ਨੈਸ਼ਨਲ ਡੈਸਕ- ਲੇਹ ਤੋਂ ਇਕ ਅਜਿਹੇ ਮਾਪਿਆਂ ਦੀ ਕਹਾਣੀ ਸਾਹਮਣੇ ਆਈ ਹੈ, ਜਿਸ ਨੂੰ ਸੁਣ ਕੇ ਹਰ ਕਿਸੇ ਦੀ ਅੱਖ ਭਰ ਜਾਵੇਗੀ। ਇਕ ਬੱਚੇ ਨੂੰ ਮਾਂ ਦਾ ਦੁੱਧ ਮਿਲ ਸਕੇ, ਇਸ ਲਈ ਹਰ ਰੋਜ਼ ਲੇਹ ਤੋਂ ਦਿੱਲੀ 1000 ਕਿਲੋਮੀਟਰ ਦਾ ਸਫ਼ਰ ਤੈਅ ਹੁੰਦਾ ਹੈ। ਇਕ ਮਹੀਨੇ ਦਾ ਬੱਚਾ ਜਿਸ ਦਾ ਹਾਲੇ ਨਾਂ ਵੀ ਨਹੀਂ ਰੱਖਿਆ ਗਿਆ ਹੈ, ਉਸ ਦੀ ਜ਼ਿੰਦਗੀ ਬਚਾਉਣ ਲਈ ਮਾਂ-ਬਾਪ ਦਿਨ ਰਾਤ ਇਕ ਕਰ ਰਹੇ ਹਨ। ਇਕ ਜ਼ਰੂਰੀ ਸਰਜਰੀ ਲਈ ਬੱਚੇ ਨੂੰ ਜਨਮ ਤੋਂ ਹੀ ਦਿੱਲੀ ਦੇ ਇਕ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਦਰਅਸਲ ਬੱਚੇ ਦੀ ਸਾਹ ਨਲੀ ਅਤੇ ਭੋਜਨ ਨਲੀ ਦੋਵੇਂ ਆਪਸ 'ਚ ਜੁੜੀਆਂ ਹੋਈਆਂ ਸਨ ਅਤੇ ਇਸ ਦੀ ਸਰਜਰੀ ਹੋਣੀ ਜ਼ਰੂਰੀ ਸੀ, ਇਸ ਲਈ ਉਸ ਨੂੰ ਦਿੱਲੀ ਲਿਆਂਦਾ ਗਿਆ ਪਰ ਮਾਂ ਲੇਹ 'ਚ ਹੀ ਰਹਿ ਗਈ।
ਇਸ ਤਰ੍ਹਾਂ ਦਿੱਲੀ ਪਹੁੰਚਦਾ ਹੈ ਦੁੱਧ
ਬੱਚੇ ਨੂੰ ਮਾਂ ਦਾ ਦੁੱਧ ਮਿਲ ਸਕੇ, ਇਸ ਲਈ ਰੋਜ਼ ਸਵੇਰੇ ਬੱਚੇ ਦਾ ਪਿਤਾ ਦਿੱਲੀ ਏਅਰਪੋਰਟ 'ਤੇ ਲੇਹ ਤੋਂ ਆਉਣ ਵਾਲੀ ਫਲਾਈਟ ਦਾ ਇੰਤਜ਼ਾਰ ਕਰਦੇ ਹਨ। ਜਿਵੇਂ ਹੀ ਫਲਾਈਟ ਆਉਂਦੀ ਹੈ, ਉੱਥੋਂ ਉਹ ਦੁੱਧ ਰਿਸੀਵ ਕਰਦੇ ਹਨ ਅਤੇ ਵਾਪਸ ਹਸਪਤਾਲ ਜਾਂਦੇ ਹਨ। ਦਰਅਸਲ ਬੱਚੇ ਦੇ ਪਿਤਾ ਦਾ ਇਕ ਦੋਸਤ ਲੇਹ ਏਅਰਪੋਰਟ 'ਤੇ ਕੰਮ ਕਰਦਾ ਹੈ। ਉਹ ਰੋਜ਼ਾਨਾ ਏਅਰਲਾਈਨਜ਼ ਦੇ ਕਰਮੀਆਂ ਦੀ ਮਦਦ ਨਾਲ ਬੱਚੇ ਲਈ ਮਾਂ ਦਾ ਦੁੱਧ ਲੇਹ ਤੋਂ ਦਿੱਲੀ ਪਹੁੰਚਾਉਂਦਾ ਹੈ। ਠੀਕ ਇਕ ਘੰਟੇ ਬਾਅਦ ਪਿਤਾ ਦਿੱਲੀ ਏਅਰਪੋਰਟ ਤੋਂ ਦੁੱਧ ਦੀ ਸਪਲਾਈ ਲੈ ਕੇ ਹਸਪਤਾਲ ਜਾਂਦਾ ਹੈ।
ਇਸ ਲਈ ਮਾਂ ਨਾਲ ਨਹੀਂ
ਇਹ ਸਭ ਪੜ੍ਹ ਕੇ ਹਰ ਕਿਸੇ ਦੇ ਮਨ 'ਚ ਸਵਾਲ ਆਉਂਦਾ ਹੈ ਕਿ ਜਦੋਂ ਪਿਤਾ ਬੱਚੇ ਨਾਲ ਰਹਿ ਸਕਦਾ ਹੈ ਤਾਂ ਮਾਂ ਕਿਉਂ ਨਹੀਂ। ਦਰਅਸਲ ਮਹਿਲਾ ਸਿਜੇਰੀਅਨ ਡਿਲਿਵਰੀ ਤੋਂ ਬਾਅਦ ਕਾਫ਼ੀ ਕਮਜ਼ੋਰ ਹੋ ਗਈ ਹੈ, ਇਸ ਲਈ ਲੇਹ ਤੋਂ ਦਿੱਲੀ ਆਉਣਾ ਉਸ ਲਈ ਮੁਸ਼ਕਲ ਹੈ ਪਰ ਉਹ ਰੋਜ਼ਾਨਾ 6 ਘੰਟੇ ਲਗਾ ਕੇ ਆਪਣੇ ਮਾਸੂਮ ਲਈ ਦੁੱਧ ਸਟੋਰ ਕਰਦੀ ਹੈ।
ਜਲਦ ਮਾਂ ਕੋਲ ਪਹੁੰਚੇਗਾ ਮਾਸੂਮ
ਮੈਕਸ ਹਸਪਤਾਲ ਦੀ ਸ਼ਿਸ਼ੂ ਰੋਗ ਮਾਹਰ ਡਾ. ਪੂਨਮ ਸਿਦਾਨਾ ਨੇ ਦੱਸਿਆ ਕਿ ਬੱਚੇ ਦੀ ਸਰਜਰੀ ਜ਼ਰੂਰੀ ਸੀ ਅਤੇ ਉਹ ਸਫ਼ਲ ਵੀ ਰਹੀ। ਹੁਣ ਇਸ ਤੋਂ ਬਾਅਦ ਸਭ ਤੋਂ ਵੱਡੀ ਚੁਣੌਤੀ ਸੀ ਕਿ ਬੱਚੇ ਨੂੰ ਮਾਂ ਦਾ ਦੁੱਧ ਮਿਲੇ। ਅਜਿਹੇ 'ਚ ਮਾਤਾ-ਪਿਤਾ, ਏਅਰਲਾਈਨਜ਼ ਦੇ ਕਰਮੀ ਅਤੇ ਨਾ ਜਾਣੇ ਕਿੰਨੇ ਹੀ ਅਣਜਾਣ ਲਈ ਬੱਚੇ ਦੀ ਸੁਰੱਖਿਆ ਲਈ ਦਿਨ-ਰਾਤ ਇਕ ਕਰ ਰਹੇ ਹਨ। ਉੱਥੇ ਹੀ ਡਾਕਟਰਾਂ ਅਨੁਸਾਰ ਇਕ ਹਫ਼ਤੇ ਤੱਕ ਬੱਚਾ ਮਾਂ ਕੋਲ ਲੇਹ ਭੇਜਿਆ ਜਾ ਸਕਦਾ ਹੈ।
ਇੰਡੀਗੋ ਏਅਰਲਾਈਨ ਦੀ ਨਵੀਂ ਪਹਿਲ: ਸੁਰੱਖਿਆ ਦੇ ਮੱਦੇਨਜ਼ਰ ਇਕ ਯਾਤਰੀ ਕਰਾ ਸਕੇਗਾ 2 ਸੀਟਾਂ ਪੱਕੀਆਂ
NEXT STORY