ਚੇਨਈ: ਤਾਮਿਲਨਾਡੂ ਵਿੱਚ ਵਿਧਾਨ ਸਭਾ ਚੋਣਾਂ ਦਾ ਮਾਹੌਲ ਪੂਰੀ ਤਰ੍ਹਾਂ ਭਖ ਚੁੱਕਾ ਹੈ। ਇਸ ਦੌਰਾਨ ਸੱਤਾਧਾਰੀ ਪਾਰਟੀ ਡੀਐਮਕੇ (DMK) ਨੇ ਐਤਵਾਰ ਨੂੰ ਆਪਣਾ ਚੋਣ ਮਨੋਰਥ ਪੱਤਰ (ਮੈਨੀਫੈਸਟੋ) ਜਾਰੀ ਕਰ ਦਿੱਤਾ ਹੈ। ਮੁੱਖ ਮੰਤਰੀ ਐਮ.ਕੇ. ਸਟਾਲਿਨ ਨੇ ਚੇਨਈ ਵਿੱਚ ਇਸ ਨੂੰ ਜਾਰੀ ਕਰਦਿਆਂ ਔਰਤਾਂ ਲਈ ਇੱਕ ਵੱਡਾ ਐਲਾਨ ਕੀਤਾ ਹੈ, ਜਿਸ ਦੀ ਹਰ ਪਾਸੇ ਚਰਚਾ ਹੋ ਰਹੀ ਹੈ।
8,000 ਰੁਪਏ ਦਾ ਕੂਪਨ ਦੇਣ ਦਾ ਵਾਅਦਾ
ਡੀਐਮਕੇ ਨੇ ਆਪਣੇ ਮੈਨੀਫੈਸਟੋ ਵਿੱਚ ਔਰਤਾਂ ਨੂੰ 8,000 ਰੁਪਏ ਦਾ ਕੂਪਨ ਦੇਣ ਦਾ ਵਾਅਦਾ ਕੀਤਾ ਹੈ। ਜਦੋਂ ਮੁੱਖ ਮੰਤਰੀ ਸਟਾਲਿਨ ਤੋਂ ਪੁੱਛਿਆ ਗਿਆ ਕਿ ਬਾਕੀ ਪਾਰਟੀਆਂ ਖਾਤੇ ਵਿੱਚ ਸਿੱਧੇ ਪੈਸੇ ਪਾਉਣ ਦੀ ਗੱਲ ਕਰ ਰਹੀਆਂ ਹਨ, ਤਾਂ ਉਨ੍ਹਾਂ ਨੇ ਕੂਪਨ ਦਾ ਰਸਤਾ ਕਿਉਂ ਚੁਣਿਆ? ਇਸ 'ਤੇ ਉਨ੍ਹਾਂ ਨੇ ਬਹੁਤ ਹੀ ਦਿਲਚਸਪ ਤਰਕ ਦਿੱਤਾ।
ਕੂਪਨ ਦੇਣ ਦੇ ਪਿੱਛੇ ਦਾ 'ਲੌਜਿਕ'
ਸਟਾਲਿਨ ਅਨੁਸਾਰ, ਜੇਕਰ ਸਰਕਾਰ ਸਿੱਧੇ ਨਕਦ ਪੈਸੇ ਦਿੰਦੀ ਹੈ, ਤਾਂ ਡਰ ਹੈ ਕਿ ਉਹ ਘਰ ਦੇ ਛੋਟੇ-ਮੋਟੇ ਖਰਚਿਆਂ ਵਿੱਚ ਨਿਕਲ ਜਾਣਗੇ। ਉਹ ਚਾਹੁੰਦੇ ਹਨ ਕਿ ਘਰ ਦੀਆਂ ਔਰਤਾਂ ਕੋਲ ਆਪਣੀ ਪਸੰਦ ਦਾ ਸਾਮਾਨ ਖਰੀਦਣ ਦੀ ਆਜ਼ਾਦੀ ਹੋਵੇ। ਇਨ੍ਹਾਂ ਕੂਪਨਾਂ ਦੀ ਮਦਦ ਨਾਲ ਔਰਤਾਂ ਆਪਣੀ ਲੋੜ ਅਨੁਸਾਰ ਵਾਸ਼ਿੰਗ ਮਸ਼ੀਨ, ਟੀਵੀ, ਫਰਿੱਜ ਜਾਂ ਮਿਕਸੀ ਵਰਗਾ ਕੋਈ ਵੀ ਵੱਡਾ ਸਾਮਾਨ ਖਰੀਦ ਸਕਣਗੀਆਂ ਜਾਂ ਪੁਰਾਣੇ ਦੇ ਬਦਲੇ ਨਵਾਂ ਲੈ ਸਕਣਗੀਆਂ। ਸਟਾਲਿਨ ਨੇ ਚੁਟਕੀ ਲੈਂਦਿਆਂ ਕਿਹਾ, "2021 ਦੀਆਂ ਚੋਣਾਂ ਵਿੱਚ ਸਾਡਾ ਮੈਨੀਫੈਸਟੋ 'ਹੀਰੋ' ਸੀ, ਪਰ ਅੱਜ ਦਾ ਇਹ ਮੈਨੀਫੈਸਟੋ 'ਹੀਰੋ ਅਤੇ ਹੀਰੋਇਨ' ਦੋਵੇਂ ਹੈ"।
ਜਨਤਾ ਦੇ ਸੁਝਾਵਾਂ ਨਾਲ ਤਿਆਰ ਹੋਇਆ ਮੈਨੀਫੈਸਟੋ
ਪਾਰਟੀ ਦੀ ਡਿਪਟੀ ਜਨਰਲ ਸੈਕਟਰੀ ਕਨੀਮੋਝੀ, ਜਿਨ੍ਹਾਂ ਨੇ ਮੈਨੀਫੈਸਟੋ ਕਮੇਟੀ ਦੀ ਕਮਾਨ ਸੰਭਾਲੀ ਸੀ, ਨੇ ਦੱਸਿਆ ਕਿ ਇਹ ਦਸਤਾਵੇਜ਼ ਬਣਾਉਣ ਲਈ ਕਮੇਟੀ ਨੇ ਤਾਮਿਲਨਾਡੂ ਦੇ ਵੱਖ-ਵੱਖ ਜ਼ਿਲ੍ਹਿਆਂ ਦਾ ਦੌਰਾ ਕੀਤਾ ਅਤੇ ਸਿੱਧੇ ਜਨਤਾ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਜਨਤਾ ਨੂੰ ਆਪਣੀ ਪਸੰਦ ਦਾ ਸਾਮਾਨ ਚੁਣਨ ਦਾ ਹੱਕ ਦੇਣਾ ਹੀ ਅਸਲੀ ਲੋਕਤੰਤਰ ਹੈ। ਉਨ੍ਹਾਂ ਵਿਰੋਧੀ ਪਾਰਟੀਆਂ ਦੇ ਵਾਅਦਿਆਂ ਨੂੰ ਖੋਖਲਾ ਦੱਸਦਿਆਂ ਕਿਹਾ ਕਿ ਜਨਤਾ ਨੂੰ ਡੀਐਮਕੇ ਦੀ 'ਗਾਰੰਟੀ' 'ਤੇ ਪੂਰਾ ਭਰੋਸਾ ਹੈ ਕਿਉਂਕਿ ਪਾਰਟੀ ਨੇ ਪਿਛਲੇ 5 ਸਾਲਾਂ ਵਿੱਚ ਉਹ ਵੀ ਕਰਕੇ ਦਿਖਾਇਆ ਹੈ ਜੋ ਪਹਿਲਾਂ ਨਹੀਂ ਕਿਹਾ ਸੀ। ਜ਼ਿਕਰਯੋਗ ਹੈ ਕਿ ਇਸ ਵਾਰ ਡੀਐਮਕੇ ਦਾ ਮੈਨੀਫੈਸਟੋ ਮੁੱਖ ਤੌਰ 'ਤੇ ਔਰਤਾਂ ਅਤੇ ਨੌਜਵਾਨਾਂ ਨੂੰ ਕੇਂਦਰ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਹੈ।
ਮੰਦਰ 'ਚ ਰਾਮ ਨੌਮੀ ਦਾ ਪ੍ਰਸਾਦ ਖਾਣ ਨਾਲ 60 ਲੋਕ ਪਏ ਬੀਮਾਰ, ਹਸਪਤਾਲਾਂ 'ਚ ਕਰਵਾਏ ਦਾਖਲ
NEXT STORY