ਕਰਨਾਟਕ— ਸਾਲ 2019 ਦਾ ਆਖਰੀ ਸੂਰਜ ਗ੍ਰਹਿਣ ਅੱਜ ਭਾਵ ਵੀਰਵਾਰ ਨੂੰ ਲੱਗਿਆ। ਸੂਰਜ ਗ੍ਰਹਿਣ ਇਕ ਅੱਗ ਦੀ ਅੰਗੂਠੀ ਵਾਂਗ ਨਜ਼ਰ ਆਇਆ। ਵਿਗਿਆਨੀਆਂ ਨੇ ਇਸ ਨੂੰ 'ਰਿੰਗ ਆਫ ਫਾਇਰ' ਦਾ ਨਾਂ ਦਿੱਤਾ। ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਸੂਰਜ ਗ੍ਰਹਿਣ ਦੇਖਣ ਨੂੰ ਮਿਲਿਆ। ਲੋਕ ਇਸ ਨੂੰ ਦੇਖਣ ਲਈ ਉਤਸੁਕ ਨਜ਼ਰ ਆਏ। ਹਾਲਾਂਕਿ ਸੂਰਜ ਗ੍ਰਹਿਣ ਨੂੰ ਦੇਖਣ ਨੂੰ ਲੈ ਕੇ ਅਮਰੀਕੀ ਸਪੇਸ ਏਜੰਸੀ ਨੇ ਚਿਤਾਵਨੀ ਜਾਰੀ ਕੀਤੀ ਸੀ। ਨਾਸਾ ਨੇ ਕਿਹਾ ਸੀ ਕਿ ਗ੍ਰਹਿਣ ਨੂੰ ਨੰਗੀਆਂ ਅੱਖਾਂ ਨਾਲ ਦੇਖਣ ਦੀ ਭੁੱਲ ਨਾ ਕੀਤੀ ਜਾਵੇ। ਕਿਰਨਾਂ ਤੋਂ ਬਚਣ ਲਈ ਚਸ਼ਮੇ ਦਾ ਇਸਤੇਮਾਲ ਕੀਤਾ ਜਾਵੇ।

ਸੂਰਜ ਗ੍ਰਹਿਣ ਦਰਮਿਆਨ ਜਿੱਥੇ ਲੋਕ ਉਤਸੁਕ ਨਜ਼ਰ ਆਏ, ਉੱਥੇ ਹੀ ਬਦਕਿਸਮਤੀ ਵਾਲੀ ਮਾਨਤਾ, ਅੰਧਵਿਸ਼ਵਾਸ ਵੀ ਲੋਕਾਂ 'ਚ ਦੇਖਣ ਨੂੰ ਮਿਲਿਆ। ਅਜਿਹੀ ਮਾਨਤਾ ਕਰਨਾਟਕ ਦੇ ਕਾਲਾਬੁਰਗੀ ਦੇ ਤਾਜ ਸੁਲਤਾਨਪੁਰ ਪਿੰਡ ਵਿਖੇ ਦੇਖਣ ਨੂੰ ਮਿਲੀ। ਇੱਥੇ ਜ਼ਿੰਦਾ ਬੱਚਿਆਂ ਨੂੰ ਜ਼ਮੀਨ 'ਚ ਮਿੱਟੀ ਅੰਦਰ ਦਫਨਾ ਦਿੱਤਾ ਗਿਆ। ਦਰਅਸਲ ਇੱਥੇ ਅਜਿਹਾ ਮੰਨਿਆ ਜਾਂਦਾ ਹੈ ਕਿ ਦਿਵਯਾਂਗ (ਅਪਾਹਜ) ਬੱਚਿਆਂ ਨੂੰ ਜ਼ਮੀਨ ਵਿਚ ਗਰਦਨ ਤਕ ਦਫਨਾਉਣ ਨਾਲ ਬੱਚੇ ਠੀਕ ਹੋ ਜਾਂਦੇ ਹਨ।

ਇਨ੍ਹਾਂ ਬੱਚਿਆਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਤਸਵੀਰਾਂ ਵਿਚ ਸਾਫ ਨਜ਼ਰ ਆ ਰਿਹਾ ਹੈ ਕਿ ਬੱਚਿਆਂ ਦੇ ਪੂਰੇ ਸਰੀਰ ਨੂੰ ਜ਼ਮੀਨ 'ਚ ਮਿੱਟੀ ਅੰਦਰ ਦਫਨਾ ਦਿੱਤਾ ਗਿਆ ਹੈ। ਉਨ੍ਹਾਂ ਦਾ ਸਿਰਫ ਚਿਹਰਾ ਹੀ ਨਜ਼ਰ ਆ ਰਿਹਾ ਹੈ। ਮਾਪਿਆਂ ਨੂੰ ਵਿਸ਼ਵਾਸ ਸੀ ਕਿ ਉਨ੍ਹਾਂ ਦੇ ਬੱਚੇ ਠੀਕ ਹੋ ਜਾਣਗੇ।

ਦੱਸਣਯੋਗ ਹੈ ਕਿ ਭਾਰਤੀ ਸਮੇਂ ਮੁਤਾਬਕ ਅੰਸ਼ਿਕ ਸੂਰਜ ਗ੍ਰਹਿਣ ਸਵੇਰੇ 8 ਵਜੇ ਸ਼ੁਰੂ ਹੋਇਆ, ਜਦਕਿ ਗੋਲ ਸੂਰਜ ਗ੍ਰਹਿਣ ਦੀ ਅਵਸਥਾ ਸਵੇਰੇ 9 ਵਜ ਕੇ 6 ਮਿੰਟ 'ਤੇ ਸ਼ੁਰੂ ਹੋਈ। ਸੂਰਜ ਗ੍ਰਹਿਣ ਦੀ ਗੋਲ ਅਵਸਥਾ ਦੁਪਹਿਰ 12 ਵਜ ਕੇ 29 ਮਿੰਟ 'ਤੇ ਖਤਮ ਹੋਈ। ਗ੍ਰਹਿਣ ਦੀ ਅੰਸ਼ਿਕ ਅਵਸਥਾ ਦੁਪਹਿਰ 1 ਵਜ ਕੇ 36 ਮਿੰਟ 'ਤੇ ਖਤਮ ਹੋਈ।
ਜਦੋਂ ਤੱਕ CAA ਵਾਪਸ ਨਹੀਂ ਲਿਆ ਜਾਂਦਾ, ਉਦੋਂ ਤੱਕ ਪ੍ਰਦਰਸ਼ਨ ਜਾਰੀ ਰਹੇਗਾ: CM ਮਮਤਾ
NEXT STORY