ਜਲੰਧਰ: ਕੰਮ ਕਰਦਿਆਂ ਕਦੋਂ ਹਨੇਰਾ ਹੋ ਗਿਆ ਪਤਾ ਈ ਨਹੀਂ ਚੱਲਿਆ।ਧੁੰਦਾਂ ਦੇ ਦਿਨ।ਫਟਾ ਫਟ ਬੱਸ ਚ ਬੈਠਿਆ ਤਾਂ ਥੋੜ੍ਹਾ ਸਕੂਨ ਮਿਲਿਆ ਕਿ ਚਲੋ ਹੁਣ ਘਰ ਵੱਲ ਰਵਾਨਾ ਤਾਂ ਹੋਏ।ਸੀਟ ਤੇ ਬੈਠਾ ਫੇਸਬੁੱਕ ਚਲਾ ਰਿਹਾ ਸੀ।ਚਾਨਚੱਕ ਇਕ ਤਸਵੀਰ ਸਾਹਮਣੇ ਆਈ। ਉਂਗਲਾਂ ਰੁਕ ਗਈਆਂ।ਨੀਝ ਲਾ ਕੇ ਵੇਖੀ ਇਹ ਤਸਵੀਰ।ਬੜਾ ਕੁਝ ਕਹਿ ਰਹੀ ਆ।ਪਲਾਂ ਚ ਹੀ ਕਿੰਨਾ ਕੁਝ ਜ਼ਹਿਨ ਦੀਆਂ ਬਰੂਹਾਂ ਤੇ ਆ ਪੁੱਜਿਆ।ਕਿੰਨੇ ਸਾਰੇ ਸਵਾਲ।ਯਾਦ ਆਇਆ ਖੇਤਾਂ ਚ ਕੰਮ ਕਰਦਾ ਜਾਗਰ ਤਾਇਆ ਤੇ ਸੀਰੀ। ਯਾਦ ਆਈ ਇਕ ਪੂਰੀ ਦੀ ਪੂਰੀ ਕਹਾਣੀ ।ਖੇਤਾਂ ਨਾਲ ਸਾਂਝ।ਇਨ੍ਹਾਂ ਦਾ ਸੂਰਜ ਚੜ੍ਹਦਾ ਵੀ ਖੇਤਾਂ ਚ ਹੀ ਸੀ ਤੇ ਛੁਪਦਾ ਵੀ ਖੇਤਾਂ ਚ ਹੀ।ਕੇਰਾਂ ਜਾਗਰ ਤਾਇਆ ਬੀਮਾਰ ਪੈ ਗਿਆ ਤਾਂ ਸੀਰੀ ਨੇ ਕਿਹਾ-ਭਾਊ ਤੂੰ ਫਿਕਰ ਨਾ ਕਰ ਮੈਂ ਆਪੇ ਸਾਂਭ ਦੂੰ ਫ਼ਸਲਾਂ। ....ਇਹ ਰਿਸ਼ਤੇ ਮੋਹ ਦੇ ਸੀ।ਇਹਨਾਂ ਦੀ ਕੱਚੀ ਤੰਦ ਵੀ ਅਟੁੱਟ ਸੀ। ਪੈਸੇ ਦਾ ਲੈਣ ਦੇਣ ਵੀ ਸੀ ਪਰ ਜ਼ੁਬਾਨ ਦਾ ਕਿਹਾ ਸਮਝੋ ਕਿਸੇ ਕਾਨੂੰਨ ਨਾਲੋਂ ਵੱਧ ਭਰੋਸੇਯੋਗ ਹੁੰਦੈ...ਪਰ ਰਾਜ ਘਰਾਣੇ ਕਾਨੂੰਨਾਂ ਆਸਰੇ ਚੱਲਦੇ ਆ ਸਹੁੰਆਂ ਨਾਲ ਨਹੀਂ ਤੇ ਹਰ ਕਾਨੂੰਨ ਦਾ 'ਊੜਾ' ਇਥੋਂ ਸ਼ੁਰੂ ਹੁੰਦੈ ਕਿ 'ੜਾੜੇ' ਤੱਕ ਪਹੁੰਚਦਿਆਂ ਨਫ਼ਾ ਕੀ ਹੋਵੇਗਾ ਤੇ ਨੁਕਸਾਨ ਕੀ।
ਵੇਖੋ, ਧਿਆਨ ਨਾਲ ਵੇਖੋ ਇਹ ਤਸਵੀਰ। 500 ਦਾ ਨੋਟ।ਇਹ ਓਹੀ ਨੋਟ ਆ ਜੀਹਦੀ ਆਮਦ ਲਈ ਪੁਰਾਣਿਆਂ ਕੋਲੋਂ ਧੱਕੇ ਨਾਲ ਅਲਵਿਦਾ ਕਹਾਇਆ ਗਿਆ ਸੀ।ਕਾਰਨ ਇਹ ਸੀ ਵੀ ਪੁਰਾਣਿਆਂ ਚ ਨਕਲੀਆਂ ਨੇ ਬਹੁਤ ਥਾਂ ਘੇਰ ਲਈ ਸੀ।ਨਾਲੇ ਨਵਿਆਂ ਸੰਗ 15-15 ਲੱਖ ਦੇ ਅਸਲੀ ਨੋਟਾਂ ਨਾਲ ਹਰ ਗ਼ਰੀਬ ਦੀ ਝੋਲੀ ਭਰ ਹੀ ਜਾਣੀ ਸੀ। ਕਾਲੇ ਧਨ ਨੂੰ ਬਾਹਰ ਕੱਢਣ ਲਈ ਪੁਰਾਣੇ ਘਸੇ ਪਿਟੇ ਕਾਲੇ-ਕਾਲੇ ਨੋਟ ਪਰ੍ਹਾਂ ਵਗ੍ਹਾ ਮਾਰੇ ਤੇ ਨਵੇਂ ਨਕੋਰ ਚਿੱਟੇ ਚਿੱਟੇ ਆ ਗਏ। ਇਹ ਸਿਰਫ਼ ਨੋਟ ਨਹੀਂ ਵੋਟ ਵੀ ਹੈ।ਤੁਹਾਨੂੰ ਪਤਾ ਨੋਟ ਤੇ ਵੋਟ ਚ ਕੀ ਫ਼ਰਕ ਹੈ।ਨਹੀਂ, ਸਿਰਫ਼ ਇੱਕ ਅੱਖਰ ਦਾ, 'ਵ' ਦੀ ਥਾਂ 'ਨ'।ਨੇਤਾ ਲੋਕਾਂ ਨੂੰ ਪਹਿਲਾਂ 'ਵ' ਦੀ ਲੋੜ ਹੁੰਦੀ ਐ 'ਨ' ਤਾਂ ਫਿਰ ਮਗਰ ਮਗਰ।ਮਹਾਤੜਾਂ ਨੂੰ ਤਾਂ ਸਾਰੀ ਉਮਰ 'ਨ' ਦੀ ਘਾਟ ਈ ਰਕੜਦੀ ਰਹਿੰਦੀ ਆ।...ਨੋਟ ਉੱਤੇ ਮਹਾਤਮਾ ਗਾਂਧੀ ਜੀ ਨਿੰਮਾ ਨਿੰਮਾ ਮੁਸਕਰਾ ਰਹੇ ਨੇ।ਹੱਸ ਰਹੇ ਨੇ ਕਿ ਮੈਂ ਤਾਂ ਅੰਗਰੇਜ਼ ਨੀ ਬੋਲਣ ਦਿੱਤੇ, ਨਾ ਮਿਲਵਰਤਰਣ ਅੰਦੋਲਨ,ਸੱਤਿਆਗ੍ਰਹਿ,ਸਵਦੇਸ਼ੀ ਵਰਤੋ ਆਦਿ ਨਾਅਰਿਆਂ ਨੇ ਅੰਗਰੇਜ਼ਾਂ ਦੇ ਨੱਕ ਚ ਦਮ ਕਰੀ ਰੱਖਿਆ।ਆਖ਼ਰ ਅੰਗਰੇਜ਼ਾਂ ਨੂੰ ਭਾਰਤ ਛੱਡਣਾ ਪਿਆ।ਗਾਂਧੀ ਜੀ ਕਹਿੰਦੇ, ਤੁਸੀਂ ਭਾਰਤ ਛੱਡ ਕਿ ਤਿੱਤਰ ਹੋਵੋ, ਪਾਕਿ ਵੱਖਰਾ ਮੁਲਕ ਬਣਦਾ ਕੋਈ ਨੀ, ਸਾਨੂੰ ਇੰਡੀਆ ਈ ਬਹੁਤ ਆ।ਗਾਂਧੀ ਜੀ ਦੀ ਪੂਰੀ ਚੜ੍ਹਾਈ ਸੀ ਉਦੋਂ, ਤੇ ਹੁਣ ਵੀ ਆ...।ਉਦੋਂ ਵੀ ਸਾਰਾ ਮੁਲਕ ਮੰਨਦਾ ਸੀ ਤੇ ਅੱਜ ਵੀ।ਉਦੋਂ ਗਾਂਧੀ ਜੀ ਆਪ ਮੂੰਹੋਂ ਬੋਲਦੇ ਸਨ ਤੇ ਅੱਜ ਨੋਟਾਂ ਰਾਹੀਂ ।ਅੱਜ ਤਾਂ ਉਨ੍ਹਾਂ ਨੂੰ ਪਹਿਲੀਆਂ ਸਰਕਾਰਾਂ ਨਾਲੋਂ ਵੀ ਵੱਧ ਮਾਣ ਮਿਲਿਆ।ਪਹਿਲਾਂ 1000 ਦੇ ਨੋਟਾਂ ਤੇ ਤਸਵੀਰ ਹੁੰਦੀ ਸੀ ਅੱਜ 2000 ਤੇ ਵੀ ਆ।
ਇਹ ਵੀ ਪੜ੍ਹੋ: ਕੀ ਤੁਸੀਂ ਅਜੇ ਵੀ ਨਹੀਂ ਜਾਣਦੇ ਕੀ ਨੇ ਖੇਤੀਬਾੜੀ ਕਾਨੂੰਨ ਤੇ ਕਿਉਂ ਹੋ ਰਿਹੈ ਵਿਰੋਧ ਤਾਂ ਪੜ੍ਹੋ ਇਹ ਖ਼ਾਸ ਰਿਪੋਰਟ
ਅੱਗੇ ਚੱਲਦੇ ਆਂ, ਤਸਵੀਰ ਚ ਨਜ਼ਰ ਆ ਰਹੇ ਸ਼ਖ਼ਸ ਵੱਲ ਵੇਖੋ।ਤਿੰਨ ਰੰਗੇ ਵਾਲ ਨੇ-ਕਾਲ਼ੇ ,ਭੂਰੇ ਅਤੇ ਚਿੱਟੇ।ਵਾਲ਼ਾਂ ਦੇ ਇਹ ਰੰਗ ਦੱਸਦੇ ਨੇ ਕਿ ਬੰਦੇ ਨੇ ਜ਼ਿੰਦਗੀ ਦੇ 3 ਅਹਿਮ ਪੜਾਅ ਗੁਜ਼ਾਰ ਲਏ ਨੇ।ਬਚਪਨ ਅਤੇ ਜਵਾਨੀ ਹੰਢਾਉਣ ਬਾਅਦ ਬੁਢਾਪੇ ਦਾ ਸਫ਼ਰ ਜਾਰੀ ਹੈ।ਹਾਲਤ ਵੇਖ ਲੱਗਦਾ ਵੀ ਪੋਹ ਦੀ ਚਾਨਣੀ ਵਾਂਗ ਜਵਾਨੀ ਚੰਦ ਪਲਾਂ ਚ ਈ ਗੁਜ਼ਰ ਗਈ ਹੋਵੇਗੀ। ਹੁਣ ਬੰਦੇ ਦੇ ਰੰਗ ਵੱਲ ਨਜ਼ਰ ਮਾਰੋ।ਕੀ ਕਹੋਂਗੇ-ਕਣਕ ਵੰਨਾ,ਕਾਲ਼ਾ,ਲੱਕੜ ਰੰਗਾ,ਤਾਂਬੇ ਰੰਗਾ,ਭੂਰਾ ਜਾਂ ਕੁਝ ਹੋਰ।ਜੋ ਵੀ ਹੈ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਇਸ ਨਾਚੀਜ਼ ਨੇ ਜੇਠ-ਹਾੜ੍ਹ ਦੀਆਂ ਧੁੱਪਾਂ ਚ ਏਸੀ ਦੀਆਂ ਹਵਾਵਾਂ ਦੀ ਬਜਾਏ ਪਸੀਨੇ ਵਹਾਏ ਹੋਣਗੇ।
ਚਮੜੀ ਨੂੰ ਗਹੁ ਨਾਲ ਤੱਕੋ, ਇਹ ਝੁਰੜੀਆਂ ਦੱਸਦੀਆਂ ਨੇ ਕਿ ਬੰਦੇ ਨੇ ਹਯਾਤੀ ਮਾਣੀ ਨਹੀਂ ਕੱਟੀ ਐ।ਜੂਨ ਪੂਰੀ ਕਰਨੀ ਈ ਸ਼ਾਇਦ ਪਹਿਲਾ ਤੇ ਆਖ਼ਰੀ ਮਕਸਦ ਰਿਹਾ ਹੋਵੇ।ਵੱਡੇ ਵੱਡੇ ਦਾਅਵੇ ਕਰਨ ਵਾਲੀਆਂ ਕੰਪਨੀਆਂ ਵੀ ਇਨ੍ਹਾਂ ਝੁਰੜੀਆਂ ਨੂੰ ਠੀਕ ਕਰਨ ਲਈ ਕੋਈ ਕਰੀਮ ਨਾ ਬਣਾ ਸਕੀਆਂ।ਇਹ ਝੁਰੜੀਆਂ ਜ਼ਿੰਦਗੀ ਦੇ ਹਰ ਅਗਲੇ ਪਲ ਦਾ ਸਾਹਮਣਾ ਕਰਨ ਦੀਆਂ ਚਿੰਤਾਵਾਂ ਕਾਰਨ ਉੱਕਰੀਆਂ ਨੇ। ਮੈਥ ਦੀ ਮਾਸਟਰੀ ਨਾ ਹੋਣ ਕਾਰਨ ਇਹ ਤੇ ਨਹੀਂ ਦੱਸ ਸਕਦਾ ਕਿ ਅੱਖ ਦੀ ਦਿਸ਼ਾ ਦਾ ਕੋਣ ਕਿਹੜਾ ਬਣਦਾ ਇਹ ਪਰ ਇਹ ਜ਼ਰੂਰ ਕਿਹਾ ਜਾ ਸਕਦਾ ਕਿ ਹਲਾਤਾਂ ਨੇ ਨਜ਼ਰ ਨਾਲ ਨਜ਼ਰ ਮਲਾਉਣ ਜੋਗਾ ਨਹੀਂ ਛੱਡਿਆ।ਸ਼ਾਇਦ ਹੁਣ ਹੋਰ ਹਾਦਸੇ ਵੇਖਣ ਦੀ ਹਿੰਮਤ ਨਹੀਂ ਰਹੀ। ਅੱਖ ਦੀ ਕੋਰੀ ਲਿਸ਼ਕ ਦੱਸਦੀ ਆ ਵੀ ਹੁਣ ਸੁਫ਼ਨੇ ਵੀ ਮਰ ਮੁੱਕ ਚੁੱਕੇ ਨੇ।ਇਉਂ ਲੱਗਦਾ ਵੀ ਅੱਖ ਹੰਝੂਆਂ ਨਾਲ ਭਰੀ ਪਈ ਆ ਪਰ ਕਿਸੇ ਨੂੰ ਜ਼ਾਹਿਰ ਨਹੀਂ ਕਰਨਾ ਚਾਹੁੰਦਾ।ਜਿਉਂ ਹੰਝੂ ਪਲਕਾਂ ਦੇ ਆਸਰੇ ਰੁਕ ਗਿਆ ਹੋਵੇ।
ਤਸਵੀਰ 'ਚ ਜੇ ਕੁਝ ਸਕਾਰਾਤਮਕ ਦਿਸ ਰਿਹੈ ਤਾਂ ਉਹ ਕੰਨ ਤੇ ਨੱਕ ਹੈ।ਇਉਂ ਲੱਗਦਾ ਵੀ ਕੰਨ ਪੂਰੇ ਚੁਕੰਨੇ ਨੇ ਤੇ ਨੱਕ ਆਪਣਾ ਕੰਮ ਠੀਕ ਠਾਕ ਕਰ ਰਿਹਾ।ਕੰਨ ਚੁਤਰਫ਼ਾ ਆ ਰਹੀਆਂ ਆਵਾਜ਼ਾਂ ਨੂੰ ਪੂਰੀ ਰੀਝ ਨਾਲ ਸੁਣ ਰਿਹਾ ਤੇ ਨੱਕ ਸੁੰਘਣ ਸ਼ਕਤੀ ਲਈ ਮਿਲੀ ਸ਼ਕਤੀ ਦੀ ਵਰਤੋਂ ਕਰ ਰਿਹਾ।
ਇਸ ਪੂਰੀ ਤਸਵੀਰ 'ਚ ਜੇ ਕੁਝ ਢੱਕਿਆ ਤਾਂ ਉਹ ਹੈ ਮੂੰਹ।ਹੁਣ ਪੂਰੀ ਤਸਵੀਰ ਨੂੰ ਮੁੜ ਵੇਖੋ।ਆਪਣੇ ਮਨ ਚ ਚਿਤਾਰੋ ਭਾਰਤ ਦੀ ਵਰਤਮਾਨ ਤਸਵੀਰ।ਆਪਣਾ ਆਲਾ ਦੁਆਲਾ।
ਕੇਰਾਂ ਆਪਣੇ ਅਕਸ ਵੱਲ ਵੀ ਝਾਤੀ ਮਾਰੀ ਜਾ ਸਕਦੀ ਹੈ।
ਇਹ ਵੀ ਪੜ੍ਹੋ:ਕਿਸਾਨ ਸੰਘਰਸ਼: ‘ਐਂਟੀਲੀਆ’ ਨੂੰ ਵੰਗਾਰ ਰਹੀਆਂ ‘ਟਰਾਲੀਆਂ’
ਆਜੋ ਤਸਵੀਰ ਵੱਲ, ਇਸ ਸ਼ਖ਼ਸ ਨੂੰ ਸੁਣਨ ਦੀ ਆਜ਼ਾਦੀ ਏ ਕਿਉਂਕਿ ਸਿਸਟਮ ਨੂੰ ਸੁਣਨਾ ਸਾਡੀ ਕਾਨੂੰਨੀ ਮਜ਼ਬੂਰੀ ਏ, ਜੇ ਸਾਡੇ ਕੰਨ ਬੰਦ ਹੋਗੇ ਤਾਂ ਉਨ੍ਹਾਂ ਦੇ ਜ਼ਹਿਰ ਪਰੁੱਤੇ ਸ਼ਬਦ ਉਨ੍ਹਾਂ ਨੂੰ ਹੀ ਅੰਦਰੋ ਅੰਦਰੀ ਖ਼ਤਮ ਕਰ ਦੇਣਗੇ।ਸਿਸਟਮ ਇਹੀ ਚਾਹੁੰਦਾ ਕਿ ਤੁਸੀਂ ਸੁਣੋ...।ਨੱਕ ਵੀ ਆਪਣਾ ਕੰਮ ਬਾਖੂਬੀ ਕਰ ਰਿਹਾ।ਨੱਕ ਦਾ ਕੰਮ ਹੈ ਸਾਹ ਲੈਣਾ ਤੇ ਬੰਦਾ ਚੰਦ ਕੁ ਪਲ ਈ ਗੁਜ਼ਾਰ ਸਕਦਾ ਸਾਹ ਲਏ ਬਿਨਾਂ।ਫਿਲਹਾਲ ਸਾਹ ਲੈਣ ਤੇ ਕੋਈ ਟੈਕਸ ਨਹੀਂ ਹੈ ਤੇ ਵੋਟ ਪਾਉਣ ਦਾ ਅਧਿਕਾਰ ਵੀ ਸਾਹ ਲੈ ਰਹੇ ਮਨੁੱਖ ਨੂੰ ਈ ਆ।ਸੋ ਬੇਝਿਜਕ ਸਾਹ ਲਓ।ਪਰ ਤੁਹਾਡੀ ਸਾਹ ਨਲੀ ਦੇ ਐਨ ਹੇਠਾਂ ਬੁੱਲ੍ਹ ਵੀ ਹੁੰਦੇ ਆ।ਇਨ੍ਹਾਂ ਬੁੱਲ੍ਹਾਂ ਨੂੰ ਬੋਲਣ ਦਾ ਅਧਿਕਾਰ ਨਹੀਂ ਹੈ।ਬੁੱਲ੍ਹਾਂ ਤੇ 500 ਦਾ ਨੋਟ ਚਿਪਕਾਇਆ ਹੋਇਆ ਹੈ।ਤੁਸੀਂ ਚੁੱਪ ਚਾਪ ਵੇਖੋ ਕਿ ਸਿਸਟਮ ਕਰ ਕੀ ਰਿਹਾ ਹੈ ,ਸੁਣੋ , ਸਿਸਟਸ ਬੋਲ ਕੀ ਰਿਹਾ ਹੈ, ਗਲ਼ੇ ਸੜੇ ਸਿਸਟਮ ਨੂੰ ਸੁੰਘੋ ਪਰ ਖ਼ਬਰਦਾਰ! ਤੁਸੀਂ ਇਸ ਸਿਸਟਮ 'ਚ ਜੋ ਤੁਹਾਨੂੰ ਚੰਗਾ ਨਹੀਂ ਲੱਗ ਰਿਹਾ, ਉਸ ਖ਼ਿਲਾਫ਼ ਬੋਲ ਨਹੀਂ ਸਕਦੇ।ਤੁਹਾਡਾ ਮੂੰਹ ਬੰਦ ਕਰਨ ਦੇ ਕਈ ਤਰੀਕੇ ਹਨ।ਸਭ ਤੋਂ ਪਹਿਲਾ ਤੇ ਸੌਖਾ ਇਹੀ ਆ ਜਿਸ ਬਾਰੇ ਆਪਾਂ ਗੱਲ ਕਰ ਰਹੇ ਆਂ।ਤੁਹਾਡੇ ਕੋਲ ਇੱਕ ਇਖ਼ਤਿਆਰ ਇਹ ਹੈ ਕਿ ਇਸ ਨੋਟ ਨੂੰ ਪਰ੍ਹਾਂ ਵਗ੍ਹਾ ਮਾਰੋ ਪਰ ਯਾਦ ਰੱਖਿਓ ਇਸ ਤਰ੍ਹਾਂ ਕਰਨ ਨਾਲ ਇੱਕ ਤਾਂ ਗਾਂਧੀ ਜੀ ਦਾ ਅਪਮਾਨ ਹਊ ਤੇ ਦੂਜਾ ਸਿਸਟਮ ਕੋਲ ਹੋਰ ਵੀ ਬਹੁਤ ਢੰਗ ਤਰੀਕੇ ਹੈਗੇ ਆ ਮੂੰਹ ਬੰਦ ਕਰਾਉਣ ਦੇ।ਆਖ਼ਰ... ਫ਼ੈਸਲਾ ਕਰਨ ਦਾ ਹੱਕ ਤਾਂ ਸਾਡੇ ਕੋਲ ਹੈ!...ਤੇ ਇਹ ਫ਼ੈਸਲਾ ਕਰਨ ਵਾਲੇ ਦਿੱਲੀ ਦੀਆਂ ਜੂਹਾਂ ਚ ਡੇਰੇ ਲਾਈ ਬੈਠੇ ਆ।
ਹਰਨੇਕ ਸਿੰਘ ਸੀਚੇਵਾਲ
ਫੋਨ-9417333397
ਨੋਟ-ਇਸ ਰਚਨਾ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ,ਕੁਮੈਂਟ ਕਰਕੇ ਦਿਓ ਆਪਣੀ ਰਾਏ
ਸਾਲ 2020 'ਚ ਮੋਦੀ ਸਰਕਾਰ ਨੇ ਲਏ ਇਹ ਵੱਡੇ ਫ਼ੈਸਲੇ, ਅੱਜ ਸੜਕਾਂ 'ਤੇ 'ਅੰਨਦਾਤਾ'
NEXT STORY