ਨਿਊਯਾਰਕ/ਨਵੀਂ ਦਿੱਲੀ: ਦਿੱਗਜ ਉਦਯੋਗਪਤੀ ਅਤੇ ਵੇਦਾਂਤਾ ਗਰੁੱਪ ਦੇ ਚੇਅਰਮੈਨ ਅਨਿਲ ਅਗਰਵਾਲ ਨੇ ਆਪਣੇ ਪੁੱਤਰ ਅਗਨੀਵੇਸ਼ ਦੀ ਅਚਾਨਕ ਹੋਈ ਮੌਤ ਤੋਂ ਬਾਅਦ ਸਮਾਜ ਸੇਵਾ ਦੇ ਆਪਣੇ ਪੁਰਾਣੇ ਸੰਕਲਪ ਨੂੰ ਇੱਕ ਵਾਰ ਫਿਰ ਦੁਹਰਾਇਆ ਹੈ। ਅਗਰਵਾਲ ਨੇ ਐਲਾਨ ਕੀਤਾ ਹੈ ਕਿ ਉਹ ਆਪਣੀ ਕਮਾਈ ਦਾ 75 ਫੀਸਦੀ ਤੋਂ ਵੱਧ ਹਿੱਸਾ ਸਮਾਜ ਨੂੰ ਦਾਨ ਕਰਨਗੇ, ਤਾਂ ਜੋ ਉਨ੍ਹਾਂ ਦੇ ਪੁੱਤਰ ਦੇ ਸੁਪਨਿਆਂ ਨੂੰ ਪੂਰਾ ਕੀਤਾ ਜਾ ਸਕੇ।
ਦਿਲ ਦਾ ਦੌਰਾ ਪੈਣ ਕਾਰਨ ਹੋਈ ਪੁੱਤਰ ਦੀ ਮੌਤ
ਸੂਤਰਾਂ ਅਨੁਸਾਰ, ਅਨਿਲ ਅਗਰਵਾਲ ਦੇ 49 ਸਾਲਾ ਪੁੱਤਰ ਅਗਨੀਵੇਸ਼ ਦੀ ਅਮਰੀਕਾ ਵਿੱਚ ਮੌਤ ਹੋ ਗਈ। ਅਗਨੀਵੇਸ਼ ਇੱਕ ਸਕੀਇੰਗ ਹਾਦਸੇ ਵਿੱਚ ਲੱਗੀਆਂ ਸੱਟਾਂ ਤੋਂ ਉੱਭਰ ਰਹੇ ਸਨ, ਪਰ ਨਿਊਯਾਰਕ ਦੇ ਮਾਊਂਟ ਸਿਨਾਈ ਹਸਪਤਾਲ ਵਿੱਚ ਇਲਾਜ ਦੌਰਾਨ ਉਨ੍ਹਾਂ ਨੂੰ ਅਚਾਨਕ ਦਿਲ ਦਾ ਦੌਰਾ (Cardiac Arrest) ਪੈ ਗਿਆ। ਅਨਿਲ ਅਗਰਵਾਲ ਨੇ ਇਸ ਘਟਨਾ ਨੂੰ ਆਪਣੇ ਜੀਵਨ ਦਾ "ਸਭ ਤੋਂ ਕਾਲਾ ਦਿਨ" ਦੱਸਦਿਆਂ ਕਿਹਾ ਕਿ ਕਿਸੇ ਵੀ ਪਿਤਾ ਲਈ ਆਪਣੇ ਪੁੱਤਰ ਦਾ ਵਿਛੋੜਾ ਸਭ ਤੋਂ ਵੱਡਾ ਦੁੱਖ ਹੁੰਦਾ ਹੈ।
ਪੁੱਤਰ ਦੇ ਸੁਪਨਿਆਂ ਨੂੰ ਕਰਨਗੇ ਪੂਰਾ
ਅਗਰਵਾਲ ਨੇ ਭਾਵੁਕ ਹੁੰਦਿਆਂ ਦੱਸਿਆ ਕਿ ਉਨ੍ਹਾਂ ਨੇ ਅਗਨੀਵੇਸ਼ ਨਾਲ ਵਾਅਦਾ ਕੀਤਾ ਸੀ ਕਿ ਉਹ ਆਪਣੀ ਦੌਲਤ ਦਾ ਵੱਡਾ ਹਿੱਸਾ ਸਮਾਜ ਦੇ ਲੇਖੇ ਲਾਉਣਗੇ। ਇਸ ਲੋਕ ਭਲਾਈ ਵਿਜ਼ਨ ਦੇ ਮੁੱਖ ਉਦੇਸ਼ ਹਨ, ਕੋਈ ਵੀ ਬੱਚਾ ਭੁੱਖਾ ਨਾ ਸੌਂਵੇ, ਕਿਸੇ ਵੀ ਬੱਚੇ ਨੂੰ ਸਿੱਖਿਆ ਤੋਂ ਵਾਂਝਾ ਨਾ ਰੱਖਿਆ ਜਾਵੇ ਤੇ ਹਰ ਔਰਤ ਆਪਣੇ ਪੈਰਾਂ 'ਤੇ ਖੜ੍ਹੀ ਹੋਵੇ ਅਤੇ ਨੌਜਵਾਨਾਂ ਕੋਲ ਸਾਰਥਕ ਰੁਜ਼ਗਾਰ ਹੋਵੇ।
ਕੌਣ ਸੀ ਅਗਨੀਵੇਸ਼ ਅਗਰਵਾਲ?
ਪਟਨਾ ਵਿੱਚ 3 ਜੂਨ 1976 ਨੂੰ ਜਨਮੇ ਅਗਨੀਵੇਸ਼ ਨੇ ਆਪਣੀ ਸਿੱਖਿਆ ਮੇਓ ਕਾਲਜ ਤੋਂ ਹਾਸਲ ਕੀਤੀ ਸੀ। ਉਨ੍ਹਾਂ ਨੇ ਧਾਤੂ ਕਾਰੋਬਾਰ ਵਿੱਚ 'ਫੁਜੈਰਾ ਗੋਲਡ' ਵਰਗੀ ਬਿਹਤਰੀਨ ਕੰਪਨੀ ਸਥਾਪਿਤ ਕੀਤੀ ਅਤੇ ਹਿੰਦੁਸਤਾਨ ਜ਼ਿੰਕ ਦੇ ਚੇਅਰਮੈਨ ਵਜੋਂ ਵੀ ਸੇਵਾਵਾਂ ਨਿਭਾਈਆਂ। ਅਨਿਲ ਅਗਰਵਾਲ ਮੁਤਾਬਕ, ਅਗਨੀਵੇਸ਼ ਹਮੇਸ਼ਾ ਭਾਰਤ ਨੂੰ ਇੱਕ ਆਤਮ-ਨਿਰਭਰ ਦੇਸ਼ ਵਜੋਂ ਦੇਖਣਾ ਚਾਹੁੰਦੇ ਸਨ।
ਸਾਦਗੀ ਭਰਿਆ ਜੀਵਨ ਜਿਊਣ ਦਾ ਫੈਸਲਾ
ਇਸ ਦੁਖਾਂਤ ਤੋਂ ਬਾਅਦ ਅਨਿਲ ਅਗਰਵਾਲ ਨੇ ਆਪਣਾ ਜੀਵਨ ਹੋਰ ਵੀ ਸਾਦਾ ਜਿਊਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਉਨ੍ਹਾਂ ਦਾ ਪੁੱਤਰ ਹੁਣ ਇਸ ਦੁਨੀਆ ਵਿੱਚ ਨਹੀਂ ਹੈ, ਪਰ ਉਹ ਅਗਨੀਵੇਸ਼ ਦੀ ਰੌਸ਼ਨੀ ਅਤੇ ਉਸ ਦੇ ਵਿਚਾਰਾਂ ਨੂੰ ਆਪਣੇ ਕਾਰਜਾਂ ਰਾਹੀਂ ਅੱਗੇ ਲੈ ਕੇ ਜਾਣਗੇ। ਵੇਦਾਂਤਾ ਪਰਿਵਾਰ ਦੇ ਹਜ਼ਾਰਾਂ ਨੌਜਵਾਨ ਕਰਮਚਾਰੀ ਇਸ ਦੁੱਖ ਦੀ ਘੜੀ ਵਿੱਚ ਉਨ੍ਹਾਂ ਦੇ ਨਾਲ ਖੜ੍ਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਦਿੱਲੀ ਸਰਾਫਾ ਬਾਜ਼ਾਰ 'ਚ ਚਾਂਦੀ ਨੇ ਰਚਿਆ ਇਤਿਹਾਸ, 5,000 ਰੁਪਏ ਦੀ ਮਾਰੀ ਛਾਲ
NEXT STORY