ਪਟਨਾ: ਬਿਹਾਰ ਦੀਆਂ ਸੜਕਾਂ ਨੂੰ ਟੋਆ ਮੁਕਤ ਬਣਾਉਣ ਲਈ ਨੀਤੀਸ਼ ਸਰਕਾਰ ਨੇ ਇੱਕ ਅਨੋਖੀ ਅਤੇ ਦੇਸ਼ ਦੀ ਪਹਿਲੀ ਅਜਿਹੀ ਯੋਜਨਾ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਇਸ ਨਵੀਂ ਨੀਤੀ ਤਹਿਤ ਜੇਕਰ ਕੋਈ ਵਿਅਕਤੀ ਸੜਕ 'ਤੇ ਟੋਏ ਦੀ ਸ਼ਿਕਾਇਤ ਕਰਦਾ ਹੈ, ਤਾਂ ਉਸ ਨੂੰ ਸਰਕਾਰ ਵੱਲੋਂ 5,000 ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ।
15 ਫਰਵਰੀ ਤੋਂ ਲਾਗੂ ਹੋਵੇਗੀ ਸਕੀਮ
ਸੂਬੇ ਦੇ ਉਦਯੋਗ ਅਤੇ ਲੋਕ ਨਿਰਮਾਣ ਮੰਤਰੀ ਡਾ. ਦਿਲੀਪ ਜੈਸਵਾਲ ਨੇ ਜਾਣਕਾਰੀ ਦਿੱਤੀ ਕਿ ਇਹ 'ਗੱਡਾ ਦੱਸੋ, ਇਨਾਮ ਪਾਓ' (Gaddha Batao, Inaam Pao) ਸਕੀਮ 15 ਫਰਵਰੀ ਤੋਂ ਬਾਅਦ ਪੂਰੇ ਸੂਬੇ ਵਿੱਚ ਲਾਗੂ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਯੋਜਨਾ ਦਾ ਮੁੱਖ ਉਦੇਸ਼ ਠੇਕੇਦਾਰਾਂ ਅਤੇ ਇੰਜੀਨੀਅਰਾਂ ਵਿੱਚ ਡਰ ਪੈਦਾ ਕਰਨਾ ਅਤੇ ਉਨ੍ਹਾਂ ਨੂੰ ਆਪਣੇ ਕੰਮ ਪ੍ਰਤੀ ਸੁਚੇਤ ਕਰਨਾ ਹੈ।
72 ਘੰਟਿਆਂ 'ਚ ਹੋਵੇਗੀ ਮੁਰੰਮਤ; ਚੱਲੇਗੀ 'ਰੋਡ ਐਂਬੂਲੈਂਸ'
ਮੰਤਰੀ ਮੁਤਾਬਕ, ਸ਼ਿਕਾਇਤ ਮਿਲਣ ਦੇ ਮਹਿਜ਼ 72 ਘੰਟਿਆਂ ਦੇ ਅੰਦਰ-ਅੰਦਰ ਸੜਕ ਦੀ ਮੁਰੰਮਤ ਕਰਨਾ ਲਾਜ਼ਮੀ ਹੋਵੇਗਾ। ਇਸ ਦੇ ਲਈ ਸਰਕਾਰ ਵੱਲੋਂ 'ਰੋਡ ਐਂਬੂਲੈਂਸ' ਸੇਵਾ ਸ਼ੁਰੂ ਕੀਤੀ ਜਾ ਰਹੀ ਹੈ, ਜੋ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੇਗੀ। ਲੋਕਾਂ ਦੀ ਸਹੂਲਤ ਲਈ ਸੂਬੇ ਦੇ ਸਾਰੇ ਮੁੱਖ ਚੌਕ-ਚੌਰਾਹਿਆਂ 'ਤੇ ਰੋਡ ਐਂਬੂਲੈਂਸ ਦਾ ਸੰਪਰਕ ਨੰਬਰ ਪ੍ਰਦਰਸ਼ਿਤ ਕੀਤਾ ਜਾਵੇਗਾ।
ਲਾਪਰਵਾਹ ਅਧਿਕਾਰੀਆਂ 'ਤੇ ਡਿੱਗੇਗੀ ਗਾਜ
ਡਾ. ਜੈਸਵਾਲ ਨੇ ਸਖ਼ਤ ਰੁਖ ਅਖਤਿਆਰ ਕਰਦਿਆਂ ਕਿਹਾ ਕਿ ਵਿਭਾਗ ਵਿੱਚ ਪਾਰਦਰਸ਼ਤਾ ਲਿਆਉਣ ਲਈ ਲਾਪਰਵਾਹ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਹਾਲ ਹੀ ਵਿੱਚ ਕੰਮ ਵਿੱਚ ਕੁਤਾਹੀ ਵਰਤਣ ਵਾਲੇ ਸ਼ਿਵਹਰ ਦੇ ਐਗਜ਼ੀਕਿਊਟਿਵ ਇੰਜੀਨੀਅਰ ਸਮੇਤ ਕਈ ਹੋਰਨਾਂ ਨੂੰ ਮੁਅੱਤਲ ਕੀਤਾ ਗਿਆ ਹੈ। ਟੈਂਡਰ ਪ੍ਰਕਿਰਿਆ ਵਿੱਚ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਵੀ ਨਵੇਂ ਨਿਯਮ ਬਣਾਏ ਜਾ ਰਹੇ ਹਨ।
5 ਘੰਟਿਆਂ ਵਿੱਚ ਪਹੁੰਚ ਸਕੋਗੇ ਪਟਨਾ
ਸੜਕਾਂ ਦੇ ਜਾਲ ਨੂੰ ਮਜ਼ਬੂਤ ਕਰਨ ਲਈ ਸਰਕਾਰ ਬਿਹਾਰ ਵਿੱਚ ਪੰਜ ਨਵੇਂ ਐਕਸਪ੍ਰੈੱਸ ਹਾਈਵੇਅ ਬਣਾਉਣ ਜਾ ਰਹੀ ਹੈ। ਮੰਤਰੀ ਨੇ ਦਾਅਵਾ ਕੀਤਾ ਕਿ ਇਨ੍ਹਾਂ ਹਾਈਵੇਅ ਦੇ ਬਣਨ ਨਾਲ ਸੂਬੇ ਦੇ ਕਿਸੇ ਵੀ ਕੋਨੇ ਤੋਂ ਸਿਰਫ਼ 5 ਘੰਟਿਆਂ ਦੇ ਅੰਦਰ ਪਟਨਾ ਪਹੁੰਚਣਾ ਸੰਭਵ ਹੋਵੇਗਾ। ਮੌਜੂਦਾ ਹਾਈਵੇਅ ਨੂੰ ਚੌੜਾ ਕਰਨ ਅਤੇ ਉਨ੍ਹਾਂ ਦੀ ਹਾਲਤ ਸੁਧਾਰਨ ਦਾ ਪ੍ਰਸਤਾਵ ਵੀ ਲਿਆਂਦਾ ਜਾ ਰਿਹਾ ਹੈ।
ਸੋਨੀਆ ਗਾਂਧੀ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਹਾਲਤ 'ਚੋਂ ਹੋਇਆ ਸੁਧਾਰ
NEXT STORY