ਬੀਤੇ ਕੱਲ ਨੂੰ ਵੀ ਨਹੀਂ ਭੁੱਲਦੇ। ਉਨ੍ਹਾਂ ਨੇ ਕਿਹਾ ਕਿ ਮੈਂ ਮੰਚ ਤੋਂ ਕਹਿਣਾ ਚਾਹੁੰਦਾ ਹਾਂ ਕਿ ਜੇਕਰ ਨੌਜਵਾਨ ਕਾਂਗਰਸ ਨੂੰ ਅੱਗੇ ਲਿਜਾਉਣਗੇ ਤਾਂ ਇਹ ਕੰਮ ਸੀਨੀਅਰ ਨੇਤਾਵਾਂ ਦੇ ਬਿਨਾਂ ਨਹੀਂ ਹੋ ਸਕਦਾ। ਕਾਂਗਰਸ 'ਚ ਰਾਹੁਲ ਦੀ ਅਗਵਾਈ 'ਚ ਨਵੀਂ ਪੀੜ੍ਹੀ ਅਤੇ ਪੁਰਾਣੀ ਪੀੜ੍ਹੀ ਦੇ ਨੇਤਾਵਾਂ ਦਰਮਿਆਨ ਤਾਲਮੇਲ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਜਾ ਰਹੀ ਹੈ। ਅਜਿਹੇ 'ਚ ਰਾਹੁਲ ਗਾਂਧੀ ਦਾ ਸੀਨੀਅਰ ਨੇਤਾਵਾਂ ਨੂੰ ਨਾਲ ਲੈ ਕੇ ਚੱਲਣ ਦਾ ਬਿਆਨ ਮਾਇਨੇ ਰੱਖਦਾ ਹੈ।
ਰਾਹੁਲ ਦੇ ਸੰਬੋਧਨ ਦੇ ਮੁੱਖ ਅੰਸ਼
1- ਸਾਨੂੰ ਸਾਰਿਆਂ ਨੂੰ ਮਿਲ ਕੇ ਦੇਸ਼ ਨੂੰ ਜੋੜਨ ਦਾ ਕੰਮ ਕਰਨਾ ਹੋਵੇਗਾ
2- ਸੰਮੇਲਨ ਦਾ ਟੀਚਾ ਕਾਂਗਰਸ ਅਤੇ ਦੇਸ਼ ਨੂੰ ਅੱਗੇ ਦਾ ਰਸਤਾ ਦਿਖਾਉਣ ਦਾ ਹੈ।
3- ਸੰਮੇਲਨ ਭਵਿੱਖ ਦੀ ਗੱਲ ਕਰਦਾ ਹੈ। ਤਬਦੀਲੀ ਦੀ ਗੱਲ ਕਰਦਾ ਹੈ ਪਰ ਸਾਡੀ ਪਰੰਪਰਾ ਰਹੀ ਹੈ ਕਿ ਤਬਦੀਲੀ ਕੀਤੀ ਜਾਂਦੀ ਹੈ ਪਰ ਬੀਤੇ ਸਮੇਂ ਨੂੰ ਭੁਲਾ ਨਹੀਂ ਸਕਦੇ। ਨੌਜਵਾਨਾਂ ਦੀ ਗੱਲ ਹੁੰਦੀ ਹੈ। ਜੇਕਰ ਨੌਜਵਾਨ ਕਾਂਗਰਸ ਨੂੰ ਅੱਗੇ ਲਿਜਾਉਣਗੇ ਤਾਂ ਜੋ ਸਾਡੇ ਅਨੁਭਵੀ ਨੇਤਾ ਹਨ, ਉਨ੍ਹਾਂ ਦੇ ਬਿਨਾਂ ਸਾਡੀ ਕਾਂਗਰਸ ਪਾਰਟੀ ਅੱਗੇ ਨਹੀਂ ਜਾ ਸਕਦੀ।
4- ਮੇਰਾ ਕੰਮ ਨੌਜਵਾਨ ਅਤੇ ਸੀਨੀਅਰ ਨੇਤਾਵਾਂ ਨੂੰ ਜੋੜਨ ਦਾ ਹੈ। ਇਕ ਨਵੀਂ ਦਿਸ਼ਾ ਦਿਖਾਉਣ ਦਾ ਕੰਮ ਹੈ।
5- ਨੌਜਵਾਨ ਜਦੋਂ ਮੋਦੀ ਜੀ ਵੱਲ ਦੇਖਦੇ ਹਨ ਤਾਂ ਉਨ੍ਹਾਂ ਨੂੰ ਰਸਤਾ ਨਹੀਂ ਦਿੱਸਦਾ। ਉਨ੍ਹਾਂ ਨੂੰ ਇਹ ਗੱਲ ਸਮਝ ਨਹੀਂ ਆਉਂਦੀ ਹੈ ਕਿ ਉਨ੍ਹਾਂ ਨੂੰ ਰੋਜ਼ਗਾਰ ਕਿੱਥੋਂ ਮਿਲੇਗਾ? ਕਿਸਾਨਾਂ ਨੂੰ ਸਹੀ ਕੀਮਤ ਕਦੋਂ ਮਿਲੇਗੀ? ਤਾਂ ਦੇਸ਼ ਇਕ ਤਰ੍ਹਾਂ ਨਾਲ ਥੱਕਿਆ ਹੋਇਆ ਹੈ। ਰਸਤਾ ਲੱਭ ਰਿਹਾ ਹੈ।
6- ਮੈਂ ਦਿਲ ਤੋਂ ਕਹਿੰਦਾ ਹਾਂ ਕਿ ਕਾਂਗਰਸ ਪਾਰਟੀ ਹੀ ਦੇਸ਼ ਨੂੰ ਰਸਤਾ ਦਿਖਾ ਸਕਦੀ ਹੈ।
ਪਾਰਟੀ ਪ੍ਰਧਾਨ ਬਣਨ ਤੋਂ ਬਾਅਦ ਇਹ ਉਨ੍ਹਾਂ ਦਾ ਪਹਿਲਾ ਸੰਮੇਲਨ
1- ਇਸ 84ਵੇਂ ਸੰਮੇਲਨ 'ਚ ਪਾਰਟੀ ਦੀ ਅਗਲੇ 5 ਸਾਲ ਦੀ ਦਸ਼ਾ-ਦਿਸ਼ਾ ਤੈਅ ਹੋਵੇਗੀ।
2- ਦਿੱਲੀ ਦੇ ਇੰਦਰਾ ਗਾਂਧੀ ਸਟੇਡੀਅਮ 'ਚ ਹੋਣ ਵਾਲੇ ਇਸ ਸੰਮੇਲਨ 'ਚ ਪਾਰਟੀ ਚਾਰ ਮਹੱਤਵਪੂਰਨ ਪ੍ਰਸਤਾਵ ਵੀ ਪਾਸ ਕਰੇਗੀ। ਜਿਸ 'ਚ ਵਿਦੇਸ਼ੀ, ਆਰਥਿਕ, ਬੇਰੋਜ਼ਗਾਰੀ ਅਤੇ ਖੇਤੀ ਵਰਗੇ ਪ੍ਰਸਤਾਵ ਸ਼ਾਮਲ ਹਨ।
3- ਸੰਮੇਲਨ 'ਚ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਯੂ.ਪੀ.ਏ. ਚੇਅਰਪਰਸਨ ਸੋਨੀਆ ਗਾਂਧੀ, ਲੋਕ ਸਭਾ 'ਚ ਕਾਂਗਰਸ ਦੇ ਨੇਤਾ ਮਲਿਕਾਰਜੁਨ ਖੜਗੇ, ਰਾਜ ਸਭਾ 'ਚ ਨੇਤਾ ਪ੍ਰਤੀਪੱਖ ਗੁਲਾਮ ਨਬੀ ਆਜ਼ਾਦ, ਸੀਨੀਅਰ ਨੇਤਾ ਏ.ਕੇ. ਐਂਟਨੀ, ਜਨਾਰਦਨ ਦਿਵੇਦੀ ਅਤੇ ਪਾਰਟੀ ਦੇ ਪ੍ਰਦੇਸ਼ ਇਕਾਈਆਂ ਦੇ ਪ੍ਰਧਾਨ, ਜ਼ਿਲਾ ਅਤੇ ਬਲਾਕ ਪੱਧਰ ਦੇ ਪ੍ਰਤੀਨਿਧੀ ਹਿੱਸਾ ਲੈ ਰਹੇ ਹਨ।
4- ਸੰਮੇਲਨ ਦੌਰਾਨ ਪਾਸ ਕੀਤੇ ਜਾਣ ਵਾਲੇ ਚਾਰ ਪ੍ਰਸਤਾਵਾਂ 'ਤੇ ਸ਼ੁੱਕਰਵਾਰ ਦੀ ਰਾਤ ਸੰਚਾਲਨ ਕਮੇਟੀ ਦੀ ਬੈਠਕ 'ਚ ਵਿਚਾਰ ਕੀਤਾ ਗਿਆ। ਇਸ 'ਚ ਰਾਜਨੀਤਕ, ਆਰਥਿਕ, ਵਿਦੇਸ਼ੀ ਮਾਮਲਿਆਂ ਅਤੇ ਖੇਤੀ, ਬੇਰੋਜ਼ਗਾਰੀ ਅਤੇ ਗਰੀਬੀ ਖਤਮ ਦੇ ਵਿਸ਼ੇ ਪ੍ਰਸਤਾਵ ਸ਼ਾਮਲ ਹਨ।
ਕਾਂਗਰਸ ਦੀ ਪਹਿਲ ਇਸ ਸਮੇਂ ਭਾਜਪਾ ਨੂੰ ਸੱਤਾ ਤੋਂ ਬਾਹਰ ਕਰਨ ਲਈ ਵਿਰੋਧੀ ਦਲਾਂ ਦਾ ਇਕ ਵੱਡਾ ਮੋਰਚਾ ਬਣਾਉਣ ਦੀ ਹੈ। ਇਸ ਦਿਸ਼ਾ 'ਚ ਪਹਿਲ ਕਰਦੇ ਹੋਏ ਯੂ.ਪੀ.ਏ. ਚੇਅਰਪਰਸਨ ਸੋਨੀਆ ਗਾਂਧੀ ਨੇ 20 ਦਲਾਂ ਦੇ ਪ੍ਰਤੀਨਿਧੀਆਂ ਲਈ ਡਿਨਰ ਪਾਰਟੀ ਦਾ ਆਯੋਜਨ ਕੀਤਾ ਸੀ। ਭਾਜਪਾ ਦੇ ਖਿਲਾਫ ਸੰਯੁਕਤ ਮੋਰਚੇ ਦੇ ਗਠਨ ਦੀਆਂ ਕੋਸ਼ਿਸ਼ਾਂ ਦੇ ਅਧੀਨ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਐੱਨ.ਸੀ.ਪੀ. ਸੁਪਰੀਮੋ ਸ਼ਰਦ ਪਵਾਰ ਨਾਲ ਵੀ ਮੁਲਾਕਾਤ ਕੀਤੀ ਸੀ।
ਹਰਿਆਣੇ ਦੇ ਹਰ ਜ਼ਿਲੇ 'ਚ ਬਣਾਏ ਜਾਣਗੇ 'ਮਾਡਲ ਖੇਤ', ਹਰ ਵਰਗ ਨੂੰ ਦਿੱਤੀ ਜਾਵੇਗੀ ਜਾਣਕਾਰੀ
NEXT STORY