ਕੋਲਕਾਤਾ- ਪੱਛਮੀ ਬੰਗਾਲ ਦੇ ਪੱਛਮੀ ਮੇਦਿਨੀਪੁਰ ਜ਼ਿਲ੍ਹੇ ਦੇ ਪਾਂਸਕੁਰਾ ਇਲਾਕੇ 'ਚ ਇਕ ਦੁਕਾਨਦਾਰ ਵੱਲੋਂ ਚੋਰੀ ਦਾ ਦੋਸ਼ ਲਗਾਏ ਜਾਣ ਅਤੇ ਜਨਤਕ ਤੌਰ 'ਤੇ ਸਜ਼ਾ ਦੇਣ ਤੋਂ ਬਾਅਦ ਇਕ 12 ਸਾਲਾ ਮੁੰਡੇ ਨੇ ਕੀਟਨਾਸ਼ਕ ਖਾ ਕੇ ਕਥਿਤ ਤੌਰ 'ਤੇ ਖੁਦਕੁਸ਼ੀ ਕਰ ਲਈ। ਇਕ ਪੁਲਸ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਕ੍ਰਿਸ਼ਨੇਂਦੂ ਦਾਸ ਨਾਮ ਦਾ ਇਹ ਬੱਚਾ 7ਵੀਂ ਜਮਾਤ 'ਚ ਪੜ੍ਹਦਾ ਸੀ। ਅਧਿਕਾਰੀ ਨੇ ਕ੍ਰਿਸ਼ਨੇਂਦੂ ਦੀ ਮਾਂ ਦੇ ਹਵਾਲੇ ਨਾਲ ਕਿਹਾ ਕਿ ਵੀਰਵਾਰ ਸ਼ਾਮ ਨੂੰ ਉਹ (ਕ੍ਰਿਸ਼ਨੇਂਦੂ) ਗੋਸਾਈਬਰ ਬਾਜ਼ਾਰ 'ਚ ਇਕ ਦੁਕਾਨ 'ਤੇ ਚਿਪਸ ਖਰੀਦਣ ਗਿਆ ਸੀ। ਉਸ ਨੇ ਦੁਕਾਨਦਾਰ ਸ਼ੁਭੰਕਰ ਦੀਕਸ਼ਿਤ ਨੂੰ ਕਈ ਵਾਰ ਆਵਾਜ਼ ਮਾਰੀ, "ਅੰਕਲ, ਮੈਂ ਚਿਪਸ ਖਰੀਦਣਾ ਚਾਹੁੰਦਾ ਹਾਂ" ਪਰ ਕੋਈ ਜਵਾਬ ਨਹੀਂ ਮਿਲਿਆ। ਕਾਫ਼ੀ ਦੇਰ ਇੰਤਜ਼ਾਰ ਕਰਨ ਤੋਂ ਬਾਅਦ, ਉਸ ਨੇ ਚਿਪਸ ਦਾ ਇਕ ਪੈਕੇਟ ਚੁੱਕਿਆ ਅਤੇ ਚਲਾ ਗਿਆ। ਪੁਲਸ ਅਧਿਕਾਰੀ ਨੇ ਪਰਿਵਾਰ ਦੀ ਸ਼ਿਕਾਇਤ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਦੀਕਸ਼ਿਤ ਨੇ ਬੱਚੇ ਦਾ ਪਿੱਛਾ ਕੀਤਾ ਅਤੇ ਉਸ ਨੂੰ ਫੜ ਲਿਆ। ਇਸ ਤੋਂ ਬਾਅਦ ਉਸ ਨੇ ਬੱਚੇ ਨੂੰ ਥੱਪੜ ਮਾਰਿਆ ਅਤੇ ਉਸ ਨੂੰ ਸੜਕ 'ਤੇ ਸਾਰਿਆਂ ਦੇ ਸਾਹਮਣੇ ਉਠਕ-ਬੈਠਕ ਲਈ ਕਿਹਾ।
ਇਹ ਵੀ ਪੜ੍ਹੋ : ਭਖਦੀ ਗਰਮੀ ਨੇ ਇਨ੍ਹਾਂ ਸੂਬਿਆਂ ਦੇ ਸਕੂਲਾਂ ਨੂੰ ਲਵਾ'ਤੇ ਤਾਲੇ ! ਹੋ ਗਿਆ ਛੁੱਟੀਆਂ ਦਾ ਐਲਾਨ
ਅਧਿਕਾਰੀ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ। ਅਧਿਕਾਰੀ ਅਨੁਸਾਰ ਦਾਸ ਦੀ ਮਾਂ ਨੂੰ ਮੌਕੇ 'ਤੇ ਬੁਲਾਇਆ ਗਿਆ ਅਤੇ ਉਨ੍ਹਾਂ ਨੇ ਵੀ ਉਸ ਨੂੰ ਝਿੜਕਿਆ ਅਤੇ ਥੱਪੜ ਮਾਰਿਆ, ਜਦੋਂ ਕਿ ਬੱਚੇ ਨੇ ਦਾਅਵਾ ਕੀਤਾ ਕਿ ਉਸ ਨੇ ਦੁਕਾਨ ਦੇ ਸਾਹਮਣੇ ਢੇਰ 'ਚ ਪਏ 'ਜੰਕ ਫੂਡ' ਦੇ ਪੈਕੇਟ ਨੂੰ ਚੁੱਕਿਆ ਸੀ ਅਤੇ ਉਹ ਬਾਅਦ 'ਚ ਭੁਗਤਾਨ ਕਰਨ ਆਉਂਦਾ। ਦਾਸ ਨੇ ਦੁਕਾਨ ਤੋਂ ਬਿਨਾਂ ਪੁੱਛੇ ਪੈਕੇਟ ਚੁੱਕਣ ਲਈ ਮੁਆਫ਼ੀ ਮੰਗਦੇ ਹੋਏ ਤੁਰੰਤ ਭੁਗਤਾਨ ਕਰਨ ਨੂੰ ਵੀ ਕਿਹਾ ਪਰ ਦੁਕਾਨਦਾਰ ਨੇ ਬੱਚੇ 'ਤੇ ਝੂਠ ਬੋਲਣ ਦਾ ਦੋਸ਼ ਲਗਾਇਆ। ਨਾਰਾਜ਼ ਕ੍ਰਿਸ਼ਨੇਂਦੂ ਆਪਣੀ ਮਾਂ ਨਾਲ ਘਰ ਆਇਆ ਅਤੇ ਆਪਣੇ ਕਮਰੇ ਦਾ ਦਰਵਾਜ਼ਾ ਅੰਦਰੋਂ ਬੰਦ ਕਰ ਲਿਆ ਅਤੇ ਦਰਵਾਜ਼ਾ ਨਹੀਂ ਖੋਲ੍ਹਿਆ। ਅਧਿਕਾਰੀ ਨੇ ਦੱਸਿਆ ਕਿ ਕੁਝ ਦੇਰ ਬਾਅਦ ਉਸ ਦੀ ਮਾਂ ਨੇ ਗੁਆਂਢੀਆਂ ਨਾਲ ਮਿਲ ਕੇ ਦਰਵਾਜ਼ਾ ਤੋੜਿਆ ਅਤੇ ਦੇਖਿਆ ਕਿ ਉਸ ਦੇ (ਦਾਸ ਦੇ) ਮੂੰਹ 'ਚੋਂ ਝੱਗ ਨਿਕਲ ਰਹੀ ਸੀ ਅਤੇ ਨੇੜੇ ਹੀ ਕੀਟਨਾਸ਼ਕ ਦੀ ਅੱਧੀ ਖ਼ਾਲੀ ਬੋਤਲ ਪਈ ਸੀ। ਉਨ੍ਹਾਂ ਦੱਸਿਆ ਕਿ ਉੱਥੇ ਉਸ ਵਲੋਂ ਬੰਗਾਲੀ 'ਚ ਲਿਖਿਆ ਗਿਆ ਇਕ ਨੋਟ ਵੀ ਪਿਆ ਹੋਇਆ ਸੀ। ਨੋਟ 'ਚ ਲਿਖਿਆ,''ਮਾਂ, ਮੈਂ ਚੋਰ ਨਹੀਂ ਹਾਂ। ਮੈਂ ਚੋਰੀ ਨਹੀਂ ਕੀਤੀ। ਜਦੋਂ ਮੈਂ ਇੰਤਜ਼ਾਰ ਕਰ ਰਿਹਾ ਸੀ ਤਾਂ ਅੰਕਲ (ਦੁਕਾਨਦਾਰ) ਨੇੜੇ-ਤੇੜੇ ਨਹੀਂ ਸੀ। ਆਉਂਦੇ ਸਮੇਂ ਮੈਂ ਸੜਕ 'ਤੇ ਕੁਰਕੁਰੇ ਦਾ ਪੈਕੇਟ ਪਿਆ ਦੇਖਿਆ ਅਤੇ ਉਸ ਨੂੰ ਚੁੱਕ ਲਿਆ। ਮੈਨੂੰ ਕੁਰਕੁਰੇ ਬਹੁਤ ਪਸੰਦ ਹਨ।'' ਕ੍ਰਿਸ਼ਨੇਂਦੂ ਨੇ ਨੋਟ 'ਚ ਲਿਖਿਆ,''ਜਾਣ ਤੋਂ ਪਹਿਲਾਂ ਇਹ ਮੇਰੇ ਅੰਤਿਮ ਸ਼ਬਦ ਹਨ। ਕਿਰਪਾ ਇਸ ਕੀਟਨਾਸ਼ਕ ਦਾ ਸੇਵਨ ਕਰਨ ਲਈ ਮੈਨੂੰ ਮੁਆਫ਼ ਕਰਨਾ।'' ਦਾਸ ਨੂੰ ਹਸਪਤਾਲ ਲਿਜਾਇਆ ਅਤੇ ਆਈ.ਸੀ.ਯੂ. 'ਚ ਦਾਖ਼ਲ ਕਰਵਾਇਆ ਗਿਆ ਪਰ ਕੁਝ ਹੀ ਦੇਰ ਬਾਅਦ ਉਸ ਦੀ ਮੌਤ ਹੋ ਗਈ। ਦੁਕਾਨ ਮਾਲਕ ਨੇਸ਼ੁਰੂ 'ਚ ਦਾਅਵਾ ਕੀਤਾ ਸੀ ਕਿ ਉਸ ਨੇ ਬੱਚੇ 'ਤੇ ਹਮਲਾ ਨਹੀਂ ਕੀਤਾ ਪਰ ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਉਸ ਦਾ ਪਤਾ ਨਹੀਂ ਲੱਗ ਸਕਿਆ ਅਤੇ ਉਸ ਦੀ ਬੰਦ ਦੁਕਾਨ ਦੇ ਸਾਹਮਣੇ ਭੀੜ ਇਕੱਠੀ ਗਈ। ਦੁਕਾਨਦਾਰ ਦੀਕਸ਼ਿਤ ਟਰੈਫ਼ਿਕ ਪ੍ਰਬੰਧਨ 'ਚ ਮਦਦ ਲਈ ਬੰਗਾਲ ਪੁਲਸ ਨਾਲ ਸੰਬੰਧਤ ਇਕ ਸਿਵਲੀਅਨ ਵਾਲੰਟੀਅਰ ਵੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਗੈਂਗਰੇਪ ਦੇ 7 ਦੋਸ਼ੀਆਂ ਨੂੰ ਅਦਾਲਤ ਨੇ ਦਿੱਤੀ ਜ਼ਮਾਨਤ, ਹਾਰ ਪਾ ਕੀਤਾ ਸਵਾਗਤ, ਜਲੂਸ ਕੱਢ ਮਨਾਈ ਖ਼ੁਸ਼ੀ
NEXT STORY