ਨਵੀਂ ਦਿੱਲੀ/ਇੰਦੌਰ : ਜੈਪੁਰ ਤੋਂ ਬੈਂਗਲੁਰੂ ਜਾ ਰਹੀ ਏਅਰ ਇੰਡੀਆ ਦੀ ਫਲਾਈਟ ਵਿੱਚ ਇੱਕ ਬਹੁਤ ਹੀ ਦੁਖਦਾਈ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਸਾਲ ਦੇ ਮਾਸੂਮ ਬੱਚੇ ਦੀ ਮੈਡੀਕਲ ਐਮਰਜੈਂਸੀ ਕਾਰਨ ਮੌਤ ਹੋ ਗਈ,। ਸਫ਼ਰ ਦੌਰਾਨ ਬੱਚੇ ਨੂੰ ਅਚਾਨਕ ਸਾਹ ਲੈਣ ਵਿੱਚ ਤਕਲੀਫ਼ ਹੋਣ ਕਾਰਨ ਜਹਾਜ਼ ਨੂੰ ਇੰਦੌਰ ਵੱਲ ਮੋੜਨਾ ਪਿਆ ਅਤੇ ਉੱਥੇ ਐਮਰਜੈਂਸੀ ਲੈਂਡਿੰਗ ਕਰਵਾਈ ਗਈ।
ਸਫਰ ਦੌਰਾਨ ਵਿਗੜੀ ਹਾਲਤ
ਏਅਰ ਇੰਡੀਆ ਐਕਸਪ੍ਰੈਸ ਦੀ ਫਲਾਈਟ ਨੰਬਰ IX1240 ਜੈਪੁਰ ਤੋਂ ਬੈਂਗਲੁਰੂ ਜਾ ਰਹੀ ਸੀ, ਜਿਸ ਨੇ ਰਾਤ ਨੂੰ ਆਪਣੀ ਮੰਜ਼ਿਲ 'ਤੇ ਪਹੁੰਚਣਾ ਸੀ। ਪਰ ਵਿਚਕਾਰ ਰਸਤੇ ਵਿੱਚ ਹੀ ਇਕ ਸਾਲ ਦੇ ਬੱਚੇ ਨੂੰ ਸਾਹ ਲੈਣ ਵਿੱਚ ਦਿੱਕਤ ਹੋਣ ਲੱਗੀ। ਬੱਚੇ ਦੀ ਹਾਲਤ ਨੂੰ ਦੇਖਦੇ ਹੋਏ ਪਾਇਲਟ ਨੇ ਰਾਤ ਕਰੀਬ 8 ਵਜੇ ਏਅਰ ਟ੍ਰੈਫਿਕ ਕੰਟਰੋਲ (ATC) ਨਾਲ ਸੰਪਰਕ ਕੀਤਾ ਅਤੇ ਇੰਦੌਰ ਵਿੱਚ ਮੈਡੀਕਲ ਐਮਰਜੈਂਸੀ ਲੈਂਡਿੰਗ ਲਈ ਬੇਨਤੀ ਕੀਤੀ।
ਹਸਪਤਾਲ 'ਚ ਤੋੜਿਆ ਦਮ
ਫਲਾਈਟ ਵਿੱਚ ਸਵਾਰ ਇੱਕ ਯਾਤਰੀ, ਜੋ ਪੇਸ਼ੇ ਤੋਂ ਡਾਕਟਰ ਸੀ, ਨੇ ਤੁਰੰਤ ਬੱਚੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਅਤੇ ਹਵਾ ਵਿੱਚ ਹੀ ਉਸ ਨੂੰ ਸੀ.ਪੀ.ਆਰ. (CPR) ਦਿੱਤਾ। ਜਹਾਜ਼ ਦੇ ਲੈਂਡ ਹੁੰਦੇ ਹੀ ਏਅਰਲਾਈਨ ਵੱਲੋਂ ਤਿਆਰ ਰੱਖੀ ਗਈ ਐਂਬੂਲੈਂਸ ਰਾਹੀਂ ਬੱਚੇ ਨੂੰ ਤੁਰੰਤ ਨੇੜਲੇ ਹਸਪਤਾਲ ਲਿਜਾਇਆ ਗਿਆ। ਪਰ ਬਦਕਿਸਮਤੀ ਨਾਲ, ਇਲਾਜ ਦੌਰਾਨ ਬੱਚੇ ਦੀ ਮੌਤ ਹੋ ਗਈ।
ਏਅਰਲਾਈਨ ਦਾ ਬਿਆਨ
ਏਅਰ ਇੰਡੀਆ ਐਕਸਪ੍ਰੈਸ ਦੇ ਬੁਲਾਰੇ ਨੇ ਦੱਸਿਆ ਕਿ ਇਹ ਘਟਨਾ 6 ਜਨਵਰੀ ਨੂੰ ਵਾਪਰੀ ਸੀ। ਉਨ੍ਹਾਂ ਕਿਹਾ ਕਿ ਕਰੂ ਮੈਂਬਰਾਂ ਅਤੇ ਫਲਾਈਟ ਵਿੱਚ ਮੌਜੂਦ ਡਾਕਟਰ ਨੇ ਬੱਚੇ ਦੀ ਮਦਦ ਲਈ ਹਰ ਸੰਭਵ ਕੋਸ਼ਿਸ਼ ਕੀਤੀ। ਏਅਰਲਾਈਨ ਨੇ ਇਸ ਦੁਖਦਾਈ ਘੜੀ ਵਿੱਚ ਪੀੜਤ ਪਰਿਵਾਰ ਨਾਲ ਡੂੰਘੀ ਹਮਦਰਦੀ ਪ੍ਰਗਟ ਕੀਤੀ ਹੈ। ਇਸ ਘਟਨਾ ਨੇ ਜਹਾਜ਼ ਵਿੱਚ ਸਵਾਰ ਸਾਰੇ ਯਾਤਰੀਆਂ ਨੂੰ ਹਿਲਾ ਕੇ ਰੱਖ ਦਿੱਤਾ। ਫਿਲਹਾਲ ਬੱਚੇ ਦੀ ਗੰਭੀਰ ਮੈਡੀਕਲ ਹਾਲਤ ਨੂੰ ਹੀ ਮੌਤ ਦਾ ਕਾਰਨ ਦੱਸਿਆ ਜਾ ਰਿਹਾ ਹੈ।
ਆਤਿਸ਼ੀ ਦੀ ਟਿੱਪਣੀ 'ਤੇ ਵਧਿਆ ਰੋਸ ! ਇੰਦੌਰ 'ਚ ਗੁੱਸੇ 'ਚ ਆਏ ਲੋਕਾ ਨੇ 'ਆਪ' ਦਫ਼ਤਰ ਦੀ ਕੀਤੀ ਭੰਨਤੋੜ
NEXT STORY