ਜੰਮੂ— ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਦੇ ਤ੍ਰਿਕੁਟਾ ਪਹਾੜੀਆਂ 'ਤੇ ਸਥਿਤ ਪ੍ਰਸਿੱਧ ਮਾਤਾ ਵੈਸ਼ਨੋ ਦੇਵੀ ਮੰਦਰ ਭਗਤਾਂ ਲਈ ਐਤਵਾਰ ਨੂੰ ਖੋਲ੍ਹ ਦਿੱਤਾ ਗਿਆ ਹੈ। ਕਰੀਬ 5 ਮਹੀਨੇ ਬਾਅਦ ਮਾਤਾ ਵੈਸ਼ਨੋ ਦੇਵੀ ਦੀ ਯਾਤਰਾ ਮੁੜ ਤੋਂ ਸ਼ੁਰੂ ਹੋਈ। ਦੱਸ ਦੇਈਏ ਕਿ ਕੋਰੋਨਾ ਆਫ਼ਤ ਕਾਰਨ ਬੀਤੀ 18 ਮਾਰਚ 2020 ਤੋਂ ਮਾਤਾ ਵੈਸ਼ਨੋ ਦੇਵੀ ਯਾਤਰਾ ਰੋਕ ਦਿੱਤੀ ਗਈ ਸੀ। ਹੁਣ ਜਦੋਂ ਵੈਸ਼ਨੇ ਦੇਵੀ ਸ਼ਰਾਈਨ ਬੋਰਡ ਵਲੋਂ ਯਾਤਰਾ ਨੂੰ ਮੁੜ ਸ਼ੁਰੂ ਕਰਨ ਦਾ ਫ਼ੈਸਲਾ ਲਿਆ ਗਿਆ ਹੈ ਤਾਂ ਇਸ 'ਚ ਕਈ ਬਦਲਾਅ ਕੀਤੇ ਗਏ ਹਨ।
ਨਾ ਟਿਕਾ ਲੱਗਾ ਤੇ ਨਾ ਮਿਲਿਆ ਪ੍ਰਸਾਦ—
ਐਤਵਾਰ ਨੂੰ ਯਾਤਰਾ ਸ਼ੁਰੂ ਕੀਤੇ ਜਾਣ ਦੇ ਪਹਿਲੇ ਦਿਨ ਕਰੀਬ 100-150 ਭਗਤ ਹੀ ਮਾਤਾ ਦੇ ਦਰਬਾਰ ਪਹੁੰਚੇ। ਪਹਿਲਾਂ ਵਾਂਗ ਮਾਤਾ ਵੈਸ਼ਨੋ ਦੇਵੀ ਗੁਫਾ ਅੰਦਰ ਪੰਡਤ ਹੁਣ ਭਗਤਾਂ ਨੂੰ ਟਿਕਾ ਨਹੀਂ ਲਾ ਰਹੇ ਹਨ ਅਤੇ ਨਾ ਹੀ ਭਗਤਾਂ ਨੂੰ ਪ੍ਰਸਾਦ ਮਿਲ ਰਿਹਾ ਹੈ। ਦਰਅਸਲ ਅਜੇ ਕਟੜਾ ਵਿਚ ਪ੍ਰਸਾਦ ਆਦਿ ਦੀਆਂ ਜੋ ਦੁਕਾਨਾਂ ਹਨ, ਉਹ ਵੀ ਅਜੇ ਬੰਦ ਹਨ। ਭਗਤ ਆਪਣੀ ਵਾਰੀ ਨਾਲ ਮੱਥਾ ਟੇਕਦੇ ਹੋਏ ਛੇਤੀ-ਛੇਤੀ ਬਾਹਰ ਆ ਰਹੇ ਹਨ। ਸਮਾਜਿਕ ਦੂਰੀ ਦਾ ਪੂਰਾ ਖਿਆਲ ਰੱਖਿਆ ਜਾ ਰਿਹਾ ਹੈ।
ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼—
ਯਾਤਰਾ ਦੌਰਾਨ ਭਗਤਾਂ ਲਈ ਕੁਝ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ, ਜਿਨ੍ਹਾਂ ਦਾ ਪਾਲਣ ਕਰਨਾ ਜ਼ਰੂਰੀ ਹੈ। ਦਿਸ਼ਾ-ਨਿਰਦੇਸ਼ਾਂ ਮੁਤਾਬਕ ਪਹਿਲੇ ਹਫਤੇ 'ਚ ਰੋਜ਼ਾਨਾ 2,000 ਭਗਤਾਂ ਨੂੰ ਹੀ ਯਾਤਰਾ ਦੀ ਆਗਿਆ ਦਿੱਤੀ ਜਾਵੇਗੀ। ਇਨ੍ਹਾਂ 'ਚੋਂ 1900 ਜੰਮੂ-ਕਸ਼ਮੀਰ ਅਤੇ ਬਾਕੀ 100 ਪ੍ਰਦੇਸ਼ ਤੋਂ ਬਾਹਰ ਦੇ ਹੋਣਗੇ। ਸਥਿਤੀ ਦੀ ਸਮੀਖਿਆ ਕੀਤੀ ਜਾਵੇਗੀ ਅਤੇ ਇਸ ਤੋਂ ਬਾਅਦ ਅੱਗੇ ਦਾ ਫ਼ੈਸਲਾ ਲਿਆ ਜਾਵੇਗਾ। ਖ਼ਾਸ ਗੱਲ ਇਹ ਹੈ ਕਿ ਯਾਤਰਾ ਰਜਿਸਟ੍ਰੇਸ਼ਨ ਕੇਂਦਰਾਂ 'ਤੇ ਲੋਕਾਂ ਦੀ ਭੀੜ ਨੂੰ ਘੱਟ ਕਰਨ ਲਈ ਰਜਿਸਟ੍ਰੇਸ਼ਨ ਆਨਲਾਈਨ ਹੋਵੇਗੀ ਅਤੇ ਇਸ ਤੋਂ ਬਾਅਦ ਹੀ ਭਗਤਾਂ ਨੂੰ ਯਾਤਰਾ ਦੀ ਆਗਿਆ ਦਿੱਤੀ ਜਾਵੇਗੀ।
ਇਸ ਤੋਂ ਇਲਾਵਾ ਭਗਤਾਂ ਨੂੰ ਮਾਸਕ ਪਹਿਨਣਾ ਜ਼ਰੂਰੀ ਹੋਵੇਗਾ ਅਤੇ ਆਪਣੇ ਮੋਬਾਇਲ ਫੋਨ 'ਚ ਆਰੋਗਿਆ ਸੇਤੂ ਐਪ ਡਾਊਨਲੋਡ ਕਰਨੀ ਹੋਵੇਗੀ। ਹਰੇਕ ਯਾਤਰੀ ਨੂੰ ਯਾਤਰਾ ਪ੍ਰਵੇਸ਼ ਸਥਾਨ ਦੇ ਨੇੜੇ ਥਰਮਲ ਇਮੇਜ ਸਕੈਨਰ ਤੋਂ ਲੰਘਣਾ ਹੋਵੇਗਾ। 10 ਸਾਲ ਤੋਂ ਘੱਟ ਉਮਰ ਦੇ ਬੱਚਿਆਂ, ਗਰਭਵਤੀ ਜਨਾਨੀਆਂ ਅਤੇ 60 ਸਾਲ ਤੋਂ ਵਧੇਰੇ ਉਮਰ ਦੇ ਵਿਅਕਤੀਆਂ ਨੂੰ ਕੋਰੋਨਾ ਵਾਇਰਸ ਤੋਂ ਆਪਣੀ ਸੁਰੱਖਿਆ ਯਕੀਨੀ ਕਰਨ ਲਈ ਯਾਤਰਾ ਟਾਲਣ ਦੀ ਸਲਾਹ ਦਿੱਤੀ ਗਈ ਹੈ।
ਗੁਜਰਾਤ 'ਚ 2 ਕਾਰਾਂ ਵਿਚਾਲੇ ਭਿਆਨਕ ਟੱਕਰ, 5 ਲੋਕਾਂ ਦੀ ਮੌਤ
NEXT STORY