ਨਵੀਂ ਦਿੱਲੀ- ਬੀਤੇ ਹਫ਼ਤੇ ਦਿੱਲੀ ਦੇ ਲਾਲ ਕਿਲ੍ਹੇ ਨੇੜੇ ਹੋਏ ਭਿਆਨਕ ਧਮਾਕੇ ਕਾਰਨ ਪੂਰੇ ਦੇਸ਼ 'ਚ ਸੋਗ ਦੀ ਲਹਿਰ ਦੌੜ ਗਈ ਸੀ। ਇਸ ਹਮਲੇ 'ਚ 13 ਲੋਕਾਂ ਨੇ ਆਪਣੀ ਜਾਨ ਗੁਆਈ, ਜਦਕਿ ਕਈ ਹੋਰ ਜ਼ਖਮੀ ਹੋ ਗਏ। ਏ.ਆਈ.ਐੱਮ.ਆਈ.ਐੱਮ. (AIMIM) ਦੇ ਮੁਖੀ ਅਤੇ ਹੈਦਰਾਬਾਦ ਤੋਂ ਸੰਸਦ ਮੈਂਬਰ ਅਸਦੁਦੀਨ ਓਵੈਸੀ ਨੇ ਇਸ ਧਮਾਕੇ ਦੇ ਮੁੱਖ ਦੋਸ਼ੀ ਡਾਕਟਰ ਉਮਰ ਉਨ ਨਬੀ ਦੀ ਇੱਕ ਵੀਡੀਓ ਦੀ ਸਖ਼ਤ ਆਲੋਚਨਾ ਕੀਤੀ ਹੈ, ਜਿਸ 'ਚ ਉਮਰ ਨੇ ਆਤਮਘਾਤੀ ਹਮਲੇ ਨੂੰ ਸ਼ਹਾਦਤ ਵਜੋਂ ਜਾਇਜ਼ ਠਹਿਰਾਇਆ ਸੀ।
ਸੰਸਦ ਮੈਂਬਰ ਓਵੈਸੀ ਨੇ 'ਐਕਸ' (X) 'ਤੇ ਇੱਕ ਪੋਸਟ ਸਾਂਝੀ ਕਰਦੇ ਹੋਏ ਕਿਹਾ ਕਿ ਇਸਲਾਮ ਵਿੱਚ ਖੁਦਕੁਸ਼ੀ (Suicide) "ਹਰਾਮ" ਹੈ। ਉਨ੍ਹਾਂ ਅੱਗੇ ਕਿਹਾ ਕਿ ਨਿਰਦੋਸ਼ ਲੋਕਾਂ ਦੀ ਜਾਨ ਲੈਣਾ ਇੱਕ ਵੱਡਾ ਪਾਪ ਹੈ। ਉਨ੍ਹਾਂ ਕਿਹਾ ਕਿ ਇਹ ਅੱਤਵਾਦ ਹੈ ਅਤੇ ਇਸ ਤੋਂ ਇਲਾਵਾ ਹੋਰ ਕੁਝ ਨਹੀਂ। ਉਨ੍ਹਾਂ ਨੇ ਇਹ ਵੀ ਨੋਟ ਕੀਤਾ ਕਿ ਉਮਰ ਨਬੀ ਨੇ ਜੋ ਕੁਝ ਵੀ ਕੀਤਾ ਜਾਂ ਕਿਹਾ, ਉਹ ਦੇਸ਼ ਦੇ ਕਾਨੂੰਨ ਦੇ ਵੀ ਖਿਲਾਫ ਹੈ।
ਇਸ ਦੇ ਨਾਲ ਹੀ ਓਵੈਸੀ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਜਵਾਬਦੇਹੀ ਦੀ ਮੰਗ ਕੀਤੀ। ਓਵੈਸੀ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਅਮਿਤ ਸ਼ਾਹ ਨੇ 'ਆਪਰੇਸ਼ਨ ਸਿੰਦੂਰ' ਅਤੇ 'ਆਪਰੇਸ਼ਨ ਮਹਾਂਦੇਵ' ਦੌਰਾਨ ਸੰਸਦ ਵਿੱਚ ਭਰੋਸਾ ਦਿੱਤਾ ਸੀ ਕਿ ਪਿਛਲੇ 6 ਮਹੀਨਿਆਂ ਵਿੱਚ ਕਿਸੇ ਵੀ ਸਥਾਨਕ ਕਸ਼ਮੀਰੀ ਨੇ ਅੱਤਵਾਦੀ ਸਮੂਹਾਂ ਵਿੱਚ ਸ਼ਮੂਲੀਅਤ ਨਹੀਂ ਕੀਤੀ। ਓਵੈਸੀ ਨੇ ਸਵਾਲ ਕੀਤਾ, "ਫਿਰ ਇਹ ਸਮੂਹ ਕਿੱਥੋਂ ਆਇਆ ? ਇਸ ਸਮੂਹ ਦਾ ਪਤਾ ਲਗਾਉਣ ਵਿੱਚ ਅਸਫਲ ਰਹਿਣ ਲਈ ਕੌਣ ਜਵਾਬਦੇਹ ਹੈ ?"
ਜ਼ਿਕਰਯੋਗ ਹੈ ਕਿ ਓਵੈਸੀ ਦਾ ਇਹ ਬਿਆਨ 10 ਨਵੰਬਰ ਨੂੰ ਸ਼ਾਮ ਲਗਭਗ 7 ਵਜੇ ਲਾਲ ਕਿਲ੍ਹੇ ਦੇ ਨੇੜੇ ਇੱਕ ਹੁੰਡਈ ਆਈ20 ਕਾਰ ਵਿੱਚ ਆਤਮਘਾਤੀ ਹਮਲੇ ਨਾਲ ਸਬੰਧਤ ਹੈ। ਇਸ ਹਮਲੇ ਵਿੱਚ 13 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਦੋ ਦਰਜਨ ਤੋਂ ਵੱਧ ਜ਼ਖਮੀ ਹੋਏ ਸਨ।
Big Breaking : ਗੈਂਗਸਟਰ ਲਾਰੈਂਸ ਦੇ ਭਰਾ ਅਨਮੋਲ ਨੂੰ ਲਿਆਂਦਾ ਗਿਆ ਭਾਰਤ, ਪਟਿਆਲਾ ਹਾਊਸ ਕੋਰਟ 'ਚ ਹੋਵੇਗੀ ਪੇਸ਼ੀ
NEXT STORY