ਨਵੀਂ ਦਿੱਲੀ, (ਭਾਸ਼ਾ)- ਕਾਂਗਰਸ ਦੇ ਨੇਤਾ ਮਣੀ ਸ਼ੰਕਰ ਅਈਅਰ ਵਲੋਂ ਪਾਕਿਸਤਾਨ ਨੂੰ ਲੈ ਕੇ ਦਿੱਤੇ ਗਏ ਬਿਆਨ ਨੇ ਸ਼ੁੱਕਰਵਾਰ ਵਿਵਾਦ ਪੈਦਾ ਕਰ ਦਿੱਤਾ, ਜਿਸ ਪਿੱਛੋਂ ਕਾਂਗਰਸ ਨੇ ਤੁਰੰਤ ਉਨ੍ਹਾਂ ਦੀਆਂ ਟਿੱਪਣੀਆਂ ਤੋਂ ਦੂਰੀ ਬਣਾ ਲਈ ਜਦਕਿ ਭਾਜਪਾ ਨੇ ਕਾਂਗਰਸ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਪਾਕਿਸਤਾਨ ਤੇ ਉਸ ਦੀ ਧਰਤੀ ਤੋਂ ਪੈਦਾ ਹੋਣ ਵਾਲੇ ਅੱਤਵਾਦ ਪ੍ਰਤੀ ਨਰਮ ਰੁਖ ਅਪਣਾਉਣ ਦਾ ਦੋਸ਼ ਲਾਇਆ।
ਸੋਸ਼ਲ ਮੀਡੀਆ ’ਤੇ ਇਕ ਵੀਡੀਓ ਵਾਇਰਲ ਹੋਇਆ ਹੈ, ਜਿਸ ’ਚ ਅਈਅਰ ਇਹ ਕਹਿੰਦੇ ਹੋਏ ਨਜ਼ਰ ਆ ਰਹੇ ਹਨ ਕਿ ਭਾਰਤ ਨੂੰ ਪਾਕਿਸਤਾਨ ਦੀ ਇੱਜ਼ਤ ਕਰਨੀ ਚਾਹੀਦੀ ਹੈ ਕਿਉਂਕਿ ਉਹ ਇਕ ਪ੍ਰਭੂਸੱਤਾ ਸੰਪੰਨ ਦੇਸ਼ ਹੈ। ਉਸ ਨਾਲ ਗੱਲਬਾਤ ਵੀ ਕਰਨੀ ਚਾਹੀਦੀ ਹੈ ਕਿਉਂਕਿ ਉਸ ਕੋਲ ਪ੍ਰਮਾਣੂ ਬੰਬ ਵੀ ਹੈ।
ਵੀਡੀਓ ’ਚ ਉਨ੍ਹਾਂ ਨੂੰ ਇਹ ਸੰਕੇਤ ਦਿੰਦੇ ਹੋਏ ਸੁਣਿਆ ਜਾ ਸਕਦਾ ਹੈ ਕਿ ਜੇ ਕਿਸੇ ‘ਪਾਗਲ ਵਿਅਕਤੀ’ ਨੇ ਪਾਕਿ ਦੀ ਸੱਤਾ ’ਚ ਆ ਕੇ ਪ੍ਰਮਾਣੂ ਬੰਬ ਦੀ ਵਰਤੋਂ ਕੀਤੀ ਤਾਂ ਚੰਗਾ ਨਹੀਂ ਹੋਵੇਗਾ। ਭਾਜਪਾ ਵਲੋਂ ਕੇਂਦਰੀ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਕਿਹਾ ਕਿ ਅਈਅਰ ਚਾਹੁੰਦੇ ਹਨ ਕਿ ਭਾਰਤ ਪਾਕਿਸਤਾਨ ਤੋਂ ਡਰੇ ਤੇ ਉਸ ਦੀ ਇਜ਼ਤ ਕਰੇ। ‘ਨਵਾਂ ਭਾਰਤ’ ਕਿਸੇ ਤੋਂ ਡਰਨ ਵਾਲਾ ਨਹੀਂ।
ਕੇਂਦਰੀ ਮੰਤਰੀ ਨੇ ਦਾਅਵਾ ਕੀਤਾ ਕਿ ਅਈਅਰ ਦੀਆਂ ਟਿੱਪਣੀਆਂ ਨੇ ਕਾਂਗਰਸ ਦੇ ਇਰਾਦਿਆਂ, ਨੀਤੀਆਂ ਤੇ ਵਿਚਾਰਧਾਰਾ ਦਾ ਪਰਦਾਫਾਸ਼ ਕਰ ਦਿੱਤਾ ਹੈ। ਰਾਹੁਲ ਗਾਂਧੀ ਦੀ ਅਗਵਾਈ ’ਚ ਕਾਂਗਰਸ ਨੇ ਪਾਕਿਸਤਾਨ ਤੇ ਉਸ ਦੀ ਧਰਤੀ ’ਤੇ ਵਧ ਰਹੇ ਅੱਤਵਾਦ ਅੱਗੇ ਆਤਮਸਮਰਪਣ ਕਰ ਦਿੱਤਾ ਹੈ। ਉਨ੍ਹਾਂ ਇਸ ਸਬੰਧੀ ਕਈ ਕਾਂਗਰਸੀ ਨੇਤਾਵਾਂ ਦੀਆਂ ਤਾਜ਼ਾ ਟਿੱਪਣੀਆਂ ਦਾ ਹਵਾਲਾ ਦਿੱਤਾ। ਮਹਾਰਾਸ਼ਟਰ ’ਚ ਵਿਰੋਧੀ ਧਿਰ ਦੇ ਨੇਤਾ ਵਿਜੇ ਨੇ ਕਿਹਾ ਸੀ ਕਿ ਆਈ. ਪੀ. ਐੱਸ. ਅਧਿਕਾਰੀ ਹੇਮੰਤ ਕਰਕਰੇ ਦੀ ਹੱਤਿਆ ਪਾਕਿਸਤਾਨੀ ਅੱਤਵਾਦੀ ਅਜਮਲ ਕਸਾਬ ਨੇ ਨਹੀਂ ਸਗੋਂ ਆਰ. ਐੱਸ. ਐੱਸ ਨਾਲ ਜੁੜੇ ਇਕ ਪੁਲਸ ਕਰਮੀ ਨੇ ਕੀਤੀ ਸੀ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੁੰਛ ’ਚ ਵਾਪਰੀ ਅੱਤਵਾਦੀ ਘਟਨਾ ਨੂੰ ਚੋਣ ਸਟੰਟ ਦੱਸਿਅਾ ਸੀ।
ਕਾਂਗਰਸ ਨੇ ਬਿਆਨ ਤੋਂ ਦੂਰੀ ਬਣਾਈ
ਟਿੱਪਣੀ ਨੂੰ ਲੈ ਕੇ ਜਦੋਂ ਵਿਵਾਦ ਸ਼ੁਰੂ ਹੋਇਆ ਤਾਂ ਕਾਂਗਰਸ ਨੇ ਕਿਹਾ ਕਿ ਉਹ ਅਈਅਰ ਦੀ ਕੁਝ ਮਹੀਨੇ ਪਹਿਲਾਂ ਕੀਤੀ ਗਈ ਟਿੱਪਣੀ ਨਾਲ ਬਿਲਕੁਲ ਸਹਿਮਤ ਨਹੀਂ ਹੈ। ਕਾਂਗਰਸ ਦੇ ਮੀਡੀਆ ਵਿਭਾਗ ਦੇ ਮੁਖੀ ਪਵਨ ਖੇੜਾ ਨੇ ‘ਐਕਸ’ ’ਤੇ ਕਿਹਾ ਕਿ ਅਈਅਰ ਕਿਸੇ ਵੀ ਹੈਸੀਅਤ ’ਚ ਪਾਰਟੀ ਦੀ ਪ੍ਰਤੀਨਿਧਤਾ ਨਹੀਂ ਕਰਦੇ।
ਖੇੜਾ ਨੇ ਲਿਖਿਆ ਕਿ ਭਾਰਤੀ ਰਾਸ਼ਟਰੀ ਕਾਂਗਰਸ ਕੁਝ ਮਹੀਨੇ ਪਹਿਲਾਂ ਮਣੀ ਸ਼ੰਕਰ ਅਈਅਰ ਵਲੋਂ ਕੀਤੀਆਂ ਗਈਆਂ ਕੁਝ ਟਿੱਪਣੀਆਂ ਤੋਂ ਆਪਣੇ ਆਪ ਨੂੰ ਵੱਖ ਕਰਦੀ ਹੈ ਅਤੇ ਉਨ੍ਹਾਂ ਨਾਲ ਪੂਰੀ ਤਰ੍ਹਾਂ ਅਸਹਿਮਤ ਹੈ।
ਚੋਣ ਕਮਿਸ਼ਨ ਨੇ ਸੱਜਾਦ ਲੋਨ ਨੂੰ ਭੇਜਿਆ ਨੋਟਿਸ
NEXT STORY