ਹੈਦਰਾਬਾਦ—ਆਂਧਰਾ ਪ੍ਰਦੇਸ਼ 'ਚ ਮੁੱਖ ਮੰਤਰੀ ਜਗਨ ਮੋਹਨ ਰੈੱਡੀ ਨੇ ਸਾਬਕਾ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਖਿਲਾਫ ਹੋਰ ਕਾਰਵਾਈ ਕਰ ਦਿੱਤੀ ਹੈ। ਅਮਰਾਵਤੀ 'ਚ ਨਾਇਡੂ ਦੀ ਬਣਾਈ 'ਪ੍ਰਜਾ ਵੇਦਿਕਾ' ਬਿਲਡਿੰਗ ਨੂੰ ਤੋੜਨ ਤੋਂ ਬਾਅਦ ਹੁਣ ਉਨ੍ਹਾਂ ਦੇ ਆਵਾਸ ਸਮੇਤ 17 ਬਿਲਡਿੰਗਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਇਨ੍ਹਾਂ ਬਿਲਡਿੰਗਾਂ 'ਚ ਅਣਅਧਿਕਾਰਤ ਨਿਰਮਾਣ ਜਾਂ ਨਿਰਮਾਣ ਲਈ ਆਗਿਆ ਨਾ ਲੈਣ ਦੀ ਸ਼ਿਕਾਇਤ 'ਤੇ ਨੋਟਿਸ ਜਾਰੀ ਕੀਤਾ ਗਿਆ ਹੈ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਵਾਈ. ਐੱਸ. ਜਗਨ ਮੋਹਨ ਰੈੱਡੀ ਨੇ ਐੱਨ. ਚੰਦਰਬਾਬੂ ਨਾਇਡੂ ਦੇ ਆਵਾਸ ਕੋਲ ਕ੍ਰਿਸ਼ਣ ਨਦੀ ਦੇ ਕੰਢੇ ਸਥਿਤ ਇੱਕ ਇਮਾਰਤ ਪ੍ਰਜਾ ਵੇਦਿਕਾ ਨੂੰ ਤੋੜਨ ਦਾ ਆਦੇਸ਼ ਦਿੱਤਾ ਸੀ। ਆਂਧਰਾ ਪ੍ਰਦੇਸ਼ ਹਾਈ ਕੋਰਟ ਨੇ ਇਮਾਰਤ ਨੂੰ ਢਾਹੁਣ 'ਤੇ ਰੋਕ ਦੀ ਪਟੀਸ਼ਨ ਖਾਰਿਜ ਕਰ ਦਿੱਤੀ ਸੀ। ਫਿਰ ਮੁੱਖ ਮੰਤਰੀ ਚੰਦਰ ਬਾਬੂ ਨਾਇਡੂ ਦੁਆਰਾ ਅਧਿਕਾਰਤ ਬੈਠਕਾਂ ਲਈ 2017 'ਚ ਬਣਾਈ ਗਈ ਇਮਾਰਤ 'ਪ੍ਰਜਾ ਵੇਦਿਕਾ' ਦੀ ਚਾਰਦੀਵਾਰੀ, ਗੋਦਾਮ, ਆਦਿ ਕਈ ਹੋਰ ਹਿੱਸੇ 28 ਜੂਨ ਨੂੰ ਤੋੜਨ ਤੋਂ ਬਾਅਦ ਅਧਿਕਾਰੀਆਂ ਨੇ ਮੁੱਖ ਇਮਾਰਤ ਨੂੰ ਤੋੜਨਾ ਸ਼ੁਰੂ ਕਰ ਦਿੱਤਾ ਸੀ।
'ਪ੍ਰਜਾ ਵੇਦਿਕਾ' 'ਚ ਮੁੱਖ ਮੰਤਰੀ ਵਾਈ. ਐੱਸ. ਜਗਨ ਮੋਹਨ ਰੈੱਡੀ ਦੀ ਜ਼ਿਲਾ ਅਧਿਕਾਰੀਆਂ ਅਤੇ ਪੁਲਸ ਅਧਿਕਾਰੀਆਂ ਨਾਲ ਪਹਿਲੀ ਬੈਠਕ ਖਤਮ ਹੋਣ ਦੇ ਕੁਝ ਘੰਟਿਆਂ ਬਾਅਦ ਹੀ ਇਮਾਰਤ ਨੂੰ ਤੋੜਨ ਦਾ ਕੰਮ ਸ਼ੁਰੂ ਹੋ ਗਿਆ। ਉਨ੍ਹਾਂ ਨੇ ਐਲਾਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਸਰਕਾਰ ਅਣਅਧਿਕਾਰਤ ਰੂਪ ਨਾਲ ਬਣਾਈਆਂ ਗਈਆਂ ਇਮਾਰਤਾਂ ਨੂੰ ਢਾਹੁਣ ਦੀ ਮੁਹਿੰਮ ਚਲਾਏਗੀ, ਜਿਸ ਦੀ ਸ਼ੁਰੂਆਤ ਨਦੀ ਦੇ ਕੰਢੇ ਸਥਿਤ ਸਾਰੇ ਨਿਯਮਾਂ ਦਾ ਉਲੰਘਣ ਕਰ ਕੇ ਬਣੀ ਇਸ ਇਮਾਰਤ ਨੂੰ ਤੋੜ ਕੇ ਕੀਤੀ ਜਾਵੇਗੀ।
ਸੁਰੱਖਿਆ 'ਚ ਕਮੀ-
ਆਂਧਰਾ ਪ੍ਰਦੇਸ਼ ਦੀ ਨਵੀਂ ਸਰਕਾਰ ਨੇ ਚੰਦਰਬਾਬੂ ਨਾਇਡੂ ਦੇ ਪਰਿਵਾਰ ਦੇ ਮੈਂਬਰਾਂ ਦੀ ਸੁਰੱਖਿਆ 'ਚ ਕਟੌਤੀ ਵੀ ਕੀਤੀ ਗਈ ਹੈ। ਚੰਦਰਬਾਬੂ ਨਾਇਡੂ ਦੇ ਪੁੱਤਰ ਨਾਰਾ ਲੋਕੇਸ਼ ਦੀ ਸੁਰੱਖਿਆ ਘਟਾ ਦਿੱਤੀ ਗਈ ਹੈ। ਪਹਿਲਾਂ ਉਨ੍ਹਾਂ ਕੋਲ 'ਜ਼ੈੱਡ' ਸ਼੍ਰੇਣੀ ਦੀ ਕਵਰ ਸੀ। ਉਸ ਨੂੰ ਹੁਣ 'ਵਾਈ' ਕਰ ਦਿੱਤਾ ਗਿਆ ਹੈ। ਹੁਣ ਉਨ੍ਹਾਂ ਨੂੰ 2 ਪਲੱਸ 2 ਸੁਰੱਖਿਆ ਕਰਮਚਾਰੀ ਦਿੱਤੇ ਜਾਣਗੇ। ਪਹਿਲਾਂ ਉਨ੍ਹਾਂ ਕੋਲ 5 ਪਲੱਸ 5 ਸੁਰੱਖਿਆ ਕਰਮਚਾਰੀ ਪ੍ਰਾਪਤ ਸੀ।
ਜੰਮੂ-ਕਸ਼ਮੀਰ : ਸੁਰੱਖਿਆ ਫੋਰਸਾਂ ਨਾਲ ਮੁਕਾਬਲੇ 'ਚ ਇਕ ਅੱਤਵਾਦੀ ਢੇਰ
NEXT STORY