22 ਅਪ੍ਰੈਲ, 2025 ਨੂੰ ਦੱਖਣੀ ਕਸ਼ਮੀਰ ’ਚ ਪਹਿਲਗਾਮ ਦੀ ਬੈਸਰਨ ਵਾਦੀ ’ਚ ਪਾਕਿਸਤਾਨ ਦੇ ਪਾਲੇ ਹੋਏ ਅੱਤਵਾਦੀਆਂ ਵਲੋਂ ਇਥੇ ਘੁੰਮਣ ਆਏ 26 ਨਿਰਦੋਸ਼ ਲੋਕਾਂ ਦੀ ਕਾਇਰਤਾ ਭਰੀ ਹੱਤਿਆ ਦੇ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਸਿਖਰ ’ਤੇ ਪਹੁੰਚਿਆ ਹੋਇਆ ਹੈ ਅਤੇ ਇਸ ਨੂੰ ਲੈ ਕੇ ਪੂਰਾ ਭਾਰਤ ਅਲਰਟ ’ਤੇ ਹੈ।
ਦੂਜੇ ਪਾਸੇ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐੱਸ. ਆਈ. ਵਲੋਂ ਲੰਬੇ ਸਮੇਂ ਤੋਂ ਲਗਾਤਾਰ ਪੰਜਾਬ ਦੇ ਸਰਹੱਦੀ ਖੇਤਰਾਂ ’ਚ ਆਪਣੇ ਪਾਲੇ ਹੋਏ ਗੁਰਗਿਆਂ ਅਤੇ ਅੱਤਵਾਦੀਆਂ ਨੂੰ ਹਥਿਆਰਾਂ ਅਤੇ ਧਮਾਕਾਖੇਜ਼ ਪਦਾਰਥਾਂ ਦੀ ਸਮੱਗਲਿੰਗ ਕਰਵਾ ਕੇ ਇਸ ਸਰਹੱਦੀ ਰਾਜ ’ਚ ਤਬਾਹੀ ਮਚਾਉਣ ਦਾ ਲਗਾਤਾਰ ਯਤਨ ਕੀਤਾ ਜਾ ਰਿਹਾ ਹੈ ਜਿਸ ਦੀਆਂ ਇਸ ਸਾਲ ਦੇ ਪਿਛਲੇ 2 ਮਹੀਨਿਆਂ ਦੀਆਂ ਉਦਾਹਰਣਾਂ ਹੇਠਾਂ ਦਰਜ ਹਨ :
* 28 ਫਰਵਰੀ ਨੂੰ ਬੀ. ਐੱਸ. ਐੱਫ. ਨੇ ਫਿਰੋਜ਼ਪੁਰ ਜ਼ਿਲੇ ਦੇ ‘ਟਿੰਡੀਵਾਲਾ’ ਪਿੰਡ ’ਚ ਇਕ ਖੇਤ ’ਚ ਸੁੱਟੀ ਗਈ ਵਿਦੇਸ਼ੀ ‘ਗਲੌਕ’ ਪਿਸਤੌਲ ਬਰਾਮਦ ਕੀਤੀ।
* 8-9 ਅਪ੍ਰੈਲ ਦੀ ਦਰਮਿਆਨੀ ਰਾਤ ਨੂੰ ‘ਗੁਰਦਾਸਪੁਰ’ ਵਿਚ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੀ ‘ਚੌਂਤਾ’ ਬੀ. ਓ. ਪੀ. ਦੇ ਨੇੜੇ ਭਾਰਤ-ਪਾਕਿ ਕੌਮਾਂਤਰੀ ਸਰਹੱਦ ’ਤੇ ਲੱਗੀ ਵਾੜ ਦੇ ਨਾਲ ਗਸ਼ਤ ਦੌਰਾਨ ਖੇਤਾਂ ’ਚ ਤਾਰਾਂ ਦਾ ਇਕ ਜਾਲ ਮਿਲਿਆ ਜਿਥੇ ਕਈ ਧਮਾਕਾਖੇਜ਼ ਪਦਾਰਥ ਲੁਕੋਏ ਗਏ ਸਨ।
ਬੀ. ਐੱਸ. ਐੱਫ. ਦੇ ਜਵਾਨ ਇਨ੍ਹਾਂ ਨੂੰ ਹਟਾਉਣ ਦੀ ਕੋਸ਼ਿਸ਼ ਕਰ ਰਹੇ ਸਨ ਕਿ ਇਕ ਧਮਾਕਾਖੇਜ਼ ਪਦਾਰਥ ’ਚ ਧਮਾਕਾ ਹੋ ਜਾਣ ਨਾਲ ਇਕ ਜਵਾਨ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ। ਇਸ ਦੇ ਬਾਵਜੂਦ ਜਵਾਨਾਂ ਨੇ ਹਿੰਮਤ ਨਹੀਂ ਹਾਰੀ ਅਤੇ ਇਲਾਕੇ ਨੂੰ ਸੁਰੱਖਿਅਤ ਕਰਨ ’ਚ ਜੁਟ ਗਏ ਅਤੇ ਉਨ੍ਹਾਂ ਦੀ ਹਿੰਮਤ ਨਾਲ ਇਕ ਵੱਡੀ ਦੁਰਘਟਨਾ ਟਲ ਗਈ। ਵਰਣਨਯੋਗ ਹੈ ਕਿ ਇਸ ਮੋਹਰੀ ਮੋਰਚੇ ’ਤੇ ਆਈ. ਈ. ਡੀ. ਦੀ ਵਰਤੋਂ ਦਾ ਇਹ ਪਹਿਲਾ ਮਾਮਲਾ ਹੈ।
* 21 ਅਪ੍ਰੈਲ ਨੂੰ ਬੀ. ਐੱਸ. ਐੱਫ. ਨੇ ਅੰਮ੍ਰਿਤਸਰ ਦੇ ਸਰਹੱਦੀ ਪਿੰਡ ‘ਬੱਲੜਵਾਲ’ ਦੇ ਨੇੜੇ ਡੇਢ ਕਿਲੋ ਆਰ. ਡੀ. ਐਕਸ., ਦੋ ਵਿਦੇਸ਼ੀ ਪਿਸਤੌਲ, 4 ਮੈਗਜ਼ੀਨ, 50 ਜ਼ਿੰਦਾ ਰਾਊਂਡ, 2 ਹੈਂਡ ਗ੍ਰੇਨੇਡ, ਆਈ. ਈ. ਡੀ. ਤਿਆਰ ਕਰਨ ਵਾਲੇ ਬਾਕਸ ਅਤੇ ਹੋਰ ਸਾਮਾਨ, 2 ਡੈਟੋਨੇਟਰ ਅਤੇ 40 ਕਰੋੜ ਰੁਪਏ ਦੀ ਸਾਢੇ 7 ਕਿਲੋ ਤੋਂ ਵੱਧ ਹੈਰੋਇਨ ਬਰਾਮਦ ਕੀਤੀ।
ਦੱਸਿਆ ਜਾਂਦਾ ਹੈ ਕਿ ਉਕਤ ਹਥਿਆਰਾਂ ਦੀ ਵਰਤੋਂ ਅੰਮ੍ਰਿਤਸਰ ਸਮੇਤ ਪੰਜਾਬ ਦੇ ਹੋਰਨਾਂ ਜ਼ਿਲਿਆਂ ’ਚ ਧਮਾਕੇ ਕਰਨ ਲਈ ਕੀਤੀ ਜਾਣੀ ਸੀ।
* 25 ਅਪ੍ਰੈਲ ਨੂੰ ਅੰਮ੍ਰਿਤਸਰ ਦੇ ਨੇੜੇ ਭਾਰਤ-ਪਾਕਿ ਸਰਹੱਦ ’ਤੇ ਸਥਿਤ ‘ਚਕਵਾਲਾ’ ਦੇ ਇਕ ਖੇਤ ’ਚ ਸੁਰੱਖਿਆ ਬਲਾਂ ਵਲੋਂ ਤਲਾਸ਼ੀ ਦੌਰਾਨ ਸਰਹੱਦ ਪਾਰੋਂ ਡਰੋਨ ਰਾਹੀਂ ਭੇਜਿਆ ਗਿਆ ਸਾਢੇ 4 ਕਿਲੋ ਆਰ. ਡੀ. ਐਕਸ., 5 ਹੈਂਡ ਗ੍ਰੇਨੇਡ, 6 ਡੈਟੋਨੇਟਰ, 5 ਪਿਸਤੌਲ, 8 ਮੈਗਜ਼ੀਨ, 220 ਜ਼ਿੰਦਾ ਰਾਊਂਡ, 2 ਬੈਟਰੀਆਂ ਅਤੇ ਰਿਮੋਟ ਮਿਲੇ।
* 30 ਅਪ੍ਰੈਲ ਨੂੰ ਬੀ. ਐੱਸ. ਐੱਫ. ਅਤੇ ਪੰਜਾਬ ਪੁਲਸ ਨੇ ਤਰਨਤਾਰਨ ਜ਼ਿਲੇ ਦੇ ‘ਵਾਂ’ ਪਿੰਡ ਦੇ ਨੇੜੇ ਇਕ ਖੇਤ ’ਚੋਂ ਇਕ ਪਿਸਤੌਲ, ਇਕ ਮੈਗਜ਼ੀਨ ਅਤੇ 3 ਜ਼ਿੰਦਾ ਕਾਰਤੂਸ ਬਰਾਮਦ ਕੀਤੇ।
ਇਨ੍ਹਾਂ ਹਥਿਆਰਾਂ ਅਤੇ ਗੋਲਾ-ਬਾਰੂਦ ਨੂੰ ਪੀਲੇ ਰੰਗ ਦੀ ਚਿਪਕਣ ਵਾਲੀ ਟੇਪ ’ਚ ਲਪੇਟਿਆ ਗਿਆ ਸੀ। ਇਸ ਦੇ ਨਾਲ ਇਕ ਨਾਈਲੋਨ ਦੀ ਰੱਸੀ ਅਤੇ 2 ਰੌਸ਼ਨੀ ਵਾਲੀਆਂ ਛੜਾਂ ਵੀ ਸਨ ਜਿਨ੍ਹਾਂ ਤੋਂ ਸੰਕੇਤ ਮਿਲਦਾ ਹੈ ਕਿ ਇਹ ਸਾਮਾਨ ਸ਼ਾਇਦ ਸਰਹੱਦ ਪਾਰੋਂ ਸਮੱਗਲਿੰਗ ਕਰ ਕੇ ਲਿਆਂਦਾ ਗਿਆ ਸੀ।
* 30 ਅਪ੍ਰੈਲ, 2025 ਨੂੰ ਹੀ ਬੀ. ਐੱਸ. ਐੱਫ. ਨੇ ਫਿਰੋਜ਼ਪੁਰ ’ਚ ਭਾਰਤ-ਪਾਕਿ ਸਰਹੱਦ ਦੇ ਨੇੜੇ ਪਿੰਡ ਗੱਟੀ ਰਾਜੋਕੇ ਦੇ ਖੇਤਾਂ ’ਚੋਂ ਪੀਲੇ ਰੰਗ ਦੀ ਟੇਪ ’ਚ ਲਪੇਟੀ ਹੋਈ ਇਕ ਪਿਸਤੌਲ ਅਤੇ 6 ਮੈਗਜ਼ੀਨ ਬਰਾਮਦ ਕੀਤੇ।
* ਅਤੇ ਹੁਣ 1 ਮਈ, 2025 ਨੂੰ ਬੀ. ਐੱਸ. ਐੱਫ. ਅੰਮ੍ਰਿਤਸਰ ਦੀ ਟੀਮ ਨੇ ਸਰਹੱਦੀ ਪਿੰਡ ‘ਬੈਰੋਪਾਲ’ ਦੇ ਇਕ ਇਲਾਕੇ ’ਚ ਡਰੋਨ ਜ਼ਰੀਏ ਸੁੱਟੀ ਗਈ ਨਾਜਾਇਜ਼ ਹਥਿਆਰਾਂ ਦੀ ਇਕ ਖੇਪ ’ਚੋਂ 2 ਹੈਂਡ ਗ੍ਰੇਨੇਡ, 6 ਮੈਗਜ਼ੀਨਾਂ ਅਤੇ 50 ਜ਼ਿੰਦਾ ਕਾਰਤੂਸਾਂ ਦੇ ਨਾਲ 3 ਪਿਸਤੌਲਾਂ ਬਰਾਮਦ ਕੀਤੀਆਂ।
ਬੀ. ਐੱਸ. ਐੱਫ. ਦੇ ਇਕ ਅਧਿਕਾਰੀ ਦਾ ਕਹਿਣਾ ਹੈ ਕਿ ਪੰਜਾਬ ਪੁਲਸ ਦੇ ਨਾਲ ਤਾਲਮੇਲ ਨਾਲ ਕੀਤੀ ਗਈ ਇਸ ਸੰਯੁਕਤ ਕਾਰਵਾਈ ਨਾਲ ਕਿਸੇ ਸੰਭਾਵਿਤ ਵੱਡੀ ਅੱਤਵਾਦੀ ਘਟਨਾ ਨੂੰ ਰੋਕਿਆ ਗਿਆ ਹੈ।
ਆਈ. ਐੱਸ. ਆਈ. ਦੀ ਸਹਾਇਤਾ ਨਾਲ ਵੱਖ-ਵੱਖ ਅੱਤਵਾਦੀ ਸੰਗਠਨ ਲਗਾਤਾਰ ਪੰਜਾਬ ’ਚ ਅਸਥਿਰਤਾ ਪੈਦਾ ਕਰਨ ਦੀਆਂ ਕੋਸ਼ਿਸ਼ਾਂ ’ਚ ਜੁਟੇ ਹੋਏ ਹਨ। ਇਹ ਸਭ ਬਰਾਮਦਗੀਆਂ ਬੀ. ਐੱਸ. ਐੱਫ. ਅਤੇ ਪੰਜਾਬ ਪੁਲਸ ਦੀ ਚੌਕਸੀ ਅਤੇ ਤਾਲਮੇਲ ਦੇ ਨਾਲ ਕੰਮ ਕਰਨ ਦਾ ਨਤੀਜਾ ਹੈ ਪਰ ਸਰਹੱਦੀ ਖੇਤਰਾਂ ’ਚ ਚੌਕਸੀ ’ਚ ਹੋਰ ਤੇਜ਼ੀ ਲਿਆਉਣ ਦੀ ਤੁਰੰਤ ਲੋੜ ਹੈ ਕਿਉਂਕਿ ਇਸ ’ਚ ਥੋੜ੍ਹਾ ਜਿਹਾ ਖੁੰਝਣਾ ਵੀ ਬੜਾ ਮਹਿੰਗਾ ਪੈ ਸਕਦਾ ਹੈ।
–ਵਿਜੇ ਕੁਮਾਰ
ਟਰੰਪ ਦੀ ਧਮਕੀ ਨੇ ਕੈਨੇਡਾ ’ਚ ‘ਲਿਬਰਲਜ਼’ ਨੂੰ ਦਿਵਾਈ ਜਿੱਤ
NEXT STORY