ਲਖਨਊ- ਨੀਲੇਸ਼ ਕੁਮਾਰ ਦੀ ਜ਼ਿੰਦਗੀ 'ਚ ਖੁਸ਼ੀ ਦੀ ਇਕ ਨਵੀਂ ਸ਼ੁਰੂਆਤ ਹੋਣ ਵਾਲੀ ਸੀ। ਤਰੱਕੀ, ਤਨਖਾਹ 'ਚ ਵਾਧਾ, ਅਤੇ ਅਨਾਮਿਕਾ ਸਾਮੰਤ ਨਾਲ ਵਿਆਹ- ਸਭ ਕੁਝ ਤੈਅ ਹੋ ਚੁੱਕਿਆ ਸੀ। ਇਸ ਦੌਰਾਨ ਅਨਾਮਿਕਾ ਵੀ ਆਪਣੀ ਜ਼ਿੰਦਗੀ ਦੇ ਇਕ ਨਵੇਂ ਅਧਿਆਏ ਦੀ ਦਹਿਲੀਜ਼ 'ਤੇ ਸੀ। ਉਸ ਦੇ ਮਾਤਾ-ਪਿਤਾ ਪਿਛਲੇ ਹਫ਼ਤੇ ਹੀ ਪੱਛਮੀ ਬੰਗਾਲ ਤੋਂ ਲਖਨਊ ਵਾਪਸ ਆਪਣੇ ਹੋਣ ਵਾਲੇ ਸਮਧੀ ਪਰਿਵਾਰ ਨੂੰ ਮਿਲ ਕੇ ਵਾਪਸ ਆਏ ਸਨ ਪਰ ਸੋਮਵਾਰ ਨੂੰ ਅਲੀਗੰਜ ਦੇ ਇਕ ਵਾਪਰਕ ਭਵਨ 'ਚ ਲੱਗੀ ਭਿਆਨਕ ਅੱਗ ਨੇ ਦੋਵਾਂ ਦੀ ਜ਼ਿੰਦਗੀ ਹੀ ਖੋਹ ਲਈ। ਜਿਹੜੇ ਘਰਾਂ 'ਚ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ, ਉੱਥੇ ਹੁਣ ਮਾਤਮ ਪਸਰਿਆ ਹੋਇਆ ਹੈ।
ਇਕੱਠੇ ਕੰਮ ਕਰਦੇ ਸਮੇਂ ਦੋਵਾਂ ਨੂੰ ਹੋਇਆ ਸੀ ਪਿਆਰ
ਅਧਿਕਾਰੀਆਂ ਦੇ ਅਨੁਸਾਰ, ਸੋਮਵਾਰ ਦੁਪਹਿਰ ਨੂੰ ਅਲੀਗੰਜ 'ਚ ਤਿੰਨ ਮੰਜ਼ਿਲਾ ਇਮਾਰਤ 'ਚ ਅੱਗ ਲੱਗ ਗਈ ਸੀ। ਇਮਾਰਤ 'ਚ ਇਕ ਐਨੀਮੇਸ਼ਨ ਸਿਖਲਾਈ ਕੇਂਦਰ ਵੀ ਸੀ। ਇਸ ਹਾਦਸੇ 'ਚ 15 ਲੋਕ ਮਾਰੇ ਗਏ, ਜਿਨ੍ਹਾਂ 'ਚੋਂ ਜ਼ਿਆਦਾਤਰ ਵਿਦਿਆਰਥੀ ਸਨ, ਜਦੋਂ ਕਿ 9 ਹੋਰ ਜ਼ਖਮੀ ਹੋ ਗਏ। ਕਈ ਲੋਕ ਦੂਜੀ ਮੰਜ਼ਲ 'ਤੇ ਚੱਲ ਰਹੀਆਂ ਕਲਾਸਾਂ ਦੌਰਾਨ ਅੱਗ 'ਚ ਫਸ ਗਏ। ਨੀਲੇਸ਼ (27) ਅਤੇ ਅਨਾਮਿਕਾ (30) ਦੀ ਮੁਲਾਕਾਤ ਇਸੇ ਕੇਂਦਰ 'ਚ ਹੋਈ ਸੀ, ਜਿੱਥੇ ਦੋਵੇਂ ਕੰਮ ਕਰਦੇ ਸਨ। ਨਾਲ ਕੰਮ ਕਰਦੇ-ਕਰਦੇ ਦੋਸਤੀ ਹੋਈ, ਜੋ ਹੌਲੀ-ਹੌਲੀ ਪਿਆਰ 'ਚ ਬਦਲ ਗਈ। ਬਾਅਦ 'ਚ ਦੋਵਾਂ ਪਰਿਵਾਰਾਂ ਨੇ ਵੀ ਇਸ ਰਿਸ਼ਤੇ ਨੂੰ ਆਪਣੀ ਮਨਜ਼ੂਰੀ ਦੇ ਦਿੱਤੀ।
ਪਿਛਲੇ ਹਫ਼ਤੇ ਘਰ 'ਚ ਹੋਇਆ ਸੀ ਪਰਿਵਾਰਕ ਪ੍ਰੋਗਰਾਮ
ਨੀਲੇਸ਼ ਦੇ ਭਰਾ, ਅਭਿਸ਼ੇਕ ਨੇ ਪੋਸਟਮਾਰਟਮ ਹਾਊਸ ਦੇ ਬਾਹਰ ਨਮ ਅੱਖਾਂ ਨਾਲ ਦੱਸਿਆ,"ਪਿਛਲੇ ਹਫ਼ਤੇ ਘਰ 'ਚ ਇਕ ਛੋਟਾ ਜਿਹਾ ਪਰਿਵਾਰਕ ਪ੍ਰੋਗਰਾਮ ਹੋਇਆ ਸੀ। ਪਰਿਵਾਰ ਦੇ ਸਾਰੇ ਮੈਂਬਰ ਅਨਾਮਿਕਾ ਨੂੰ ਮਿਲੇ ਸਨ। ਉਹ ਬਹੁਤ ਮਿਲਨਸਾਰ ਅਤੇ ਖੁਸ਼ਮਿਜਾਜ ਸੁਭਾਅ ਦੀ ਸੀ।" ਪਰਿਵਾਰ ਨੇ ਅਗਲੇ ਹਫ਼ਤੇ ਪੱਛਮੀ ਬੰਗਾਲ 'ਚ ਅਨਾਮਿਕਾ ਦੇ ਘਰ ਲਈ ਰੇਲ ਟਿਕਟਾਂ ਵੀ ਬੁੱਕ ਕਰਵਾ ਲਈਆਂ ਸਨ। ਅਭਿਸ਼ੇਕ ਨੇ ਕਿਹਾ,"ਯਾਤਰਾ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਕਿਸੇ ਨੂੰ ਵੀ ਅੰਦਾਜ਼ਾ ਨਹੀਂ ਸੀ ਕਿ ਸਭ ਕੁਝ ਇੰਨੀ ਜਲਦੀ ਖਤਮ ਹੋ ਜਾਵੇਗਾ।"
ਅਨਾਮਿਕਾ ਦੀ ਚਚੇਰੀ ਭੈਣ ਦੀ ਹੋਈ ਇਸ ਹਾਦਸੇ 'ਚ ਮੌਤ
ਰਿਸ਼ਤੇਦਾਰਾਂ ਦੇ ਅਨੁਸਾਰ, ਨੀਲੇਸ਼ ਵਿਆਹ ਲਈ ਬੱਚਤ ਕਰ ਰਿਹਾ ਸੀ ਅਤੇ ਪਰਿਵਾਰ ਦੇ ਨਵੇਂ ਘਰ ਦੀ ਉਸਾਰੀ 'ਚ ਵਿੱਤੀ ਯੋਗਦਾਨ ਵੀ ਪਾ ਰਿਹਾ ਸੀ। ਉਸ ਦੇ ਰਿਸ਼ਤੇਦਾਰ ਸਮਰੇਂਦਰ ਨੇ ਕਿਹਾ, "ਨੀਲੇਸ਼ ਅਕਸਰ ਕਹਿੰਦਾ ਸੀ ਕਿ ਇਕ ਵਾਰ ਨਵਾਂ ਘਰ ਬਣ ਜਾਣ ਤੋਂ ਬਾਅਦ, ਉਸ ਦਾ ਵਿਆਹ ਉਸੇ ਘਰ 'ਚ ਹੋਵੇਗਾ। ਉਹ ਉਸ ਦਿਨ ਦੀ ਬੇਸਬਰੀ ਨਾਲ ਉਡੀਕ ਕਰ ਰਿਹਾ ਸੀ।" ਪਰ ਵਿਆਹ ਦੀਆਂ ਤਿਆਰੀਆਂ 'ਚ ਰੁੱਝਿਆ ਹੋਇਆ ਪਰਿਵਾਰ ਹੁਣ ਪੋਸਟਮਾਰਟਮ ਘਰ ਦੇ ਬਾਹਰ ਉਸ ਦੀ ਲਾਸ਼ ਦੀ ਉਡੀਕ ਕਰਦਾ ਦਿਖਾਈ ਦੇ ਰਿਹਾ ਸੀ। ਅਨਾਮਿਕਾ ਦੇ ਪਰਿਵਾਰ ਦਾ ਦੁੱਖ ਹੋਰ ਵੀ ਡੂੰਘਾ ਹੈ। ਉਸ ਦੀ 27 ਸਾਲਾ ਚਚੇਰੀ ਭੈਣ ਸੋਮਿਲਿਆ ਵੀ ਅੱਗ 'ਚ ਮਾਰੇ ਗਏ ਲੋਕਾਂ 'ਚ ਸ਼ਾਮਲ ਸੀ। ਉਹ ਉਸੇ ਐਨੀਮੇਸ਼ਨ ਸੈਂਟਰ 'ਚ ਕੰਮ ਕਰਦੀ ਸੀ।
ਅਲੀਗੰਜ ਅਗਨੀਕਾਂਡ ਦੀਆਂ ਲਪਟਾਂ 'ਚ ਸਭ ਕੁਝ ਹੋਇਆ ਸੁਆਹ
ਹਾਦਸੇ ਤੋਂ ਕੁਝ ਘੰਟੇ ਪਹਿਲਾਂ ਤੱਕ ਦੋਵੇਂ ਪਰਿਵਾਰ ਯਾਤਰਾ ਯੋਜਨਾਵਾਂ, ਵਿਆਹ ਦੀਆਂ ਤਰੀਕਾਂ ਅਤੇ ਆਉਣ ਵਾਲੇ ਚਮਕਦਾਰ ਦਿਨਾਂ ਬਾਰੇ ਚਰਚਾ ਕਰ ਰਹੇ ਸਨ। ਸ਼ਾਮ ਹੁੰਦੇ-ਹੁੰਦੇ ਉਨ੍ਹਾਂ ਗੱਲਬਾਤਾਂ ਦੀ ਥਾਂ ਘਬਰਾਹਟ ਵਾਲੀਆਂ ਫ਼ੋਨ ਕਾਲਾਂ, ਹਸਪਤਾਲਾਂ ਦੇ ਚੱਕਰ ਅਤੇ ਆਪਣਿਆਂ ਦੀ ਪਛਾਣ ਦੇ ਦਰਦ ਨੇ ਲੈ ਲਈ। 2 ਪਰਿਵਾਰਾਂ ਨੂੰ ਮਿਲਾਉਣ ਵਾਲਾ ਇਕ ਖੂਬਸੂਰਤ ਰਿਸ਼ਤਾ, ਜੋ ਵਿਆਹ ਦੀ ਮੰਜ਼ਲ ਤੱਕ ਪਹੁੰਚਣ ਵਾਲਾ ਸੀ, ਪੋਸਟਮਾਰਟਮ ਹਾਊਸ ਦੇ ਬਾਹਰ ਆ ਕੇ ਰੁਕ ਗਿਆ। ਜਿਹੜੇ ਸੁਪਨਿਆਂ ਨੂੰ ਦੋਵਾਂ ਨੇ ਮਿਲ ਕੇ ਦੇਖਿਆ ਸੀ, ਉਹ ਅਲੀਗੰਜ ਅਗਨੀਕਾਂਡ ਦੀਆਂ ਲਪਟਾਂ 'ਚ ਹਮੇਸ਼ਾ ਲਈ ਸੁਆਹ ਹੋ ਗਏ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪੱਖੇ ਦੀ ਤਾਰ ਜੋੜਦੇ ਨੌਜਵਾਨ ਨੂੰ ਲੱਗ ਗਿਆ ਕਰੰਟ ! ਤੜਫ਼-ਤੜਫ਼ ਨਿਕਲੀ ਜਾਨ
NEXT STORY