ਮੁੰਬਈ (ਇੰਟ.)- ਮਹਾਰਾਸ਼ਟਰ ਵਿਚ 9 ਫਰਵਰੀ 1964 ਨੂੰ ਜਨਮੇ ਏਕਨਾਥ ਸ਼ਿੰਦੇ ਸਤਾਰਾ ਜ਼ਿਲ੍ਹੇ ਦੇ ਪਹਾੜੀ ਜਵਾਲੀ ਤਾਲੁਕਾ ਤੋਂ ਆਉਂਦੇ ਹਨ ਅਤੇ ਮਰਾਠੀ ਭਾਈਚਾਰੇ ਤੋਂ ਹਨ। ਏਕਨਾਥ ਸ਼ਿੰਦੇ ਨੇ 11ਵੀਂ ਜਮਾਤ ਤੱਕ ਠਾਣੇ ਵਿਚ ਹੀ ਪੜ੍ਹਾਈ ਕੀਤੀ ਅਤੇ ਇਸ ਤੋਂ ਬਾਅਦ ਵਾਗਲੇ ਐਸਟੇਟ ਇਲਾਕੇ ਵਿਚ ਰਹਿ ਕੇ ਆਟੋ ਰਿਕਸ਼ਾ ਚਲਾਉਣ ਲੱਗੇ। ਆਟੋ ਰਿਕਸ਼ਾ ਚਲਾਉਂਦੇ-ਚਲਾਉਂਦੇ ਏਕਨਾਥ ਸ਼ਿੰਦੇ 80 ਦੇ ਦਹਾਕੇ ਵਿਚ ਸ਼ਿਵ ਸੈਨਾ ਨਾਲ ਜੁੜ ਗਏ ਅਤੇ ਪਾਰਟੀ ਦੇ ਇਕ ਆਮ ਵਰਕਰ ਵਜੋਂ ਆਪਣਾ ਸਿਆਸੀ ਸਫ਼ਰ ਸ਼ੁਰੂ ਕੀਤਾ। ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਨਾਲ ਲੱਗੇ ਠਾਣੇ ਜ਼ਿਲੇ ਦੇ ਸਭ ਤੋਂ ਪ੍ਰਭਾਵਸ਼ਾਲੀ ਨੇਤਾਵਾਂ ਵਿਚ ਏਕਨਾਥ ਸ਼ਿੰਦੇ ਦੀ ਗਿਣਤੀ ਹੁੰਦੀ ਹੈ। ਲੋਕ ਸਭਾ ਦੀਆਂ ਚੋਣਾਂ ਹੋਣ ਜਾਂ ਲੋਕਲ ਬਾਡੀਜ਼ ਦੀਆਂ, ਠਾਣੇ ਵਿਚ ਜਿੱਤ ਲਈ ਏਕਨਾਥ ਸ਼ਿੰਦੇ ਦਾ ਸਾਥ ਜ਼ਰੂਰੀ ਮੰਨਿਆ ਜਾਂਦਾ ਹੈ। ਹਾਲਾਂਕਿ ਏਕਨਾਥ ਸ਼ਿੰਦੇ ਨੇ ਸ਼ਿਵ ਸੈਨਾ ਵਿਚ ਜ਼ਮੀਨੀ ਵਰਕਰ ਵਜੋਂ ਕੰਮ ਕੀਤਾ ਅਤੇ ਠਾਣੇ ਦੇ ਪ੍ਰਭਾਵਸ਼ਾਲੀ ਨੇਤਾ ਆਨੰਦ ਦੀਘੇ ਦੀ ਉਂਗਲੀ ਫੜ੍ਹ ਕੇ ਅੱਗੇ ਵਧੇ।
ਏਕਨਾਥ ਸ਼ਿੰਦੇ 1997 ਵਿਚ ਠਾਣੇ ਮਹਾਨਾਗਰ ਪਾਲਿਕਾ ਤੋਂ ਕੌਂਸਲਰ ਚੁਣੇ ਗਏ ਅਤੇ 2001 ਵਿਚ ਨਗਰ ਨਿਗਮ ਸਦਨ ਵਿਚ ਵਿਰੋਧੀ ਧਿਰ ਦੇ ਨੇਤਾ ਬਣੇ। ਇਸ ਤੋਂ ਬਾਅਦ ਦੋਬਾਰਾ ਸਾਲ 2002 ਵਿਚ ਦੂਜੀ ਵਾਰ ਨਿਗਮ ਕੌਂਸਲਰ ਬਣੇ। ਇਸ ਤੋਂ ਇਲਾਵਾ 3 ਸਾਲ ਤੱਕ ਪਾਵਰਫੁੱਲ ਸਟੈਂਡਿੰਗ ਕਮੇਟੀ ਦੇ ਮੈਂਬਰ ਰਹੇ। ਹਾਲਾਂਕਿ ਦੂਜੀ ਵਾਰ ਕੌਂਸਲਰ ਚੁਣੇ ਜਾਣ ਦੇ 2 ਸਾਲ ਬਾਅਦ ਹੀ ਉਹ ਵਿਧਾਇਕ ਬਣ ਗਏ ਪਰ ਸ਼ਿਵ ਸੈਨਾ ਵਿਚ ਸਿਆਸੀ ਬੁਲੰਦੀ ਸਾਲ 2000 ਦੇ ਬਾਅਦ ਛੂਹ ਸਕੇ। ਠਾਣੇ ਇਲਾਕੇ ਵਿਚ ਸ਼ਿਵ ਸੈਨਾ ਦੇ ਚੋਟੀ ਦੇ ਨੇਤਾ ਆਨੰਦ ਦੀਘੇ ਦਾ ਸਾਲ 2000 ਵਿਚ ਦਿਹਾਂਤ ਹੋ ਗਿਆ। ਇਸ ਤੋਂ ਬਾਅਦ ਹੀ ਠਾਣੇ ਵਿਚ ਏਕਨਾਥ ਸ਼ਿੰਦੇ ਅੱਗੇ ਵਧੇ। ਇਸੇ ਦੌਰਾਨ 2005 ਵਿਚ ਨਾਰਾਇਣ ਰਾਣੇ ਨੇ ਸ਼ਿਵ ਸੈਨਾ ਛੱਡ ਦਿੱਤੀ, ਜਿਸ ਤੋਂ ਬਾਅਦ ਏਕਨਾਥ ਸ਼ਿੰਦੇ ਦਾ ਕਦ ਪਾਰਟੀ ਵਿਚ ਵਧਦਾ ਚਲਾ ਗਿਆ। ਰਾਜ ਠਾਕਰੇ ਦੇ ਸ਼ਿਵ ਸੈਨਾ ਛੱਡਣ ਤੋਂ ਬਾਅਦ ਏਕਨਾਥ ਸ਼ਿੰਦੇ ਦਾ ਗ੍ਰਾਫ਼ ਸ਼ਿਵ ਸੈਨਾ ਵਿਚ ਤਾਂ ਵਧਿਆ ਹੀ ਉਹ ਠਾਕਰੇ ਪਰਿਵਾਰ ਦੇ ਕਰੀਬੀ ਵੀ ਬਣ ਗਏ।
ਇਹ ਵੀ ਪੜ੍ਹੋ : ਮਹਾਰਾਸ਼ਟਰ : ਏਕਨਾਥ ਸ਼ਿੰਦੇ ਬਣੇ CM, ਫੜਨਵੀਸ ਨੇ ਡਿਪਟੀ CM ਅਹੁਦੇ ਵਜੋਂ ਚੁੱਕੀ ਸਹੁੰ
ਊਧਵ ਠਾਕਰੇ ਦੇ ਨਾਲ ਏਕਨਾਥ ਮਜ਼ਬੂਤੀ ਨਾਲ ਖੜ੍ਹੇ ਰਹੇ। ਸਾਲ 2019 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਊਧਵ ਠਾਕਰੇ ਨੇ ਇਕ ਇੰਟਰਵਿਊ ਵਿਚ ਕਿਹਾ ਸੀ ਕਿ ਮਹਾਰਾਸ਼ਟਰ ਵਿਚ ਇਕ ਸ਼ਿਵ ਸੈਨਿਕ ਹੀ ਸੀ.ਐੱਮ. ਬਣੇਗਾ। ਊਧਵ ਨੇ ਕਿਹਾ ਸੀ ਕਿ ਉਹ ਵਚਨ ਮੈਂ ਬਾਲਾਸਾਹਿਬ ਠਾਕਰੇ ਨੂੰ ਦਿੱਤਾ ਸੀ। ਅਜਿਹੇ ਵਿਚ ਮਹਾ ਵਿਕਾਸ ਅਘਾੜੀ ਦੀ ਸਰਕਾਰ ਬਣ ਰਹੀ ਸੀ ਤਾਂ ਏਕਨਾਥ ਸ਼ਿੰਦੇ ਦਾ ਨਾਂ ਬਤੌਰ ਸੀ. ਐੱਮ. ਸਭ ਤੋਂ ਤੇਜ਼ੀ ਨਾਲ ਉਭਰਿਆ ਸੀ। ਉਸ ਸਮੇਂ ਸ਼ਿਵ ਸੈਨਾ ਦੇ ਵਿਧਾਇਕ ਅਤੇ ਨੇਤਾ ਵੀ ਉਨ੍ਹਾਂ ਦੇ ਨਾਂ ’ਤੇ ਤਿਆਰ ਸਨ ਪਰ ਐੱਨ. ਸੀ. ਪੀ. ਅਤੇ ਕਾਂਗਰਸ ਇਸ ’ਤੇ ਸਹਿਮਤ ਨਹੀਂ ਸਨ। ਮਹਾ ਵਿਕਾਸ ਅਘਾੜੀ ਵਲੋਂ ਊਧਵ ਠਾਕਰੇ ਦਾ ਨਾਂ ਸਾਹਮਣੇ ਆਉਣ ਨਾਲ ਏਕਨਾਥ ਸ਼ਿੰਦੇ ਦੀਆਂ ਉਮੀਦਾਂ ’ਤੇ ਪਾਣੀ ਫਿਰ ਗਿਆ। ਹਾਲਾਂਕਿ ਉਸ ਤੋਂ ਪਹਿਲਾਂ ਏਕਨਾਥ ਸ਼ਿੰਦੇ ਦੇ ਹਮਾਇਤੀ ਜਗ੍ਹਾ-ਜਗ੍ਹਾ ਉਨ੍ਹਾਂ ਨੂੰ ਭਵਿੱਖ ਦਾ ਸੀ. ਐੱਮ. ਦੱਸਣ ਵਾਲੇ ਪੋਸਟਰ ਲਗਾਉਣ ਲੱਗੇ ਸਨ। ਏਕਨਾਥ ਸ਼ਿੰਦੇ ਮਹਾਰਾਸ਼ਟਰ ਵਿਚ ਭਾਜਪਾ ਦੇ ਨਾਲ ਸਰਕਾਰ ਬਣਾਉਣ ਦੇ ਪੱਖ ਵਿਚ ਸਨ ਪਰ ਊਧਵ ਠਾਕਰੇ ਦੇ ਸੀ. ਐੱਮ. ਬਣਨ ਤੋਂ ਬਾਅਦ ਉਨ੍ਹਾਂ ਖਾਮੋਸ਼ੀ ਅਖਤਿਆਰ ਕਰ ਲਈ ਸੀ। ਅਜਿਹੇ ਵਿਚ ਉਨ੍ਹਾਂ ਨੂੰ ਊਧਵ ਸਰਕਾਰ ਵਿਚ ਨਗਰ ਵਿਕਾਸ ਵਰਗਾ ਭਾਰੀ ਮੰਤਰਾਲਾ ਦਿੱਤਾ ਗਿਆ, ਜਿਸ ਨਾਲ ਉਨ੍ਹਾਂ ਦੇ ਸਿਆਸੀ ਕਦ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ।
ਚਾਰ ਵਾਰ ਵਿਧਾਇਕ ਬਣੇ ਏਕਨਾਥ ਸ਼ਿੰਦੇ
ਮਾਤੋਸ਼੍ਰੀ ਦੇ ਸਭ ਤੋਂ ਕਰੀਬੀ ਨੇਤਾਵਾਂ ਦੀ ਲਿਸਟ ਵਿਚ ਏਕਨਾਥ ਸ਼ਿੰਦੇ ਦਾ ਨਾਂ ਸਭ ਤੋਂ ਪਹਿਲਾਂ ਲਿਆ ਜਾਂਦਾ ਸੀ। ਏਕਨਾਥ ਸ਼ਿੰਦੇ ਠਾਣੇ ਦੀ ਕੋਪਰੀ-ਪੰਚਪਖਾੜੀ ਸੀਟ ਤੋਂ ਸ਼ਿਵ ਸੈਨਾ ਦੀ ਟਿਕਟ ’ਤੇ ਸਾਲ 2004 ਵਿਚ ਪਹਿਲੀ ਵਾਰ ਵਿਧਾਇਕ ਚੁਣੇ ਗਏ ਸਨ। ਸ਼ਿੰਦੇ ਇਸ ਤੋਂ ਬਾਅਦ 2009, 2014 ਅਤੇ 2019 ਵਿਚ ਵੀ ਵਿਧਾਨ ਸਭਾ ਮੈਂਬਰ ਚੁਣੇ ਗਏ। ਇੰਨਾ ਹੀ ਨਹੀਂ, ਏਕਨਾਥ ਸ਼ਿੰਦੇ ਨੇ ਨਗਰ ਪਾਲਿਕਾ ਦੇ ਕੌਂਸਲਰ ਤੋਂ ਲੈ ਕੇ ਵਿਧਾਇਕ ਅਤੇ ਮੰਤਰੀ ਤੱਕ ਦਾ ਸਫ਼ਰ ਤੈਅ ਕੀਤਾ।
2019 ਵਿਚ ਚੁਣੇ ਗਏ ਸਨ ਵਿਧਾਇਕ ਦਲ ਦੇ ਨੇਤਾ
ਸਾਲ 2019 ਦੀ ਚੋਣ ਜੰਗ ਜਿੱਤ ਕੇ ਜਦੋਂ ਉਹ ਚੌਥੀ ਵਾਰ ਵਿਧਾਨ ਸਭਾ ਪੁੱਜੇ, ਸ਼ਿਵ ਸੈਨਾ ਅਤੇ ਉਸ ਦੀ ਉਦੋਂ ਗਠਜੋੜ ਸਹਿਯੋਗੀ ਰਹੀ ਭਾਜਪਾ ਦਰਮਿਆਨ ਗੱਲ ਵਿਗੜ ਗਈ। ਸ਼ਿਵ ਸੈਨਾ ਵਿਧਾਇਕ ਦਲ ਦੀ ਬੈਠਕ ਵਿਚ ਏਕਨਾਥ ਸ਼ਿੰਦੇ ਨੂੰ ਵਿਧਾਇਕ ਦਲ ਦਾ ਨੇਤਾ ਚੁਣ ਲਿਆ ਗਿਆ, ਉਦੋਂ ਆਦਿਤਿਆ ਠਾਕਰੇ ਨੂੰ ਨੇਤਾ ਚੁਣੇ ਜਾਣ ਦੀਆਂ ਅਟਕਲਾਂ ਲਾਈਆਂ ਜਾ ਰਹੀਆਂ ਸਨ। ਸ਼ਿਵ ਸੈਨਾ ਵਿਧਾਇਕ ਦਲ ਦੀ ਬੈਠਕ ਵਿਚ ਆਦਿਤਿਆ ਠਾਕਰੇ ਨੇ ਹੀ ਏਕਨਾਥ ਸ਼ਿੰਦੇ ਦੇ ਨਾਂ ਦਾ ਪ੍ਰਸਤਾਵ ਰੱਖਿਆ ਅਤੇ ਉਨ੍ਹਾਂ ਨੂੰ ਵਿਧਾਇਕ ਦਲ ਦਾ ਨੇਤਾ ਚੁਣ ਲਿਆ ਗਿਆ।
ਇਹ ਵੀ ਪੜ੍ਹੋ : PM ਮੋਦੀ ਅਤੇ ਅਮਿਤ ਸ਼ਾਹ ਦਾ ਸਿਰ ਕਲਮ ਕਰਨ ਦੀ ਧਮਕੀ ਦੇਣ ਵਾਲਾ ਗ੍ਰਿਫ਼ਤਾਰ
ਹਾਦਸੇ ’ਚ ਹੋ ਗਈ ਸੀ 2 ਬੱਚਿਆਂ ਦੀ ਮੌਤ
ਇਕ ਹਾਦਸੇ ਵਿਚ ਸ਼ਿੰਦੇ ਨੇ ਆਪਣੇ 2 ਬੱਚਿਆਂ ਨੂੰ ਗੁਆ ਦਿੱਤਾ ਸੀ। ਉਨ੍ਹਾਂ ਦਾ ਬੇਟਾ ਅਤੇ ਬੇਟੀ ਉਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਸਤਾਰਾ ਵਿਚ ਡੁੱਬ ਗਏ ਸਨ। ਇਸ ਘਟਨਾ ਤੋਂ ਬਾਅਦ ਸ਼ਿੰਦੇ ਇਕਾਂਤ ਵਿਚ ਚਲੇ ਗਏ ਸਨ। ਉਨ੍ਹਾਂ ਸਿਆਸਤ ਛੱਡ ਦਿੱਤੀ ਸੀ। ਉਹ ਉਦੋਂ ਸ਼ਿਵ ਸੈਨਾ ਦੇ ਕੌਂਸਲਰ ਸਨ ਪਰ ਆਨੰਦ ਦੀਘੇ ਉਨ੍ਹਾਂ ਨੂੰ ਦੋਬਾਰਾ ਜਨਤਕ ਜੀਵਨ ਵਿਚ ਵਾਪਸ ਲਿਆਏ ਅਤੇ ਉਨ੍ਹਾਂ ਨੂੰ ਠਾਣੇ ਨਗਰ ਨਿਗਮ ਵਿਚ ਸਦਨ ਦਾ ਨੇਤਾ ਬਣਾਇਆ।
ਕਦੋਂ ਕੀ ਹੋਇਆ
20 ਜੂਨ : ਏਕਨਾਥ ਸ਼ਿੰਦੇ ਵਿਧਾਇਕਾਂ ਦੇ ਨਾਲ ਗੁਜਰਾਤ ਪੁੱਜੇ।
21 ਜੂਨ : ਸ਼ਿੰਦੇ ਨੇ ਆਪਣੇ ਕੋਲ 35 ਤੋਂ ਵਧ ਵਿਧਾਇਕਾਂ ਦੇ ਹੋਣ ਦਾ ਦਾਅਵਾ ਕੀਤਾ।
22 ਜੂਨ : ਸ਼ਿੰਦੇ 40 ਵਿਧਾਇਕਾਂ ਦੇ ਨਾਲ ਗੁਹਾਟੀ ਪੁੱਜੇ।
23 ਜੂਨ : 7 ਵਿਧਾਇਕਾਂ ਨੇ ਸ਼ਿੰਦੇ ਨੂੰ ਸ਼ਿਵ ਸੈਨਾ ਵਿਧਾਇਕ ਦਲ ਦਾ ਨੇਤਾ ਐਲਾਨ ਕੀਤਾ।
24 ਜੂਨ : 16 ਐੱਮ. ਐੱਲ. ਏ. ਨੂੰ ਅਯੋਗ ਐਲਾਨ ਕਰਨ ਦੀ ਮੰਗ ਉੱਠੀ, ਡਿਪਟੀ ਸਪੀਕਰ ਖਿਲਾਫ ਬੇਭਰੋਸਗੀ ਦਾ ਮਤਾ ਲਿਆਂਦਾ ਗਿਆ।
26 ਜੂਨ : ਡਿਪਟੀ ਸਪੀਕਰ ਖਿਲਾਫ ਬੇਭਰੋਸਗੀ ਮਤ ਖਾਰਿਜ ਹੋਣ ’ਤੇ ਸ਼ਿੰਦੇ ਸੁਪਰੀਮ ਕੋਰਟ ਪੁੱਜੇ।
27 ਜੂਨ : ਕੋਰਟ ਨੇ ਸੁਣਵਾਈ ਦੀ ਤਰੀਕ 11 ਜੁਲਾਈ ਰੱਖੀ।
28 ਜੂਨ : ਸ਼ਿੰਦੇ ਨੇ ਦੇਵੇਂਦਰ ਫੜਨਵੀਸ ਨਾਲ ਮੁਲਾਕਾਤ ਕੀਤੀ।
29 ਜੂਨ : 30 ਜੂਨ ਨੂੰ ਫਲੋਰ ਟੈਸਟ ਦਾ ਹੁਕਮ, ਊਧਵ ਠਾਕਰੇ ਨੇ ਦਿੱਤਾ ਅਸਤੀਫਾ।
30 ਜੂਨ : ਏਕਨਾਥ ਸ਼ਿੰਦੇ ਸੀ. ਐੱਮ. ਬਣੇ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਫਿਰੋਜ਼ਪੁਰ-ਅਗਰਤਲਾ ਐਕਸਪ੍ਰੈੱਸ ਟ੍ਰੇਨ 4 ਤੇ 11 ਨੂੰ ਰਹੇਗੀ ਰੱਦ
NEXT STORY