ਰਾਏਪੁਰ : ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਨਵੀਂ ਕਪਤਾਨ ਸਮ੍ਰਿਤੀ ਮੰਧਾਨਾ ਨੇ ਆਪਣੀ ਕਪਤਾਨੀ ਦੀ ਸ਼ੁਰੂਆਤ ਸ਼ਾਨਦਾਰ ਜਿੱਤ ਨਾਲ ਕੀਤੀ ਹੈ। ਰਾਇਪੁਰ ਦੇ ਸ਼ਹੀਦ ਵੀਰ ਨਰਾਇਣ ਸਿੰਘ ਅੰਤਰਰਾਸ਼ਟਰੀ ਸਟੇਡੀਅਮ ਵਿੱਚ ਖੇਡੇ ਗਏ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦੇ ਪਹਿਲੇ ਮੁਕਾਬਲੇ ਵਿੱਚ ਭਾਰਤ ਨੇ ਜ਼ਿੰਬਾਬਵੇ ਨੂੰ 4 ਵਿਕਟਾਂ ਨਾਲ ਹਰਾਇਆ। ਜ਼ਿੰਬਾਬਵੇ ਵੱਲੋਂ ਦਿੱਤੇ ਗਏ 115 ਦੌੜਾਂ ਦੇ ਟੀਚੇ ਨੂੰ ਭਾਰਤੀ ਟੀਮ ਨੇ 15.4 ਓਵਰਾਂ ਵਿੱਚ 6 ਵਿਕਟਾਂ ਦੇ ਨੁਕਸਾਨ 'ਤੇ ਹਾਸਲ ਕਰ ਕੇ ਲੜੀ ਵਿੱਚ 1-0 ਦੀ ਬੜ੍ਹਤ ਬਣਾ ਲਈ ਹੈ।
ਟੀਚੇ ਦਾ ਪਿੱਛਾ ਕਰਦਿਆਂ ਭਾਰਤ ਦੀ ਜਿੱਤ ਵਿੱਚ ਦੀਪਤੀ ਸ਼ਰਮਾ ਨੇ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਨੇ 37 ਗੇਂਦਾਂ ਵਿੱਚ 49 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਹਾਲਾਂਕਿ ਉਹ ਆਪਣੇ ਅਰਧ ਸੈਂਕੜੇ ਤੋਂ ਖੁੰਝ ਗਈ, ਪਰ ਇਸ ਬਹਿਤਰੀਨ ਪਾਰੀ ਲਈ ਉਨ੍ਹਾਂ ਨੂੰ 'ਪਲੇਅਰ ਆਫ਼ ਦਿ ਮੈਚ' ਚੁਣਿਆ ਗਿਆ। ਆਪਣਾ ਪਹਿਲਾ ਮੈਚ ਖੇਡ ਰਹੀ ਨਿਕੀ ਪ੍ਰਸਾਦ ਨੇ ਜੇਤੂ ਦੌੜ ਬਣਾ ਕੇ ਟੀਮ ਨੂੰ ਜਿੱਤ ਦਿਵਾਈ।
ਇਸ ਤੋਂ ਪਹਿਲਾਂ ਭਾਰਤ ਨੇ ਟਾਸ ਜਿੱਤ ਕੇ ਜ਼ਿੰਬਾਬਵੇ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਨਿਓਤਾ ਦਿੱਤਾ ਸੀ। ਜ਼ਿੰਬਾਬਵੇ ਦੀ ਟੀਮ ਨੇ ਨਿਰਧਾਰਤ 20 ਓਵਰਾਂ ਵਿੱਚ 5 ਵਿਕਟਾਂ ਦੇ ਨੁਕਸਾਨ 'ਤੇ 114 ਦੌੜਾਂ ਬਣਾਈਆਂ। ਜ਼ਿੰਬਾਬਵੇ ਵੱਲੋਂ ਸ਼ਾਰਨੇ ਮੇਅਰਸ ਨੇ ਸਭ ਤੋਂ ਵੱਧ 43 ਦੌੜਾਂ (33 ਗੇਂਦਾਂ) ਅਤੇ ਕੇਲਿਸ ਨਧਲੋਵੂ ਨੇ 42 ਦੌੜਾਂ (44 ਗੇਂਦਾਂ) ਦਾ ਯੋਗਦਾਨ ਦਿੱਤਾ।
ਭਾਰਤ ਵੱਲੋਂ ਗੇਂਦਬਾਜ਼ੀ ਕਰਦਿਆਂ ਨੰਦਨੀ ਸ਼ਰਮਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 2 ਵਿਕਟਾਂ ਹਾਸਲ ਕੀਤੀਆਂ। ਉਨ੍ਹਾਂ ਤੋਂ ਇਲਾਵਾ ਅਰੁੰਧਤੀ ਰੈੱਡੀ, ਕ੍ਰਾਂਤੀ ਗੌੜ ਅਤੇ ਸ਼੍ਰੀ ਚਰਣੀ ਨੇ 1-1 ਵਿਕਟ ਲਿਆ।
ਨਿਊਜ਼ੀਲੈਂਡ ਦੌਰੇ ਲਈ ਭਾਰਤੀ ਟੀਮਾਂ ਦਾ ਐਲਾਨ, 21 ਸਾਲਾ ਬੱਲੇਬਾਜ਼ ਦੀ ਹੋਈ ਸਰਪ੍ਰਾਈਜ਼ ਐਂਟਰੀ
NEXT STORY