Fact Check by Vishvas News
ਨਵੀਂ ਦਿੱਲੀ (ਵਿਸ਼ਵਾਸ ਨਿਊਜ਼)। ਪੰਜਾਬ ਸਰਕਾਰ ਨੇ ਇੱਕ ਸਾਲ ਤੋਂ ਸ਼ੰਭੂ ਅਤੇ ਖਨੋਰੀ ਬਾਰਡਰ 'ਤੇ ਬੈਠ ਕੇ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਹਟਾ ਦਿੱਤਾ ਹੈ। ਇਸ ਦੇ ਨਾਲ ਹੀ ਪੰਜਾਬ ਪੁਲਸ ਦੀ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵੀਡੀਓ 'ਚ ਇਕ ਪੁਲਸ ਮੁਲਾਜ਼ਮ ਔਰਤ ਨੂੰ ਥੱਪੜ ਮਾਰ ਕੇ ਉਥੋਂ ਭੱਜਦਾ ਦੇਖਿਆ ਜਾ ਸਕਦਾ ਹੈ। ਵੀਡੀਓ ਨੂੰ ਤਾਜ਼ਾ ਦੱਸਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਕਿਸਾਨਾਂ ਨੂੰ ਹਟਾਉਣ ਲਈ ਸਰਹੱਦ 'ਤੇ ਪਹੁੰਚੀ ਪੁਲਸ ਦੀ ਹੈ।
ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਾਇਰਲ ਦਾਅਵਾ ਗੁੰਮਰਾਹਕੁੰਨ ਹੈ। ਵੀਡੀਓ ਹਾਲ ਦੀ ਨਹੀਂ ਬਲਕਿ ਦੋ ਸਾਲ ਪੁਰਾਣੀ ਹੈ। ਜਦੋਂ ਜ਼ਮੀਨ ਐਕਵਾਇਰ ਕਰਨ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਰੋਕਣ ਲਈ ਪੁਲਸ ਮੁਲਾਜ਼ਮ ਉਥੇ ਪਹੁੰਚ ਗਏ ਸਨ। ਉਨ੍ਹਾਂ ਵਿੱਚੋਂ ਇੱਕ ਨੇ ਔਰਤ ਨੂੰ ਥੱਪੜ ਮਾਰ ਦਿੱਤਾ ਸੀ। ਉਸ ਸਮੇਂ ਪ੍ਰਸ਼ਾਸਨ ਨੇ ਕਾਰਵਾਈ ਕਰਦਿਆਂ ਪੁਲਸ ਮੁਲਾਜ਼ਮ ਨੂੰ ਲਾਈਨ ਹਾਜ਼ਰ ਕਰ ਦਿੱਤਾ।
ਕੀ ਹੋ ਰਿਹਾ ਹੈ ਵਾਇਰਲ ?
ਫੇਸਬੁੱਕ ਯੂਜ਼ਰ 'ਅਮਰ ਗੋਲਡਰ' ਨੇ 19 ਮਾਰਚ, 2025 ਨੂੰ ਵਾਇਰਲ ਵੀਡੀਓ ਨੂੰ ਸਾਂਝਾ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ, "ਮਹਿਲਾ ਕਿਸਾਨ ਨੂੰ MSP ਦਿੰਦੀ ਹੋਈ ਕੇਜਰੀਵਾਲ ਦੀ ਪੰਜਾਬ ਪੁਲਿਸ 'ਤੇ... ਤਾਨਾਸ਼ਾਹ ਤਾਂ ਮੋਦੀ ਜੀ ਹਨ।"
ਪੋਸਟ ਦਾ ਆਰਕਾਈਵ ਲਿੰਕ ਇੱਥੇ ਵੇਖੋ.

ਪੜਤਾਲ
ਵਾਇਰਲ ਦਾਅਵੇ ਦੀ ਸੱਚਾਈ ਜਾਣਨ ਲਈ, ਅਸੀਂ ਵੀਡੀਓ ਦੇ ਕਈ ਕੀਫ੍ਰੇਮ ਕੱਢੇ ਅਤੇ ਗੂਗਲ ਰਿਵਰਸ ਈਮੇਜ ਦੀ ਮਦਦ ਨਾਲ ਉਹਨਾਂ ਨੂੰ ਖੋਜਿਆ। ਅਸੀਂ ਵੀਡੀਓ ਨਾਲ ਸਬੰਧਤ ਰਿਪੋਰਟ ਏਬੀਪੀ ਨਿਊਜ਼ ਦੀ ਅਧਿਕਾਰਤ ਵੈੱਬਸਾਈਟ 'ਤੇ ਮਿਲੀ। ਇਹ ਰਿਪੋਰਟ 18 ਮਈ 2023 ਨੂੰ ਪ੍ਰਕਾਸ਼ਿਤ ਕੀਤੀ ਗਈ ਸੀ। ਪ੍ਰਾਪਤ ਜਾਣਕਾਰੀ ਅਨੁਸਾਰ, "ਵੀਡੀਓ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਵਾਪਰੀ ਇੱਕ ਘਟਨਾ ਦੀ ਹੈ। ਕਿਸਾਨਾਂ ਨੇ ਜ਼ਮੀਨ ਐਕਵਾਇਰ ਨੂੰ ਲੈ ਕੇ ਦਿੱਲੀ-ਕਟੜਾ ਨੈਸ਼ਨਲ ਹਾਈਵੇਅ 'ਤੇ ਪ੍ਰਦਰਸ਼ਨ ਕੀਤਾ ਸੀ। ਜਿਸ ਤੋਂ ਬਾਅਦ ਪੁਲਸ ਨੇ ਗੁਰਦਾਸਪੁਰ ਜ਼ਿਲ੍ਹੇ ਦੇ ਸ੍ਰੀ ਹਰਗੋਬਿੰਦਪੁਰ ਬਲਾਕ ਦੇ ਪਿੰਡ ਭਾਮੜੀ ਵਿੱਚ ਛਾਪੇਮਾਰੀ ਕੀਤੀ। ਛਾਪੇਮਾਰੀ ਦੌਰਾਨ ਇੱਕ ਪੁਲਿਸ ਮੁਲਾਜ਼ਮ ਨੇ ਇੱਕ ਮਹਿਲਾ ਕਿਸਾਨ ਨੂੰ ਥੱਪੜ ਮਾਰ ਦਿੱਤਾ।"

ਪੀਟੀਸੀ ਦੀ ਵੈੱਬਸਾਈਟ 'ਤੇ 18 ਮਈ, 2023 ਨੂੰ ਪ੍ਰਕਾਸ਼ਿਤ ਇੱਕ ਰਿਪੋਰਟ ਦੇ ਅਨੁਸਾਰ, ਵੀਡੀਓ ਵਾਇਰਲ ਹੋਣ ਤੋਂ ਬਾਅਦ, ਪੁਲਸ ਕਰਮਚਾਰੀ ਦੇ ਖਿਲਾਫ ਕਾਰਵਾਈ ਕੀਤੀ ਗਈ ਅਤੇ ਉਸਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ। ਇਸ ਮਾਮਲੇ ਬਾਰੇ ਬਟਾਲਾ ਦੇ ਐਸਐਸਪੀ ਨੇ ਕਿਹਾ ਸੀ ਕਿ ਅਸੀਂ ਮੁਲਜ਼ਮ ਪੁਲਸ ਮੁਲਾਜ਼ਮ ਨੂੰ ਸਾਹਮਣੇ ਲਿਆਂਦਾ ਹੈ ਅਤੇ ਉਸ ਖ਼ਿਲਾਫ਼ ਵਿਭਾਗੀ ਜਾਂਚ ਦੇ ਹੁਕਮ ਦਿੱਤੇ ਗਏ ਹਨ।

ਪ੍ਰਾਪਤ ਜਾਣਕਾਰੀ ਦੇ ਆਧਾਰ 'ਤੇ, ਸੰਬੰਧਿਤ ਕੀਵਰਡਸ ਦੀ ਮਦਦ ਨਾਲ ਗੂਗਲ 'ਤੇ ਖੋਜ ਕਰਨ ਤੋਂ ਬਾਅਦ, ਸਾਨੂੰ ਨਵਭਾਰਤ ਟਾਈਮਜ਼ ਦੀ ਵੈੱਬਸਾਈਟ 'ਤੇ ਦਾਅਵੇ ਨਾਲ ਜੁੜੀ ਇਕ ਰਿਪੋਰਟ ਮਿਲੀ। ਇਹ ਰਿਪੋਰਟ 18 ਮਈ 2023 ਨੂੰ ਪ੍ਰਕਾਸ਼ਿਤ ਕੀਤੀ ਗਈ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਵੀਡੀਓ ਵਾਇਰਲ ਹੋਣ ਤੋਂ ਬਾਅਦ ਵਿਰੋਧੀ ਪਾਰਟੀਆਂ ਨੇ ਭਗਵੰਤ ਮਾਨ ਸਰਕਾਰ ਦੀ ਭਾਰੀ ਆਲੋਚਨਾ ਕੀਤੀ ਸੀ।
ਪੰਜਾਬ ਕੇਸਰੀ ਦੀ ਵੈੱਬਸਾਈਟ 'ਤੇ 18 ਅਪ੍ਰੈਲ 2023 ਨੂੰ ਪ੍ਰਕਾਸ਼ਿਤ ਰਿਪੋਰਟ ਮੁਤਾਬਕ ਭਾਰਤ ਮਾਲਾ ਪ੍ਰੋਜੈਕਟ ਲਈ ਦਿੱਲੀ-ਕਟੜਾ ਨੈਸ਼ਨਲ ਹਾਈਵੇ 'ਤੇ ਜ਼ਮੀਨ ਐਕੁਆਇਰ ਕੀਤੀ ਜਾ ਰਹੀ ਸੀ। ਇਸ ਸਬੰਧੀ ਕਿਸਾਨਾਂ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਮੁਆਵਜ਼ੇ ਦੇ ਪੈਸੇ ਸਹੀ ਢੰਗ ਨਾਲ ਨਹੀਂ ਦਿੱਤੇ ਅਤੇ ਕੁਝ ਕੁ ਕਿਸਾਨਾਂ ਨੂੰ ਹੀ ਪੈਸੇ ਦਿੱਤੇ ਗਏ ਹਨ। ਜਿਸ ਕਾਰਨ ਉਹ ਰੋਸ ਪ੍ਰਦਰਸ਼ਨ ਕਰ ਰਹੇ ਸਨ।
ਵਧੇਰੇ ਜਾਣਕਾਰੀ ਲਈ ਅਸੀਂ ਦੈਨਿਕ ਜਾਗਰਣ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਪੱਤਰਕਾਰ ਸੁਨੀਲ ਠਾਣੇਵਾਲੀਆ ਨਾਲ ਸੰਪਰਕ ਕੀਤਾ। ਉਸ ਨੇ ਦੱਸਿਆ ਕਿ ਵਾਇਰਲ ਵੀਡੀਓ ਹਾਲ ਦੀ ਨਹੀਂ ਸਗੋਂ ਦੋ ਸਾਲ ਪੁਰਾਣੀ ਹੈ।
ਅੰਤ ਵਿੱਚ, ਅਸੀਂ ਗੁੰਮਰਾਹਕੁੰਨ ਦਾਅਵੇ ਨਾਲ ਵੀਡੀਓ ਨੂੰ ਸਾਂਝਾ ਕਰਨ ਵਾਲੇ ਯੂਜ਼ਰ ਦੇ ਖਾਤੇ ਨੂੰ ਸਕੈਨ ਕੀਤਾ। ਅਸੀਂ ਪਾਇਆ ਕਿ ਯੂਜ਼ਰ ਕਿਸੇ ਵਿਚਾਰਧਾਰਾ ਨਾਲ ਸਬੰਧਤ ਪੋਸਟਾਂ ਨੂੰ ਸਾਂਝਾ ਕਰਦੇ ਹਨ। ਯੂਜ਼ਰ ਨੇ ਆਪਣੇ ਪ੍ਰੋਫਾਈਲ 'ਤੇ ਖੁਦ ਨੂੰ ਦਿੱਲੀ ਦਾ ਨਿਵਾਸੀ ਦੱਸਿਆ ਹੈ।
ਸਿੱਟਾ: ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਹੈ ਕਿ ਇੱਕ ਪੁਲਿਸ ਕਰਮਚਾਰੀ ਦੀ ਇੱਕ ਔਰਤ ਨੂੰ ਥੱਪੜ ਮਾਰਨ ਦੀ ਵੀਡੀਓ ਨੂੰ ਲੈ ਕੇ ਕੀਤਾ ਜਾ ਰਿਹਾ ਦਾਅਵਾ ਗੁੰਮਰਾਹਕੁੰਨ ਹੈ। ਵੀਡੀਓ ਹਾਲ ਦੀ ਨਹੀਂ ਬਲਕਿ ਦੋ ਸਾਲ ਪੁਰਾਣੀ ਹੈ। ਜਦੋਂ ਜ਼ਮੀਨ ਐਕਵਾਇਰ ਦਾ ਵਿਰੋਧ ਕਰ ਰਹੇ ਕਿਸਾਨਾਂ ਨੂੰ ਰੋਕਣ ਗਏ ਪੁਲਸ ਮੁਲਾਜ਼ਮਾਂ ਵਿੱਚੋਂ ਇੱਕ ਨੇ ਔਰਤ ਨੂੰ ਥੱਪੜ ਮਾਰ ਦਿੱਤਾ। ਉਸ ਸਮੇਂ ਪ੍ਰਸ਼ਾਸਨ ਨੇ ਕਾਰਵਾਈ ਕਰਦਿਆਂ ਪੁਲਸ ਮੁਲਾਜ਼ਮ ਨੂੰ ਲਾਈਨ ਹਾਜ਼ਰ ਕਰ ਦਿੱਤਾ।
(Disclaimer: ਇਹ ਫੈਕਟ ਚੈੱਕ ਮੂਲ ਤੌਰ 'ਤੇ Vishvas News ਵੱਲੋਂ ਕੀਤਾ ਗਿਆ ਹੈ, ਜਿਸ ਨੂੰ Shakti Collective ਦੀ ਮਦਦ ਨਾਲ ‘ਜਗ ਬਾਣੀ’ ਨੇ ਪ੍ਰਕਾਸ਼ਿਤ ਕੀਤਾ ਹੈ।)
Fact Check: ਟੈਂਕਰ ਤੋਂ ਤੇਲ ਲੁਟੱਦੇ ਲੋਕਾਂ ਦਾ ਇਹ ਵੀਡੀਓ ਪਾਕਿਸਤਾਨ ਨਹੀਂ, ਭਾਰਤ ਦਾ ਹੈ
NEXT STORY