ਨਵੀਂ ਦਿੱਲੀ - ਤਿੰਨਾਂ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਦੇ ਨਾਲ ਦਿੱਲੀ ਦੀਆਂ ਸਰਹੱਦਾਂ 'ਤੇ ਡਟੇ ਕਿਸਾਨਾਂ ਦੇ ਅੰਦੋਲਨ ਦਾ ਅੱਜ 12ਵਾਂ ਦਿਨ ਹੈ। ਸੋਮਵਾਰ ਨੂੰ ਕਿਸਾਨ ਨੇਤਾਵਾਂ ਨੇ ਇੱਕ ਵਾਰ ਫਿਰ ਮੀਡੀਆ ਨੂੰ ਸੰਬੋਧਿਤ ਕੀਤਾ। ਸਿੰਘੂ ਸਰਹੱਦ 'ਤੇ ਕਿਸਾਨ ਨੇਤਾ ਨਿਰਭੈ ਸਿੰਘ ਧੁਡੀਕੇ ਨੇ ਕਿਹਾ ਕਿ, ਸਾਡਾ ਵਿਰੋਧ ਸਿਰਫ ਪੰਜਾਬ ਤੱਕ ਸੀਮਤ ਨਹੀਂ ਹੈ। ਕੈਨੇਡਾ ਤੋਂ ਟਰੂਡੋ ਵਰਗੇ ਦੁਨੀਆ ਭਰ ਦੇ ਨੇਤਾ ਵੀ ਸਾਨੂੰ ਸਮਰਥਨ ਦੇ ਰਹੇ ਹਨ। ਸਾਡਾ ਸ਼ਾਂਤੀਪੂਰਨ ਵਿਰੋਧ ਹੈ।
ਉਥੇ ਹੀ ਕਿਸਾਨ ਨੇਤਾ ਡਾ. ਦਰਸ਼ਨ ਪਾਲ ਨੇ ਕਿਹਾ ਕਿ, ਭਾਰਤ ਬੰਦ ਸਾਡਾ ਸ਼ਾਂਤੀਪੂਰਨ ਐਲਾਨ ਹੈ, ਸਾਰਿਆਂ ਨੂੰ ਅਪੀਲ ਹੈ ਕਿ ਇਸ ਨੂੰ ਜ਼ੋਰ-ਜ਼ਬਰਦਸਤੀ ਨਾਲ ਨਾ ਕਰੋ। ਰਾਜਨੀਤਕ ਦਲਾਂ ਨੇ ਜੋ ਸਾਡਾ ਸਮਰਥਨ ਕੀਤਾ ਹੈ ਉਸ ਦੇ ਲਈ ਉਨ੍ਹਾਂ ਦਾ ਧੰਨਵਾਦ, ਉਨ੍ਹਾਂ ਨੂੰ ਅਪੀਲ ਹੈ ਕਿ ਜਦੋਂ ਕਿਸਾਨ ਅੰਦੋਲਨ ਵਿੱਚ ਸ਼ਾਮਲ ਹੋਣ ਲਈ ਆਉਣ ਤਾਂ ਆਪਣਾ ਝੰਡਾ ਘਰ ਛੱਡ ਕੇ ਆਉਣ। ਅਸੀਂ ਆਪਣੇ ਮੰਚ 'ਤੇ ਕਿਸੇ ਵੀ ਰਾਜਨੀਤਕ ਨੇਤਾਵਾਂ ਨੂੰ ਆਉਣ ਦੀ ਮਨਜ਼ੂਰੀ ਨਹੀਂ ਦਿਆਂਗੇ।
ਕਿਸਾਨ ਨੇਤਾ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ, ਸਰਕਾਰ ਨੂੰ ਸਾਡੀਆਂ ਮੰਗਾਂ ਮੰਨਣੀਆਂ ਹੋਣਗੀਆਂ, ਅਸੀਂ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਤੋਂ ਘੱਟ ਨਹੀਂ ਚਾਹੁੰਦੇ ਹਾਂ। ਇਸ ਤੋਂ ਪਹਿਲਾਂ ਪੰਜਾਬ ਟਰਾਂਸਪੋਰਟ ਐਸੋਸੀਏਸ਼ਨ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ, ਆਲ ਇੰਡੀਆ ਮੋਟਰ ਟਰਾਂਸਪੋਰਟ ਕਾਂਗਰਸ ਨੇ ਕਿਸਾਨਾਂ ਦੇ ਸਮਰਥਨ ਵਿੱਚ 8 ਦਸੰਬਰ ਨੂੰ ਚੱਕਾ ਜਾਮ ਕਰਨ ਦਾ ਫੈਸਲਾ ਕੀਤਾ ਹੈ। ਟ੍ਰਾਂਸਪੋਰਟ ਸੰਘ, ਟਰੱਕ ਯੂਨੀਅਨ, ਟੈਂਪੋ ਯੂਨੀਅਨ ਸਾਰਿਆਂ ਨੇ ਬੰਦ ਨੂੰ ਸਫਲ ਬਣਾਉਣ ਦਾ ਫੈਸਲਾ ਕੀਤਾ ਹੈ। ਇਹ ਬੰਦ ਪੂਰੇ ਭਾਰਤ ਵਿੱਚ ਹੋਵੇਗਾ।
ਇਸ ਤੋਂ ਪਹਿਲਾਂ ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰਾ ਰਾਕੇਸ਼ ਟਿਕੈਤ ਨੇ ਕਿਹਾ ਕਿ ਅਸੀਂ ਸ਼ਾਂਤੀ ਨਾਲ ਪ੍ਰਦਰਸ਼ਨ ਕਰਦੇ ਰਹਾਂਗੇ। ਅਸੀਂ ਆਮ ਆਦਮੀ ਨੂੰ ਪ੍ਰੇਸ਼ਾਨ ਨਹੀਂ ਕਰਨਾ ਚਾਹੁੰਦੇ। ਮੰਗਲਵਾਰ ਨੂੰ ਭਾਰਤ ਬੰਦ ਦਾ ਸਮਾਂ 11 ਵਜੇ ਤੋਂ 3 ਵਜੇ ਤੱਕ ਇਸ ਲਈ ਰੱਖਿਆ ਹੈ, ਕਿਉਂਕਿ 11 ਵਜੇ ਤੱਕ ਜ਼ਿਆਦਾਤਰ ਲੋਕ ਦਫਤਰ ਪਹੁੰਚ ਜਾਂਦੇ ਹਨ ਅਤੇ 3 ਵਜੇ ਛੁੱਟੀ ਹੋਣੀ ਸ਼ੁਰੂ ਹੋ ਜਾਂਦੀ ਹੈ। ਕਿਸਾਨਾਂ ਦੇ 8 ਦਸੰਬਰ ਦੇ ਭਾਰਤ ਬੰਦ ਦੇ ਸਮਰਥਨ ਵਿੱਚ ਕਾਂਗਰਸ ਸਮੇਤ 20 ਸਿਆਸੀ ਦਲ ਅਤੇ 10 ਟ੍ਰੇਡ ਯੂਨੀਅਨ ਉਤਰ ਆਏ ਹਨ। ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੇ 9 ਦਸੰਬਰ ਨੂੰ ਰਾਸ਼ਟਰਪਤੀ ਨੂੰ ਮਿਲਣ ਲਈ ਸਮਾਂ ਮੰਗਿਆ ਹੈ।
'ਲੋਕਾਂ ਨੂੰ ਖੁਸ਼ੀ ਨਾਲ ਕਿਸਾਨਾਂ ਦੇ 'ਭਾਰਤ ਬੰਦ' ਦਾ ਸਮਰਥਨ ਕਰਨਾ ਚਾਹੀਦੈ'
NEXT STORY