ਨਵੀਂ ਦਿੱਲੀ— ਭਾਰਤ 'ਚ ਤਕਨੀਕ ਦੀ ਆਦਤ ਖਤਰਨਾਕ ਦਰ ਨਾਲ ਵੱਧ ਰਹੀ ਹੈ ਅਤੇ ਇਸ ਕਾਰਨ ਨੌਜਵਾਨ ਨੋਮੋਫੋਬੀਆ ਦਾ ਸ਼ਿਕਾਰ ਤੇਜ਼ੀ ਨਾਲ ਹੋ ਰਹੇ ਹਨ। ਲਗਭਗ ਤਿੰਨ ਬਾਲਗ ਖਪਤਕਾਰ ਲਗਾਤਾਰ ਇਕੱਠੇ ਇਕ ਤੋਂ ਵੱਧ ਯੰਤਰਾਂ ਦੀ ਵਰਤੋਂ ਕਰਦੇ ਹਨ ਅਤੇ ਆਪਣੇ 90 ਫੀਸਦੀ ਕੰਮ ਦੇ ਦਿਨ ਯੰਤਰਾਂ ਨਾਲ ਬਿਤਾਉਂਦੇ ਹਨ। ਇਹ ਗੱਲ ਏਡੋਬ ਦੇ ਇਕ ਅਧਿਐਨ 'ਚ ਸਾਹਮਣੇ ਆਈ ਹੈ।
ਅਧਿਐਨ ਦੇ ਨਤੀਜਿਆਂ ਨੇ ਇਹ ਵੀ ਸੰਕੇਤ ਦਿੱਤਾ ਕਿ 50 ਫੀਸਦੀ ਖਪਤਕਾਰ ਮੋਬਾਇਲ 'ਤੇ ਸਰਗਰਮੀ ਸ਼ੁਰੂ ਕਰਨ ਤੋਂ ਬਾਅਦ ਫਿਰ ਕੰਪਿਊਟਰ 'ਤੇ ਕੰਮ ਸ਼ੁਰੂ ਕਰ ਦਿੰਦੇ ਹਨ। ਭਾਰਤ 'ਚ ਇਸ ਤਰ੍ਹਾਂ ਸਕ੍ਰੀਨ ਸਵਿੱਚ ਕਰਨਾ ਆਮ ਗੱਲ ਹੈ। ਮੋਬਾਇਲ ਫੋਨ ਦੀ ਲੰਮੇ ਸਮੇਂ ਤੱਕ ਵਰਤੋਂ ਕਰਨ ਨਾਲ ਗਰਦਨ 'ਚ ਦਰਦ, ਅੱਖਾਂ 'ਚ ਸੁੱਕਾਪਨ, ਕੰਪਿਊਟਰ ਵਿਜ਼ਨ ਸਿੰਡ੍ਰੋਮ ਅਤੇ ਉਨੀਂਦਰੇ ਦਾ ਕਾਰਨ ਬਣ ਸਕਦਾ ਹੈ। 20 ਤੋਂ 30 ਸਾਲ ਦੀ ਉਮਰ 'ਚ ਲਗਭਗ 60 ਫੀਸਦੀ ਨੌਜਵਾਨਾਂ ਨੂੰ ਆਪਣਾ ਫੋਨ ਗੁਆਚਣ ਦਾ ਖਦਸ਼ਾ ਰਹਿੰਦਾ ਹੈ, ਜਿਸ ਨੂੰ ਨੋਮੋਫੋਬੀਆ ਕਿਹਾ ਜਾਂਦਾ ਹੈ।
ਹਾਰਟ ਕੇਅਰ ਫਾਊਂਡੇਸ਼ਨ ਆਫ ਇੰਡੀਆ (ਐੱਚ. ਸੀ. ਐੱਫ. ਆਈ.) ਦੇ ਪ੍ਰਧਾਨ ਪਦਮਸ਼੍ਰੀ ਡਾ. ਕੇ. ਕੇ. ਅਗਰਵਾਲ ਕਹਿੰਦੇ ਹਨ ਕਿ ਸਾਡੇ ਫੋਨ ਅਤੇ ਕੰਪਿਊਟਰ 'ਤੇ ਆਉਣ ਵਾਲੇ ਨੋਟੀਫਿਕੇਸ਼ਨ, ਕੰਪਨ ਅਤੇ ਹੋਰ ਅਲਰਟ ਸਾਨੂੰ ਲਗਾਤਾਰ ਉਨ੍ਹਾਂ ਵੱਲ ਦੇਖਣ ਲਈ ਮਜਬੂਰ ਕਰਦੇ ਹਨ। ਇਹ ਉਸੇ ਤਰ੍ਹਾਂ ਨਰਵ ਰੂਟਸ ਨੂੰ ਟ੍ਰਿਗਰ ਕਰਨ ਵਰਗਾ ਹੁੰਦਾ ਹੈ, ਜਿਵੇਂ ਕਿਸੇ ਸ਼ਿਕਾਰੀ ਵਲੋਂ ਇਕ ਅਚਾਨਕ ਹਮਲੇ ਦੌਰਾਨ ਜਾਂ ਕੁਝ ਖਤਰੇ ਦਾ ਸਾਹਮਣਾ ਕਰਨ 'ਤੇ ਹੁੰਦਾ ਹੈ। ਇਸ ਦਾ ਅਰਥ ਇਹ ਹੋਇਆ ਕਿ ਸਾਡਾ ਦਿਮਾਗ ਲਗਾਤਾਰ ਸਰਗਰਮ ਰਹਿੰਦਾ ਹੈ ਪਰ ਅਸਧਾਰਨ ਤਰੀਕੇ ਨਾਲ।
ਉਨ੍ਹਾਂ ਕਿਹਾ ਕਿ ਅਸੀਂ ਲਗਾਤਾਰ ਉਸ ਸਰਗਰਮੀ ਦੀ ਭਾਲ ਕਰਦੇ ਹਾਂ ਅਤੇ ਇਸ ਦੀ ਕਮੀ 'ਚ ਬੇਚੈਨ, ਉਤੇਜਿਤ ਅਤੇ ਇਕੱਲਾ ਮਹਿਸੂਸ ਕਰਦੇ ਹਾਂ। ਕਦੀ-ਕਦਾਈਂ ਹੱਥ ਨਾਲ ਫੜੀ ਸਕ੍ਰੀਨ 'ਤੇ ਹੇਠਾਂ ਦੇਖਣ ਜਾਂ ਲੈਪਟਾਪ ਦੀ ਵਰਤੋਂ ਕਰਦੇ ਸਮੇਂ ਗਰਦਨ ਨੂੰ ਬਾਹਰ ਕੱਢਣ ਨਾਲ ਰੀੜ੍ਹ ਦੀ ਹੱਡੀ 'ਤੇ ਦਬਾਅ ਪੈਂਦਾ ਹੈ। ਅਸੀਂ ਰੋਜ਼ਾਨਾ ਵੱਖ-ਵੱਖ ਯੰਤਰਾਂ 'ਤੇ ਜਿੰਨੇ ਘੰਟੇ ਬਿਤਾਉਂਦੇ ਹਾਂ, ਉਹ ਸਾਨੂੰ ਗਰਦਨ, ਮੋਢੇ, ਪਿੱਠ, ਕੂਹਣੀ, ਗੁੱਟ ਅਤੇ ਅੰਗੂਠੇ ਦੇ ਲੰਮੇ ਅਤੇ ਪੁਰਾਣੇ ਦਰਦ ਸਮੇਤ ਕਈ ਸਮੱਸਿਆਵਾਂ ਪ੍ਰਤੀ ਸੰਵੇਦਨਸ਼ੀਲ ਬਣਾਉਂਦਾ ਹੈ।
ਡਾ. ਅਗਰਵਾਲ ਨੇ ਕਿਹਾ ਕਿ ਗੈਜੇਟਸ ਦੇ ਮਾਧਿਅਮ ਨਾਲ ਸੂਚਨਾਵਾਂ ਦੀਆਂ ਇੰਨੀਆਂ ਵੱਖ-ਵੱਖ ਧਾਰਾਵਾਂ ਤੱਕ ਪਹੁੰਚਣਾ ਦਿਮਾਗ ਦੇ ਗ੍ਰੇਮੈਟਰ ਡੈਂਸਿਟੀ ਨੂੰ ਘੱਟ ਕਰਦਾ ਹੈ, ਜੋ ਪਛਾਣਨ ਅਤੇ ਭਾਵਨਾਤਮਕ ਕੰਟਰੋਲ ਲਈ ਜ਼ਿੰਮੇਵਾਰ ਹੈ। ਇਸ ਡਿਜੀਟਲ ਯੁੱਗ 'ਚ ਚੰਗੀ ਸਿਹਤ ਦੀ ਕੁੰਜੀ ਹੈ ਮਾਡਰੇਸ਼ਨ, ਯਾਨੀ ਤਕਨੀਕ ਦੀ ਸਮਝਦਾਰੀ ਨਾਲ ਵਰਤੋਂ ਹੋਣੀ ਚਾਹੀਦੀ ਹੈ। ਸਾਡੇ 'ਚੋਂ ਜ਼ਿਆਦਾਤਰ ਉਨ੍ਹਾਂ ਯੰਤਰਾਂ ਦੇ ਗੁਲਾਮ ਬਣ ਗਏ ਹਨ, ਜੋ ਅਸਲ 'ਚ ਸਾਨੂੰ ਮੁਕਤ ਕਰਨ ਅਤੇ ਜੀਵਨ ਦਾ ਅਨੁਭਵ ਕਰਨ ਅਤੇ ਲੋਕਾਂ ਦੇ ਨਾਲ ਰਹਿਣ ਲਈ ਵੱਧ ਸਮਾਂ ਦੇਣ ਲਈ ਬਣੇ ਸਨ। ਅਸੀਂ ਆਪਣੇ ਬੱਚਿਆਂ ਨੂੰ ਉਸੇ ਰਸਤੇ 'ਤੇ ਲਿਜਾ ਰਹੇ ਹਾਂ।
ਉਨ੍ਹਾਂ ਕਿਹਾ ਕਿ 30 ਫੀਸਦੀ ਮਾਮਲਿਆਂ 'ਚ ਸਮਾਰਟਫੋਨ ਮਾਤਾ-ਪਿਤਾ ਤੇ ਬੱਚੇ ਦਰਮਿਆਨ ਸੰਘਰਸ਼ ਦਾ ਇਕ ਕਾਰਨ ਹੈ। ਅਕਸਰ ਬੱਚੇ ਦੇਰ ਨਾਲ ਉੱਠਦੇ ਹਨ ਅਤੇ ਅਖੀਰ 'ਚ ਸਕੂਲ ਨਹੀਂ ਜਾਂਦੇ ਹਨ। ਔਸਤਨ ਲੋਕ ਸੌਣ ਤੋਂ ਪਹਿਲਾਂ ਸਮਾਰਟਫੋਨ ਦੇਖਦੇ ਹੋਏ ਬਿਸਤਰੇ 'ਤੇ 30 ਤੋਂ 60 ਮਿੰਟ ਬਿਤਾਉਂਦੇ ਹਨ।
ਸਮਾਰਟਫੋਨ ਦੀ ਆਦਤ ਨੂੰ ਰੋਕਣ ਲਈ ਕੁਝ ਟਿੱਪਸ
* ਇਲੈਕਟ੍ਰਾਨਿਕ ਕਰਫਿਊ : ਮਤਲਬ ਸੌਣ ਤੋਂ 30 ਮਿੰਟ ਪਹਿਲਾਂ ਕਿਸੇ ਵੀ ਇਲੈਕਟ੍ਰਾਨਿਕ ਗੈਜੇਟ ਦੀ ਵਰਤੋਂ ਨਾ ਕਰਨਾ।
* ਫੇਸਬੁੱਕ ਦੀ ਛੁੱਟੀ : ਹਰ ਤਿੰਨ ਮਹੀਨੇ 'ਚ 7 ਦਿਨ ਲਈ ਫੇਸਬੁਕ ਦੀ ਵਰਤੋਂ ਨਾ ਕਰੋ।
* ਸੋਸ਼ਲ ਮੀਡੀਆ ਫਾਸਟ : ਹਫਤੇ 'ਚ ਇਕ ਵਾਰ ਪੂਰਾ ਦਿਨ ਸੋਸ਼ਲ ਮੀਡੀਆ ਤੋਂ ਬਚੋ
* ਆਪਣੇ ਮੋਬਾਇਲ ਫੋਨ ਦੀ ਵਰਤੋਂ ਸਿਰਫ ਉਦੋਂ ਕਰੋ ਜਦੋਂ ਘਰ ਤੋਂ ਬਾਹਰ ਹੋਵੋ।
* ਇਕ ਦਿਨ 'ਚ ਤਿੰਨ ਘੰਟੇ ਤੋਂ ਵੱਧ ਕੰਪਿਊਟਰ ਦੀ ਵਰਤੋਂ ਨਾ ਕਰੋ।
* ਆਪਣੇ ਮੋਬਾਇਲ ਟਾਕ ਟਾਈਮ ਨੂੰ ਇਕ ਦਿਨ 'ਚ 2 ਘੰਟੇ ਤੋਂ ਵੱਧ ਤੱਕ ਸੀਮਤ ਕਰੋ।
* ਆਪਣੇ ਮੋਬਾਇਲ ਦੀ ਬੈਟਰੀ ਨੂੰ ਇਕ ਦਿਨ 'ਚ ਇਕ ਵਾਰ ਚਾਰਜ ਕਰੋ।
1 ਜੁਲਾਈ ਤੋਂ ਲੈ ਕੇ 15 ਅਗਸਤ ਤੱਕ ਚੱਲੇਗੀ ਸ਼੍ਰੀ ਅਮਰਨਾਥ ਜੀ ਕੀ ਯਾਤਰਾ
NEXT STORY