ਇੰਦੌਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਯਾਨੀ ਕਿ ਸੋਮਵਾਰ ਨੂੰ ਮੱਧ ਪ੍ਰਦੇਸ਼ ਦੇ ਇੰਦੌਰ ਸ਼ਹਿਰ ਵਿਚ 17ਵੇਂ ਪ੍ਰਵਾਸੀ ਭਾਰਤੀ ਦਿਵਸ ਸੰਮੇਲਨ ਦਾ ਉਦਘਾਟਨ ਕਰਨਗੇ। ਅਧਿਕਾਰੀਆਂ ਨੇ ਦੱਸਿਆ ਗੁਯਾਨਾ ਦੇ ਰਾਸ਼ਟਰਪਤੀ ਡਾ. ਮੁਹੰਮਦ ਇਰਫਾਨ ਅਲੀ ਇਸ ਸੰਮੇਲਨ ਵਿਚ ਮੁੱਖ ਮਹਿਮਾਨ, ਜਦਕਿ ਸੂਰੀਨਾਮ ਗਣਰਾਜ ਦੇ ਰਾਸ਼ਟਰਪਤੀ ਚੰਦ੍ਰਿਕਾ ਸੰਤੋਖੀ ਵਿਸ਼ੇਸ਼ ਮਹਿਮਾਨ ਹੋਣਗੇ। ਪ੍ਰਧਾਨ ਮੰਤਰੀ ਨੇ ਐਤਵਾਰ ਨੂੰ ਟਵੀਟ ਕੀਤਾ ਸੀ ਕਿ ਕੱਲ੍ਹ 9 ਜਨਵਰੀ ਨੂੰ ਪ੍ਰਵਾਸੀ ਭਾਰਤੀ ਦਿਵਸ ਮੌਕੇ ਜੀਵੰਤ ਸ਼ਹਿਰ ਇੰਦੌਰ ਜਾਣ ਨੂੰ ਉਤਸ਼ਾਹਿਤ ਹਾਂ। ਇਹ ਸਾਡੇ ਪ੍ਰਵਾਸੀ ਭਾਰਤੀਆਂ ਨਾਲ ਜੁੜਾਅ ਨੂੰ ਡੂੰਘਾ ਕਰਨ ਦਾ ਇਕ ਸ਼ਾਨਦਾਰ ਮੌਕਾ ਹੈ, ਜਿਸ ਨੇ ਵਿਸ਼ਵ ਪੱਧਰ 'ਤੇ ਆਪਣੀ ਪਛਾਣ ਬਣਾਈ ਹੈ।
ਇਕ ਅਧਿਕਾਰੀ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਮੋਦੀ ਭਾਰਤ ਦੀ ਆਜ਼ਾਦੀ ਵਿਚ ਵਿਦੇਸ਼ੀ ਸੁਤੰਤਰਤਾ ਸੈਨਾਨੀਆਂ ਦੇ ਯੋਗਦਾਨ ਨੂੰ ਉਜਾਗਰ ਕਰਨ ਲਈ 'ਆਜ਼ਾਦੀ ਦਾ ਅੰਮ੍ਰਿਤ ਮਹੋਤਸਵ- ਭਾਰਤੀ ਆਜ਼ਾਦੀ ਸੰਘਰਸ਼ ਵਿਚ ਪ੍ਰਵਾਸੀ ਭਾਰਤੀਆਂ ਦਾ ਯੋਗਦਾਨ' ਵਿਸ਼ੇ 'ਤੇ ਡਿਜੀਟਲ ਪ੍ਰਵਾਸੀ ਭਾਰਤੀ ਦਿਵਸ ਪ੍ਰਦਰਸ਼ਨੀ ਦਾ ਉਦਘਾਟਨ ਵੀ ਕਰਨਗੇ। ਸੁਰੱਖਿਅਤ, ਕਾਨੂੰਨੀ, ਵਿਵਸਥਿਤ ਅਤੇ ਕੁਸ਼ਲ ਪ੍ਰਵਾਸ ਦੀ ਮਹੱਤਤਾ ਨੂੰ ਰੇਖਾਂਕਿਤ ਕਰਨ ਲਈ ਇਕ ਯਾਦਗਾਰੀ ਡਾਕ ਟਿਕਟ 'ਗੋ ਸੇਫ, ਗੋ ਟਰੇਨਡ' ਜਾਰੀ ਕੀਤੀ ਜਾਵੇਗੀ।

ਅਧਿਕਾਰੀਆਂ ਨੇ ਪਹਿਲਾਂ ਦੱਸਿਆ ਸੀ ਕਿ ਇਸ ਸਾਲ ਸੰਮੇਲਨ ਦਾ ਵਿਸ਼ਾ ਹੈ 'ਪ੍ਰਵਾਸੀ ਭਾਰਤੀ : ਅੰਮ੍ਰਿਤ ਕਾਲ' ਵਿਚ ਭਾਰਤ ਦੀ ਤਰੱਕੀ ਵਿਚ ਭਰੋਸੇਯੋਗ ਭਾਗੀਦਾਰ। ਪ੍ਰਵਾਸੀ ਭਾਰਤੀ ਦਿਵਸ ਸੰਮੇਲਨ 4 ਸਾਲ ਦੇ ਵਕਫ਼ੇ ਮਗਰੋਂ ਪਹਿਲੀ ਵਾਰ ਭੌਤਿਕ ਰੂਪ ਨਾਲ ਆਯੋਜਿਤ ਕੀਤਾ ਜਾ ਰਿਹਾ ਹੈ ਅਤੇ ਕਰੀਬ 70 ਦੇਸ਼ਾਂ ਦੇ 3500 ਤੋਂ ਵਧੇਰੇ ਭਾਰਤੀਆਂ ਨੇ ਇਸ ਵਿਚ ਹਿੱਸਾ ਲੈਣ ਲਈ ਰਜਿਸਟ੍ਰੇਸ਼ਨ ਕਰਵਾਈ ਹੈ। ਇਸ ਤੋਂ ਪਹਿਲਾਂ ਪ੍ਰਵਾਸੀ ਭਾਰਤੀ ਦਿਵਸ ਸੰਮੇਲਨ 2021 ਵਿਚ ਕੋਵਿਡ-19 ਵੈਸ਼ਵਿਕ ਮਹਾਮਾਰੀ ਦੇ ਕਹਿਰ ਦੇ ਚੱਲਦੇ ਵੀਡੀਓ ਕਾਨਫਰੰਸ ਜ਼ਰੀਏ ਆਯੋਜਿਤ ਕੀਤਾ ਗਿਆ ਸੀ।
ਦੁਨੀਆ ਦਾ ਸਭ ਤੋਂ ਅਨੋਖਾ ਮੇਲਾ, ਬਿਨਾਂ ਪੈਸਿਆਂ ਦੇ ਮਿਲਦੈ ਸਾਮਾਨ
NEXT STORY