ਨਵੀਂ ਦਿੱਲੀ, (ਭਾਸ਼ਾ)- ਮਹਾਤਮਾ ਗਾਂਧੀ ਰਾਸ਼ਟਰੀ ਗ੍ਰਾਮੀਣ ਰੋਜ਼ਗਾਰ ਗਾਰੰਟੀ (ਮਨਰੇਗਾ) ਯੋਜਨਾ ਦੇ ਤਹਿਤ ਉਜਰਤਾਂ ਨੂੰ ਸੋਧਿਆ ਗਿਆ ਹੈ ਅਤੇ ਵੱਖ-ਵੱਖ ਸੂਬਿਆਂ ’ਚ ਮਿਹਨਤਾਨੇ ’ਚ 4 ਤੋਂ 10 ਫੀਸਦੀ ਦਾ ਵਾਧਾ ਕੀਤਾ ਗਿਆ ਹੈ।
ਇਕ ਨੋਟੀਫਿਕੇਸ਼ਨ ਅਨੁਸਾਰ, ਹੁਣ ਯੋਜਨਾ ਦੇ ਤਹਿਤ, ਅਕੁਸ਼ਲ ਕਾਮਿਆਂ ਨੂੰ ਦੇਸ਼ ’ਚ ਸਭ ਤੋਂ ਵੱਧ 374 ਰੁਪਏ ਪ੍ਰਤੀ ਦਿਨ ਦਿਹਾੜੀ ਹਰਿਆਣਾ ’ਚ ਮਿਲੇਗੀ, ਜਦੋਂ ਕਿ ਉਨ੍ਹਾਂ ਨੂੰ ਸਭ ਤੋਂ ਘੱਟ ਮਿਹਨਤਾਨਾ ਅਰੁਣਾਚਲ ਪ੍ਰਦੇਸ਼ ਅਤੇ ਨਾਗਾਲੈਂਡ ’ਚ ਮਿਲੇਗਾ, ਜਿੱਥੇ ਇਸ ਯੋਜਨਾ ਦੇ ਤਹਿਤ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ 234 ਰੁਪਏ ਪ੍ਰਤੀ ਦਿਨ ਦੀ ਮਜ਼ਦੂਰੀ ਮਿਲੇਗੀ।
ਨੋਟੀਫਿਕੇਸ਼ਨ ਅਨੁਸਾਰ ਗੋਆ ’ਚ ਮਜ਼ਦੂਰੀ ਦਰ ’ਚ 34 ਰੁਪਏ ਦਾ ਵਾਧਾ ਕੀਤਾ ਗਿਆ ਹੈ, ਜੋ ਦੇਸ਼ ’ਚ ਸਭ ਤੋਂ ਵੱਧ ਹੈ ਅਤੇ ਹੁਣ ਸੂਬੇ ’ਚ ਦਿਹਾੜੀ 356 ਰੁਪਏ ਹੋ ਗਈ ਹੈ। ਉੱਥੇ ਹੀ, ਆਂਧਰਾ ਪ੍ਰਦੇਸ਼ ’ਚ ਦਿਹਾੜੀ 28 ਰੁਪਏ, ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ’ਚ 7 ਰੁਪਏ ਦਾ ਵਾਧਾ ਕੀਤਾ ਗਿਆ ਹੈ, ਜੋ ਕਿ ਸਭ ਤੋਂ ਘੱਟ ਹੈ। ਪੱਛਮੀ ਬੰਗਾਲ ਨੇ ਮਜ਼ਦੂਰੀ ’ਚ 13 ਰੁਪਏ ਦਾ ਵਾਧਾ ਕੀਤਾ ਹੈ। ਨੋਟੀਫਿਕੇਸ਼ਨ ’ਚ ਦਰਸਾਏ ਗਏ ਅੰਕੜਿਆਂ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਦਾ ਹੈ ਕਿ ਆਂਧਰਾ ਪ੍ਰਦੇਸ਼, ਗੋਆ, ਕਰਨਾਟਕ ਅਤੇ ਤੇਲੰਗਾਨਾ ’ਚ ਲੱਗਭਗ 10 ਫੀਸਦੀ ਦਾ ਵਾਧਾ ਕੀਤਾ ਗਿਆ ਹੈ।
ਰਾਹੁਲ ਬੋਲੇ, ਅਸੀਂ 400 ਕਰਾਂਗੇ
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਮਹਾਤਮਾ ਗਾਂਧੀ ਰਾਸ਼ਟਰੀ ਗ੍ਰਾਮੀਣ ਰੋਜ਼ਗਾਰ ਗਾਰੰਟੀ ਯੋਜਨਾ (ਮਨਰੇਗਾ) ਦੇ ਤਹਿਤ ਦਿਹਾੜੀ ’ਚ 4 ਤੋਂ 10 ਰੁਪਏ ਵਾਧਾ ਕੀਤੇ ਜਾਣ ਨੂੰ ਲੈ ਕੇ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਵਿਅੰਗ ਕਸਦਿਆਂ ਕਿਹਾ ਕਿ ਮਨਰੇਗਾ ਮਜ਼ਦੂਰਾਂ ਨੂੰ ਵਧਾਈ ਹੋਵੇ ਕਿ ਪ੍ਰਧਾਨ ਮੰਤਰੀ ਨੇ ਦਿਹਾੜੀ 7 ਰੁਪਏ ਵਧਾ ਦਿੱਤੀ ਹੈ। ਮਨਰੇਗਾ ਤਹਿਤ ਮਜ਼ਦੂਰੀ ਨੂੰ ਸੋਧਿਆ ਗਿਆ ਹੈ। ਉਨ੍ਹਾਂ ਕਿਹਾ, ‘‘ਜਿਹੜੇ ਲੋਕ ਮੋਦੀ ਜੀ ਦੀ ਇਸ ਬੇਅੰਤ ਦਿਆਲਤਾ ਤੋਂ ਨਾਰਾਜ਼ ਹਨ, ਉਹ ਯਾਦ ਰੱਖਣ ਕਿ ‘ਇੰਡੀਆ’ ਗੱਠਜੋੜ ਦੀ ਸਰਕਾਰ ਪਹਿਲੇ ਦਿਨ ਹਰ ਮਜ਼ਦੂਰ ਦਾ ਮਿਹਨਤਾਨਾ ਵਧਾ ਕੇ 400 ਰੁਪਏ ਕਰਨ ਵਾਲੀ ਹੈ।’’
ਫੇਸਬੁੱਕ ਦਾ 'ਨਿਊਜ਼' ਟੈਬ ਹੋ ਜਾਵੇਗਾ ਖ਼ਤਮ , ਮੇਟਾ ਨੇ ਬਣਾਈ ਇਹ ਯੋਜਨਾ
NEXT STORY