ਨੈਸ਼ਨਲ ਡੈਸਕ- ਅਮਰੀਕਾ ਦੇ ਵੈਲਸਪਨ ਹਸਪਤਾਲ ਦੇ ਸੀਨੀਅਰ ਫੇਫੜਾ ਰੋਗ ਮਾਹਿਰ ਡਾ. ਤਾਰਕੇਸ਼ਵਰ ਤਿਵਾੜੀ ਨੇ ਚਿਤਾਵਨੀ ਦਿੱਤੀ ਹੈ ਕਿ ਦੇਸ਼ 'ਚ ਪਾਣੀ, ਹਵਾ ਅਤੇ ਰੋਜ਼ਾਨਾ ਜੀਵਨ ਨਾਲ ਜੁੜੇ ਵਧਦੇ ਪ੍ਰਦੂਸ਼ਣ ਕਾਰਨ ਫੇਫੜਿਆਂ ਸਮੇਤ ਕਈ ਕਿਸਮ ਦੇ ਕੈਂਸਰ ਦਾ ਖਤਰਾ ਤੇਜ਼ੀ ਨਾਲ ਵਧ ਰਿਹਾ ਹੈ। ਉਹ ਕਹਿੰਦੇ ਹਨ ਕਿ ਭਾਰਤ 'ਚ ਇਲਾਜ ਲਈ ਮਜ਼ਬੂਤ ਬੁਨਿਆਦੀ ਸਿਹਤ ਸਹੂਲਤਾਂ ਅਜੇ ਵੀ ਪੂਰੀ ਤਰ੍ਹਾਂ ਤਿਆਰ ਨਹੀਂ ਹੋਈਆਂ।
ਪਾਣੀ ਅਤੇ ਖੁਰਾਕ 'ਚ ਮਿਲਾਵਟ ਤੋਂ ਵੱਧ ਰਿਹਾ ਖਤਰਾ
ਬਕਸਰ ਜ਼ਿਲ੍ਹੇ ਦੇ ਸੋਨਬਰਸਾ ਪਿੰਡ 'ਚ ਆਪਣੇ ਪਰਿਵਾਰ ਨੂੰ ਮਿਲਣ ਆਏ ਡਾ. ਤਿਵਾੜੀ ਨੇ ਕਿਹਾ ਕਿ ਦੇਸ਼ ਦੇ ਕਈ ਹਿੱਸਿਆਂ 'ਚ ਪੀਣ ਵਾਲੇ ਪਾਣੀ 'ਚ ਆਰਸੇਨਿਕ ਦੀ ਮਾਤਰਾ ਖਤਰਨਾਕ ਤਰੀਕੇ ਨਾਲ ਵਧੀ ਹੋਈ ਹੈ। ਇਸ ਤੋਂ ਉਪਰੰਤ ਲੋਕ ਮਿਲਾਵਟੀ ਅਨਾਜ, ਸਬਜ਼ੀਆਂ, ਦੁੱਧ ਅਤੇ ਹੋਰ ਰੋਜ਼ਾਨਾ ਦੇ ਖਾਣੇ ਦੀ ਵਰਤੋਂ ਕਰ ਰਹੇ ਹਨ, ਜੋ ਸਰੀਰ ਨੂੰ ਗੰਭੀਰ ਨੁਕਸਾਨ ਪਹੁੰਚਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਸਾਰੇ ਕਾਰਨ ਹਵਾ ਪ੍ਰਦੂਸ਼ਣ ਨਾਲ ਮਿਲ ਕੇ ਫੇਫੜਿਆਂ ਦੇ ਕੈਂਸਰ ਦਾ ਖਤਰਾ ਹੋਰ ਵਧਾ ਰਹੇ ਹਨ।
ਸਿਗਰਟਨੋਸ਼ੀ ਨਾ ਕਰਨ ਵਾਲਿਆਂ 'ਚ ਵੀ ਕੈਂਸਰ ਦੇ ਵਧ ਰਹੇ ਕੇਸ
ਡਾ. ਤਿਵਾੜੀ ਨੇ ਦੱਸਿਆ ਕਿ ਲੈਂਸੇਟ ਦੇ ਈ-ਕਲੀਨਿਕਲ ਮੈਡਿਸਿਨ ਜਰਨਲ 'ਚ ਪ੍ਰਕਾਸ਼ਿਤ ਇਕ ਤਾਜ਼ਾ ਖੋਜ ਮੁਤਾਬਕ ਭਾਰਤ 'ਚ ਫੇਫੜਿਆਂ ਦਾ ਕੈਂਸਰ ਉਨ੍ਹਾਂ ਲੋਕਾਂ 'ਚ ਵੀ ਤੇਜ਼ੀ ਨਾਲ ਵੱਧ ਰਿਹਾ ਹੈ ਜਿਨ੍ਹਾਂ ਨੇ ਕਦੇ ਸਿਗਰਟਨੋਸ਼ੀ ਨਹੀਂ ਕੀਤਾ। ਇਸ ਦੇ ਮੁੱਖ ਕਾਰਨਾਂ 'ਚ ਪੈਸਿਵ ਸਮੋਕਿੰਗ, ਰੇਡਾਨ ਗੈਸ, ਵਧਦਾ ਹਵਾ ਪ੍ਰਦੂਸ਼ਣ, ਐਸਬੈਸਟਸ ਅਤੇ ਪਰਿਵਾਰਕ ਇਤਿਹਾਸ ਸ਼ਾਮਲ ਹਨ। ਉਹ ਕਹਿੰਦੇ ਹਨ ਕਿ ਲੰਬੇ ਸਮੇਂ ਤੱਕ PM 2.5 ਅਤੇ ਜ਼ਹਿਰੀਲੀਆਂ ਗੈਸਾਂ ਦੇ ਸੰਪਰਕ ਨਾਲ ਫੇਫੜਿਆਂ ਦੇ ਟਿਸ਼ੂਜ਼ ਨੂੰ ਨੁਕਸਾਨ ਪਹੁੰਚਦਾ ਹੈ, ਜਿਸ ਨਾਲ ਕੈਂਸਰ ਦਾ ਖਤਰਾ ਵੱਧ ਜਾਂਦਾ ਹੈ।
ਬੁਨਿਆਦੀ ਸਿਹਤ ਸਹੂਲਤਾਂ ਦੀ ਕਮੀ ਚਿੰਤਾ ਦਾ ਵਿਸ਼ਾ
ਡਾ. ਤਿਵਾੜੀ ਨੇ ਕਿਹਾ ਕਿ ਖ਼ਾਸ ਕਰਕੇ ਬਿਹਾਰ ਸਣੇ ਕਈ ਸੂਬਿਆਂ 'ਚ ਅਜੇ ਵੀ ਕੈਂਸਰ ਜਾਂ ਫੇਫੜਿਆਂ ਦੀਆਂ ਬੀਮਾਰੀਆਂ ਦੀ ਸ਼ੁਰੂਆਤੀ ਸਕ੍ਰੀਨਿੰਗ ਲਈ ਬੁਨਿਆਦੀ ਸਹੂਲਤਾਂ ਦੀ ਬਹੁਤ ਕਮੀ ਹੈ। ਮਾਹਿਰ ਡਾਕਟਰਾਂ ਦੀ ਘਾਟ ਕਾਰਨ ਲੋਕਾਂ ਨੂੰ ਗੰਭੀਰ ਬੀਮਾਰੀਆਂ ਦੇ ਇਲਾਜ ਲਈ ਸਮੇਂ ‘ਤੇ ਸਹੀ ਸਹਾਇਤਾ ਨਹੀਂ ਮਿਲ ਪਾ ਰਹੀ।
ਆਮ ਲੋਕਾਂ ਲਈ ਸਲਾਹ
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜ਼ਹਿਰੀਲੇ ਪ੍ਰਦੂਸ਼ਣ ਤੋਂ ਬਚਣ ਲਈ ਸਾਫ-ਸੁਥਰਾ ਖਾਣਾ, ਸ਼ੁੱਧ ਪਾਣੀ, ਸਿਹਤਮੰਦ ਜੀਵਨਸ਼ੈਲੀ ਅਤੇ ਰੋਜ਼ਾਨਾ ਹਲਕੀ-ਫੁਲਕੀ ਕਸਰਤ ਜ਼ਰੂਰੀ ਹਨ। ਸਿਹਤ ਪ੍ਰਤੀ ਲਾਪਰਵਾਹੀ ਅੱਗੇ ਚੱਲ ਕੇ ਗੰਭੀਰ ਬੀਮਾਰੀਆਂ ਦਾ ਕਾਰਣ ਬਣ ਸਕਦੀ ਹੈ। ਡਾ. ਤਿਵਾੜੀ ਨੇ ਜ਼ੋਰ ਦੇ ਕੇ ਕਿਹਾ ਕਿ ਜੇ ਪ੍ਰਦੂਸ਼ਣ ‘ਤੇ ਤੁਰੰਤ ਕਾਬੂ ਨਾ ਕੀਤਾ ਗਿਆ ਤਾਂ ਫੇਫੜਾ ਕੈਂਸਰ ਦੇ ਮਾਮਲਿਆਂ 'ਚ ਹੋਰ ਵੀ ਖਤਰਨਾਕ ਵਾਧਾ ਹੋ ਸਕਦਾ ਹੈ।
ਇਹ ਵੀ ਪੜ੍ਹੋ: ਕਈ ਬੀਮਾਰੀਆਂ ਦਾ ਕਾਰਨ ਬਣ ਸਕਦਾ ਹੈ Low BP, ਨਜ਼ਰਅੰਦਾਜ ਕਰਨਾ ਪੈ ਸਕਦੈ ਭਾਰੀ
ਫਰਾਂਸ ਨੇ ਖੋਲੀ ਪਾਕਿ ਦੇ ਝੂਠ ਦੀ ਪੋਲ! 'ਰਾਫੇਲ ਨੁਕਸਾਨ' ਤੇ 'Pak ਏਅਰ ਸੁਪੀਰੀਆਰਿਟੀ' ਦੇ ਦਾਅਵੇ ਨੂੰ ਦੱਸਿਆ ਫਰਜ਼ੀ
NEXT STORY