ਨੈਸ਼ਨਲ ਡੈਸਕ : ਉੱਤਰ ਪ੍ਰਦੇਸ਼ ਸਪੈਸ਼ਲ ਟਾਸਕ ਫੋਰਸ (ਐੱਸ. ਟੀ. ਐੱਫ.) ਨੇ ਬੁੱਧਵਾਰ ਤੜਕੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਜੋ ਆਪਣੇ ਆਪ ਨੂੰ ਰਾਅ ਦਾ ਅਧਿਕਾਰੀ ਦੱਸ ਕੇ ਗ੍ਰੇਟਰ ਨੋਇਡਾ ਦੀ ਇਕ ਸੋਸਾਇਟੀ ਵਿਚ ਰਹਿ ਰਿਹਾ ਸੀ। ਮੁਲਜ਼ਮ ਦੀ ਪਛਾਣ ਸੁਮਿਤ ਕੁਮਾਰ ਵਜੋਂ ਹੋਈ ਹੈ, ਜੋ ‘ਮੇਜਰ ਅਮਿਤ’ ਅਤੇ ‘ਰਾਅ ਡਾਇਰੈਕਟਰ’ ਬਣ ਕੇ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਸੀ।
ਵਧੀਕ ਪੁਲਸ ਸੁਪਰਡੈਂਟ (ਐੱਸ. ਟੀ. ਐੱਫ.) ਰਾਜਕੁਮਾਰ ਮਿਸ਼ਰਾ ਨੇ ਦੱਸਿਆ ਕਿ ਮੁਲਜ਼ਮ ਤੋਂ ਬਰਾਮਦ ਕੀਤੇ ਗਏ ਇਕ ਟੈਬ ਵਿਚੋਂ ਦਿੱਲੀ ਵਿਚ ਹੋਏ ਧਮਾਕੇ ਨਾਲ ਸਬੰਧਤ ਇਕ ਵੀਡੀਓ ਵੀ ਮਿਲੀ ਹੈ। ਖੁਫੀਆ ਏਜੰਸੀਆਂ ਇਸ ਵੀਡੀਓ ਦੀ ਜਾਂਚ ਕਰ ਰਹੀਆਂ ਹਨ। ਮੰਗਲਵਾਰ ਰਾਤ ਨੂੰ ਸਬ-ਇੰਸਪੈਕਟਰ ਅਕਸ਼ੈ ਪਰਮਵੀਰ ਕੁਮਾਰ ਤਿਆਗੀ ਦੀ ਟੀਮ ਨੂੰ ਸੂਚਨਾ ਮਿਲੀ ਕਿ ਇਕ ਸ਼ੱਕੀ ਵਿਅਕਤੀ ਝੂਠੀ ਪਛਾਣ ਦੇ ਤਹਿਤ ਸੋਸਾਇਟੀ ਵਿਚ ਰਹਿ ਰਿਹਾ ਹੈ। ਛਾਪੇਮਾਰੀ ਦੌਰਾਨ ਉਸਦੇ ਪਰਸ ਵਿਚੋਂ ਭਾਰਤ ਸਰਕਾਰ ਦਾ ਇਕ ਪਛਾਣ ਪੱਤਰ ਮਿਲਿਆ, ਜਿਸ ਵਿਚ ਉਸਦੀ ਪਛਾਣ ਇਕ ਰਾਅ ਅਧਿਕਾਰੀ ਵਜੋਂ ਦਰਸਾਈ ਗਈ ਸੀ।
ਮੌਕੇ ’ਤੇ ਪਹੁੰਚੇ ਰਾਅ ਅਧਿਕਾਰੀਆਂ ਨੇ ਆਈ. ਡੀ. ਦੀ ਜਾਂਚ ਕਰ ਕੇ ਦੱਸਿਆ ਕਿ ਇਹ ਪੂਰੀ ਤਰ੍ਹਾਂ ਨਾਲ ਨਕਲੀ ਹੈ ਅਤੇ ਇਸ ਨਾਂ ਦਾ ਕੋਈ ਅਧਿਕਾਰੀ ਵਿਭਾਗ ਵਿਚ ਨਹੀਂ ਹੈ। ਸੁਮਿਤ ਕੁਮਾਰ ਵਿਰੁੱਧ ਸੂਰਜਪੁਰ ਪੁਲਸ ਸਟੇਸ਼ਨ ਵਿਚ ਭਾਰਤੀ ਦੰਡ ਸੰਹਿਤਾ ਦੀਆਂ ਵੱਖ-ਵੱਖ ਧਾਰਾਵਾਂ ਤੇ ਸੂਚਨਾ ਤਕਨਾਲੋਜੀ ਐਕਟ ਤਹਿਤ ਮਾਮਲਾ ਦਰਜ ਕਰ ਕੇ ਅਦਾਲਤ ਵਿਚ ਪੇਸ਼ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।
ਹੈਰਾਨੀਜਨਕ! 2 ਲੱਖ ਮ੍ਰਿਤਕਾਂ ਨੂੰ ਮਿਲ ਰਹੀ ਪੈਨਸ਼ਨ, ਬਿਹਾਰ ਸਰਕਾਰ ਵਲੋਂ ਜਾਂਚ ਦੇ ਹੁਕਮ
NEXT STORY