ਜੈਪੁਰ- ਰਾਜਸਥਾਨ ਦੇ ਹਨੂੰਮਾਨਗੜ੍ਹ ਜ਼ਿਲ੍ਹੇ 'ਚ ਨਿਰਮਾਣ ਅਧੀਨ ਇਥੇਨੌਲ ਕਾਰਖਾਨੇ ਦੇ ਖ਼ਿਲਾਫ਼ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਸ਼ੁੱਕਰਵਾਰ ਨੂੰ ਲਗਾਤਾਰ ਚੌਥੇ ਦਿਨ ਵੀ ਜਾਰੀ ਰਿਹਾ। ਪ੍ਰਸ਼ਾਸਨ ਨੇ ਮਾਮਲੇ ਦਾ ਹੱਲ ਕੱਢਣ ਲਈ ਪ੍ਰਦਰਸ਼ਨਕਾਰੀ ਨੇਤਾਵਾਂ ਨਾਲ ਗੱਲਬਾਤ ਸ਼ੁਰੂ ਕੀਤੀ ਹੈ।
ਹਿੰਸਾ ਅਤੇ ਪ੍ਰਸ਼ਾਸਨ ਦਾ ਐਕਸ਼ਨ
ਬੁੱਧਵਾਰ ਨੂੰ ਪ੍ਰਦਰਸ਼ਨ ਦੌਰਾਨ ਹੋਈ ਭੰਨ-ਤੋੜ ਅਤੇ ਹਿੰਸਾ ਤੋਂ ਬਾਅਦ ਪ੍ਰਸ਼ਾਸਨ ਸਖ਼ਤ ਹੋ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪੁਲਸ ਨੇ ਹੁਣ ਤੱਕ 107 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ ਅਤੇ 40 ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ। ਇਸ ਇਲਾਕੇ 'ਚ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ। ਜ਼ਿਲ੍ਹਾ ਕਲੈਕਟਰ ਖੁਸ਼ਾਲ ਯਾਦਵ ਨੇ ਦੱਸਿਆ ਕਿ ਅੰਦੋਲਨਕਾਰੀਆਂ ਨੇ ਆਪਣੀਆਂ ਮੰਗਾਂ ਰੱਖੀਆਂ ਹਨ, ਜਿਸ 'ਚ ਅੰਦੋਲਨਕਾਰੀਆਂ 'ਤੇ ਕੋਈ ਸਜ਼ਾ ਦੇਣ ਵਾਲੀ ਕਾਰਵਾਈ ਨਾ ਕਰਨਾ ਵੀ ਸ਼ਾਮਲ ਹੈ, ਜਿਨ੍ਹਾਂ 'ਤੇ ਪ੍ਰਸ਼ਾਸਨ ਧਿਆਨ ਦੇ ਰਿਹਾ ਹੈ।
ਬੁੱਧਵਾਰ ਦੀ ਹਿੰਸਾ
ਇਥੇਨੌਲ ਫੈਕਟਰੀ ਹਟਾਓ ਸੰਘਰਸ਼ ਕਮੇਟੀ ਦੇ ਨੇਤਾਵਾਂ ਨੇ ਕਿਹਾ ਕਿ ਅੰਦੋਲਨ 16 ਮਹੀਨਿਆਂ ਤੋਂ ਸ਼ਾਂਤੀਪੂਰਨ ਚੱਲ ਰਿਹਾ ਸੀ, ਪਰ ਪ੍ਰਸ਼ਾਸਨ ਨੇ ਇਸ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ, ਬੁੱਧਵਾਰ ਨੂੰ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਨੇ ਹਿੰਸਕ ਰੂਪ ਲੈ ਲਿਆ ਜਦੋਂ ਸੈਂਕੜੇ ਪ੍ਰਦਰਸ਼ਨਕਾਰੀਆਂ ਨੇ ਰਾਠੀਖੇੜਾ ਪਿੰਡ 'ਚ ਨਿਰਮਾਣ ਅਧੀਨ ਕਾਰਖਾਨੇ ਵਾਲੀ ਥਾਂ 'ਤੇ ਹਮਲਾ ਕਰ ਦਿੱਤਾ। ਪ੍ਰਦਰਸ਼ਨਕਾਰੀਆਂ ਨੇ ਕੰਪਨੀ ਦੀ ਚਾਰਦੀਵਾਰੀ ਤੋੜ ਦਿੱਤੀ ਅਤੇ ਕਥਿਤ ਤੌਰ 'ਤੇ ਇਸ ਦੇ ਦਫ਼ਤਰ ਅਤੇ ਉੱਥੇ ਖੜ੍ਹੀਆਂ ਕਈ ਗੱਡੀਆਂ ਨੂੰ ਅੱਗ ਲਗਾ ਦਿੱਤੀ। ਪੁਲਸ ਨੇ ਭੀੜ ਨੂੰ ਦੌੜਾਉਣ ਲਈ ਲਾਠੀਚਾਰਜ ਅਤੇ ਹੰਝੂ ਗੈਸ ਦੇ ਗੋਲੇ ਦਾਗੇ, ਜਿਸ ਤੋਂ ਬਾਅਦ ਦੋਵਾਂ ਧਿਰਾਂ ਵਿਚਾਲੇ ਝੜਪ ਹੋ ਗਈ।
ਕਿਸਾਨਾਂ ਦੇ ਦੋਸ਼ ਅਤੇ ਮੁੱਖ ਮੰਗਾਂ
ਇਥੇਨੌਲ ਫੈਕਟਰੀ ਹਟਾਓ ਸੰਘਰਸ਼ ਕਮੇਟੀ ਦੇ ਨੇਤਾ ਰਵਜੋਤ ਸਿੰਘ ਨੇ ਕਿਹਾ ਕਿ ਜਦੋਂ ਤੱਕ ਪ੍ਰਸਤਾਵਿਤ ਪਲਾਂਟ ਨੂੰ ਹਟਾਇਆ ਨਹੀਂ ਜਾਂਦਾ, ਉਦੋਂ ਤੱਕ ਅੰਦੋਲਨ ਜਾਰੀ ਰਹੇਗਾ। ਕਿਸਾਨਾਂ ਦਾ ਮੁੱਖ ਦੋਸ਼ ਹੈ ਕਿ ਪ੍ਰਸਤਾਵਿਤ ਪਲਾਂਟ ਲਈ ਜ਼ਮੀਨ ਗਲਤ ਤਰੀਕੇ ਨਾਲ ਉਪਜਾਊ ਖੇਤਾਂ ਨੂੰ ਬੰਜਰ ਦੱਸ ਕੇ ਲਈ ਗਈ ਹੈ। ਇਕ ਸਥਾਨਕ ਕਿਸਾਨ ਗੁਰਪਾਲ ਸਿੰਘ ਨੇ ਦੱਸਿਆ ਕਿ ਇਹ ਜ਼ਮੀਨ ਬਹੁਤ ਉਪਜਾਊ ਹੈ, ਜਿੱਥੇ ਸਭ ਤੋਂ ਵਧੀਆ ਬਾਸਮਤੀ ਚੌਲਾਂ ਪੈਦਾਵਾਰ ਹੁੰਦੀ ਹੈ। ਅੰਦੋਲਨਕਾਰੀ ਨੇਤਾ ਮਾਨ ਸਿੰਘ ਨੇ ਚਿੰਤਾ ਪ੍ਰਗਟਾਈ ਕਿ ਪ੍ਰਸਤਾਵਿਤ ਇਥੇਨੌਲ ਕਾਰਖਾਨੇ ਨੂੰ ਰੋਜ਼ਾਨਾ 60 ਲੱਖ ਲੀਟਰ ਤਾਜ਼ੇ ਪਾਣੀ ਦੀ ਜ਼ਰੂਰਤ ਹੋਵੇਗੀ, ਜਿਸ ਨਾਲ ਪੀਣ ਵਾਲੇ ਪਾਣੀ, ਵਾਤਾਵਰਣ ਅਤੇ ਮਿੱਟੀ ਨੂੰ ਨੁਕਸਾਨ ਹੋਵੇਗਾ। ਇਸ ਦੌਰਾਨ, ਆਲ ਇੰਡੀਆ ਕਿਸਾਨ ਸਭਾ ਦੇ ਜ਼ਿਲ੍ਹਾ ਜਨਰਲ ਸਕੱਤਰ ਮਾਂਗੇਜ਼ ਚੌਧਰੀ ਨੇ ਐਲਾਨ ਕੀਤਾ ਕਿ ਕਿਸਾਨ 17 ਦਸੰਬਰ ਨੂੰ ਜ਼ਿਲ੍ਹਾ ਕਲੈਕਟੋਰੇਟ ਦਾ ਘਿਰਾਓ ਕਰਨਗੇ।
ਸਰਕਾਰ ਵੱਲੋਂ 'ਪ੍ਰਾਯੋਜਿਤ ਹਿੰਸਾ' ਦਾ ਦੋਸ਼
ਸੂਬੇ ਦੇ ਕਾਨੂੰਨ ਮੰਤਰੀ ਜੋਗਾਰਾਮ ਪਟੇਲ ਨੇ ਦੋਸ਼ ਲਾਇਆ ਕਿ ਬੁੱਧਵਾਰ ਨੂੰ ਹੋਈ ਹਿੰਸਾ ਪ੍ਰਾਯੋਜਿਤ (Sponsored violence) ਸੀ ਅਤੇ ਇਹ ਕਿਸਾਨਾਂ ਦਾ ਅੰਦੋਲਨ ਨਹੀਂ ਸੀ। ਉਨ੍ਹਾਂ ਕਿਹਾ ਕਿ ਰਾਜਸਥਾਨ ਦੇ ਬਾਹਰੋਂ ਆਏ ਕਰੀਬ ਇਕ ਹਜ਼ਾਰ ਲੋਕਾਂ ਨੇ ਹਿੰਸਾ ਕੀਤੀ। ਉਨ੍ਹਾਂ ਨੇ ਅੱਗੇ ਕਿਹਾ ਕਿ ਸਰਕਾਰ ਗੱਲਬਾਤ ਲਈ ਤਿਆਰ ਹੈ ਅਤੇ ਜਾਇਜ਼ ਮੰਗਾਂ ਮੰਨ ਲਈਆਂ ਜਾਣਗੀਆਂ, ਪਰ ਕਾਨੂੰਨ ਹੱਥ 'ਚ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਵਧੀਕ ਡਾਇਰੈਕਟਰ ਜਨਰਲ (ਕਾਨੂੰਨ ਅਤੇ ਵਿਵਸਥਾ) ਵੀ.ਕੇ. ਸਿੰਘ ਨੇ ਵੀ ਕਿਹਾ ਕਿ ਕੁਝ ਬਾਹਰੀ ਤੱਤਾਂ ਨੇ ਸਥਾਨਕ ਲੋਕਾਂ ਨੂੰ ਭੜਕਾਇਆ, ਜਿਸ ਨਾਲ ਇਹ ਘਟਨਾ ਹੋਈ।
ਕਿਸਾਨਾਂ ਦੇ ਆਗੂ ਰਵਜੋਤ ਸਿੰਘ ਨੇ ਪਲਟਵਾਰ ਕਰਦਿਆਂ ਕਿਹਾ ਕਿ ਪ੍ਰਸ਼ਾਸਨ ਨਾਕਾਮ ਰਿਹਾ ਅਤੇ ਕਾਰਖਾਨੇ ਵਾਲੇ ਇਲਾਕੇ 'ਚ ਪ੍ਰਦਰਸ਼ਨਕਾਰੀਆਂ ਦੇ ਪਹੁੰਚਣ ਤੋਂ ਪਹਿਲਾਂ ਹੀ ਅੱਗ ਲੱਗ ਗਈ ਸੀ। ਪ੍ਰਦਰਸ਼ਨਕਾਰੀ ਨੇਤਾਵਾਂ ਦੀ ਕੋਰ ਕਮੇਟੀ ਦੀ ਬੈਠਕ ਸ਼ੁੱਕਰਵਾਰ ਨੂੰ ਟਿੱਬੀ ਪਿੰਡ ਦੇ ਗੁਰਦੁਆਰੇ 'ਚ ਹੋਣੀ ਹੈ, ਜਿੱਥੇ ਬੁੱਧਵਾਰ ਦੀ ਝੜਪ ਤੋਂ ਬਾਅਦ ਸੈਂਕੜੇ ਪਿੰਡ ਵਾਸੀਆਂ ਨੇ ਸ਼ਰਨ ਲਈ ਹੋਈ ਹੈ। ਇਹ ਅਨਾਜ ਆਧਾਰਿਤ ਇਥੇਨੌਲ ਪਲਾਂਟ ਚੰਡੀਗੜ੍ਹ ਦੀ ਡਿਊਨ ਇਥੇਨੌਲ ਪ੍ਰਾਈਵੇਟ ਲਿਮਟਿਡ ਵੱਲੋਂ ਲਗਾਇਆ ਜਾ ਰਿਹਾ ਹੈ।
41 ਸਾਲ ਬਾਅਦ ਇਨਸਾਫ਼! '84 ਸਿੱਖ ਵਿਰੋਧੀ ਦੰਗਿਆਂ ਦੇ 36 ਪੀੜਤ ਪਰਿਵਾਰਕ ਮੈਂਬਰਾਂ ਨੂੰ ਮਿਲੀ ਨੌਕਰੀ
NEXT STORY