ਨੈਸ਼ਨਲ ਡੈਸਕ- ਭਾਰਤ ਸਰਕਾਰ ਵੱਲੋਂ ਪੀ. ਓ. ਕੇ. (ਪਾਕਿਸਤਾਨੀ ਕਬਜ਼ੇ ਹੇਠਲਾ ਕਸ਼ਮੀਰ) ’ਚ 42 ਸਰਗਰਮ ਅੱਤਵਾਦੀ ਕੈਂਪਾਂ ਬਾਰੇ ਇਕ ਡੋਜ਼ੀਅਰ ਪੇਸ਼ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੱਖਿਆ ਮੰਤਰੀ ਰਾਜਨਾਥ ਸਿੰਘ, ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਹੋਰਾਂ ਨਾਲ ਕਈ ਤਰ੍ਹਾਂ ਦੇ ਸਲਾਹ-ਮਸ਼ਵਰੇ ਕਰ ਰਹੇ ਹਨ।
42 ਸਰਗਰਮ ਅੱਤਵਾਦੀ ਕੈਂਪਾਂ ’ਚੋਂ 10 ਉੱਤਰੀ ਖੇਤਰ ਤੇ 32 ਦੱਖਣੀ ਖੇਤਰ ’ਚ ਹਨ। ਹਰੇਕ ਕੈਂਪ ’ਚ 100 ਤੋਂ 130 ਅੱਤਵਾਦੀ ਹਨ। ਇਹ ਕੈਂਪ ਕੰਟਰੋਲ ਰੇਖਾ ’ਤੇ ਪਾਕਿਸਤਾਨੀ ਫੌਜੀ ਚੌਕੀਆਂ ਦੇ ਨੇੜੇ ਸਥਿਤ ਹਨ। ਪਾਕਿ ਫੌਜ ਜੰਗਬੰਦੀ ਦੀ ਉਲੰਘਣਾ ਦੀ ਆੜ ’ਚ ਇਨ੍ਹਾਂ ਅੱਤਵਾਦੀਆਂ ਦੀ ਭਾਰਤ ’ਚ ਘੁਸਪੈਠ ਕਰਵਾਉਂਦੀ ਹੈ।
ਅੱਤਵਾਦੀ ਨੈੱਟਵਰਕ ਪੀ. ਓ. ਕੇ. ’ਚ ਅੱਗੇ ਤਕ ਫੈਲਿਆ ਹੋਇਆ ਹੈ, ਜਿਸ ਦੇ ਮੁੱਖ ਦਫਤਰ ਮੁਰੀਦਕੇ (ਲਸ਼ਕਰ), ਬਹਾਵਲਪੁਰ (ਜੈਸ਼) ਤੇ ਮੁਜ਼ੱਫਰਾਬਾਦ (ਹਿਜ਼ਬੁਲ) ’ਚ ਹਨ। ਇਹ ਗਰੁੱਪ ਇਸ ਖੇਤਰ ਨੂੰ ਭਾਰਤ ’ਚ ਅੱਤਵਾਦੀ ਹਮਲਿਆਂ ਲਈ ਲਾਂਚਪੈਡ ਵਜੋਂ ਵਰਤਦੇ ਹਨ, ਜਿਨ੍ਹਾਂ ਨੂੰ ਪਾਕਿਸਤਾਨ ਦੇ ਫੌਜੀ ਬੁਨਿਆਦੀ ਢਾਂਚੇ ਦੀ ਹਮਾਇਤ ਹਾਸਲ ਹੈ।
2019 ’ਚ ਭਾਰਤ ਵੱਲੋਂ ਬਾਲਾਕੋਟ ’ਚ ਜੈਸ਼-ਏ-ਮੁਹੰਮਦ ਦੇ ਕੈਂਪ ’ਤੇ ਕੀਤੇ ਗਏ ਹਵਾਈ ਹਮਲੇ ’ਚ ਅਜਿਹੇ ਹੀ ਇਕ ਸਿਖਲਾਈ ਕੈਂਪ ਨੂੰ ਨਿਸ਼ਾਨਾ ਬਣਾਇਆ ਗਿਆ ਸੀ।
ਅੰਤਰਰਾਸ਼ਟਰੀ ਨਿੰਦਾ ਦੇ ਬਾਵਜੂਦ ਇਹ ਗਰੁੱਪ ਸਰਗਰਮ ਰਹਿੰਦੇ ਹਨ। ਖੁਫੀਆ ਏਜੰਸੀਆਂ ਨੇ 5 ਸੀਨੀਅਰ ਗੁਰਗਿਆਂ ਦੀ ਪਛਾਣ ਕੀਤੀ ਹੈ ਜਿਨ੍ਹਾਂ ਨੇ ਕਮਾਂਡਰਾਂ ਅਬੂ ਮੂਸਾ (ਲਸ਼ਕਰ), ਇਦਰੀਸ ਸ਼ਾਹੀਨ (ਹਰਕਤ-ਉਲ-ਜੇਹਾਦ-ਅਲ-ਇਸਲਾਮੀ), ਮੁਹੰਮਦ ਨਵਾਜ਼ (ਲਸ਼ਕਰ ਭਰਤੀ ਕਰਨ ਵਾਲਾ), ਅਬਦੁਲ ਰਫ਼ਾ ਰਸੂਲ (ਹਿਜ਼ਬੁਲ) ਤੇ ਅਬਦੁੱਲਾ ਖਾਲਿਦ (ਲਸ਼ਕਰ) ਦੇ ਨਿਰਦੇਸ਼ਾਂ ਹੇਠ ਹਮਲੇ ਦੀ ਯੋਜਨਾ ਬਣਾਈ ਸੀ। ਇਨ੍ਹਾਂ ਇਸ ਸਾਲ ਫਰਵਰੀ ਤੋਂ ਪਾਕਿਸਤਾਨ ਤੇ ਪੀ. ਓ. ਕੇ. ’ਚ ਕਈ ਬੈਠਕਾਂ ਕੀਤੀਆਂ।
ਮੰਨਿਆ ਜਾਂਦਾ ਹੈ ਕਿ ਫਰਵਰੀ ’ਚ ਕਸੂਰੀ ਵੱਲੋਂ ਦਿੱਤੇ ਬਿਆਨ, ਜਿਸ ’ਚ ਉਨ੍ਹਾਂ 2026 ਤੱਕ ਕਸ਼ਮੀਰ ਦੀ ‘ਇਸਲਾਮੀ ਮੁਕਤੀ’ ਦਾ ਵਾਅਦਾ ਕੀਤਾ ਸੀ, ਨੇ ਹਮਲੇ ਦੀ ਨੀਂਹ ਰੱਖੀ ਸੀ।
ਮੀਰਪੁਰ ’ਚ ਕਸੂਰੀ ਦੀ 11 ਮਾਰਚ ਦੀ ਰੈਲੀ ਤੋਂ ਬਾਅਦ ਕਮਾਂਡਰ ਅਾਪਸ ’ਚ ਮਿਲੇ ਸਨ। ਉਨ੍ਹਾਂ ਵੱਖ-ਵੱਖ ਭਾਰਤੀ ਸੂਬਿਆਂ ’ਚ ਆਮ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਵੱਡੇ ਪੱਧਰ ’ਤੇ ਹਮਲੇ ਕਰਨ ਦੀਆਂ ਯੋਜਨਾਵਾਂ ਨੂੰ ਅੰਤਿਮ ਰੂਪ ਦਿੱਤਾ।
ਬਾਅਦ ’ਚ ਮਾਰਚ ਵਿਚ ਉਹ ਆਪਣੀ ਯੋਜਨਾ ਨੂੰ ਹੋਰ ਸੁਧਾਰਨ ਲਈ ਦੁਬਾਰਾ ਮਿਲੇ। ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਇਹ ਹਮਲਾ ਸਿਰਫ਼ ਇਨ੍ਹਾਂ ਕਮਾਂਡਰਾਂ ਦੇ ਦਿਮਾਗ ਦੀ ਉਪਜ ਨਹੀਂ ਸੀ, ਸਗੋਂ ਪਾਕਿਸਤਾਨੀ ਫੌਜ ਅਤੇ ਆਈ. ਐੱਸ. ਆਈ. ਨੇ ਵੀ ਇਸ ਨੂੰ ਯੋਜਨਾਬੱਧ ਕੀਤਾ ਸੀ। ਉਸ ਨੇ ਇਸ ਦੀ ਹਮਾਇਤ ਕੀਤੀ ਅਤੇ ਸਕ੍ਰਿਪਟ ਲਿਖੀ।
ਜਾਂਚਕਰਤਾਵਾਂ ਨੂੰ ਸ਼ੱਕ ਹੈ ਕਿ ਅੱਤਵਾਦੀਆਂ ਨੂੰ ਹਮਾਇਤ ਦੇਣ ’ਚ ਪਾਕਿਸਤਾਨੀ ਫੌਜ ਅਤੇ ਆਈ. ਐੱਸ. ਆਈ. ਦੀ ਮਿਲੀਭੁਗਤ ਹੈ।
ਜੰਮੂ ਦੇ ਪਰਗਵਾਲ ਸੈਕਟਰ 'ਚ ਪਾਕਿ ਨੇ ਕੀਤੀ ਜੰਗਬੰਦੀ ਦੀ ਉਲੰਘਣਾ, ਲਸ਼ਕਰ ਦੇ 3 ਸਾਥੀ ਗ੍ਰਿਫ਼ਤਾਰ
NEXT STORY