ਜਲੰਧਰ/ਕੇਰਲ (ਇੰਟ.)- ਕੇਰਲ ’ਚ ਅੱਜ ਕੱਲ ਇਨਸਾਨੀ ਦਿਮਾਗ ਨੂੰ ਖਾਣ ਵਾਲੇ ਅਮੀਬਾ ਦੇ ਇਨਫੈਕਸ਼ਨ ਦਾ ਖੌਫ਼ ਵਧਦਾ ਜਾ ਰਿਹਾ ਹੈ। ਇਸ ਨੂੰ ਮੈਡੀਕਲ ਸਾਇੰਸ ਦੀ ਭਾਸ਼ਾ ’ਚ ‘ਪ੍ਰਾਇਮਰੀ ਅਮੀਬਿਕ ਮੇਨਿੰਗੋਏਂਜ਼ੇਫਲਾਈਟਿਸ’ (ਪੀ.ਏ.ਐੱਮ.) ਕਿਹਾ ਜਾਂਦਾ ਹੈ। ਸੂਬੇ ’ਚ ਪਿਛਲੇ 2 ਮਹੀਨਿਆਂ ’ਚ 4 ਮਾਮਲੇ ਸਾਹਮਣੇ ਆਏ ਹਨ, ਜਿਸ ’ਚ 3 ਦੀ ਮੌਤ ਹੋ ਚੁੱਕੀ ਹੈ। ਰਿਪੋਰਟ ਕੀਤੇ ਗਏ ਸਾਰੇ 4 ਮਾਮਲਿਆਂ ’ਚ ਬੱਚੇ ਹੀ ਪੀੜਤ ਹਨ। ਸੂਬੇ ’ਚ ਇਸ ਘਾਤਕ ਬੀਮਾਰੀ ਨੂੰ ਲੈ ਕੇ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਸੰਯੁਕਤ ਰਾਜ ਅਮਰੀਕਾ ’ਚ ਰੋਗ ਕੰਟਰੋਲ ਅਤੇ ਰੋਕਥਾਮ ਕੇਂਦਰ (ਸੀ. ਡੀ. ਸੀ.) ਅਨੁਸਾਰ ਪੀ.ਏ.ਐੱਮ. ਆਮ ਤੌਰ ’ਤੇ 5 ਦਿਨਾਂ ਦੇ ਅੰਦਰ ਕੋਮਾ ਅਤੇ ਮੌਤ ਦਾ ਕਾਰਨ ਬਣਦਾ ਹੈ। ਜ਼ਿਆਦਾਤਰ ਪੀੜਤ 1 ਤੋਂ 18 ਦਿਨਾਂ ਦੇ ਅੰਦਰ ਮਰ ਜਾਂਦੇ ਹਨ ਅਤੇ ਇਸ ਇਨਫੈਕਸ਼ਨ ਤੋਂ ਪ੍ਰਭਾਵਿਤ 97 ਫੀਸਦੀ ਲੋਕਾਂ ਦਾ ਬਚਣਾ ਮੁਸ਼ਕਿਲ ਹੁੰਦਾ ਹੈ। ਸਿਹਤ ਅਧਿਕਾਰੀਆਂ ਦੇ ਹਵਾਲੇ ਨਾਲ ਰਿਪੋਰਟ ’ਚ ਕਿਹਾ ਗਿਆ ਹੈ ਕਿ ਇਨਫੈਕਸ਼ਨ ਦਾ ਪਤਾ ਸਭ ਤੋਂ ਪਹਿਲਾਂ 2016 ’ਚ ਅਲਪੁੱਝਾ ਨਗਰ ਪਾਲਿਕਾ ’ਚ ਲੱਗਾ ਸੀ।
ਕਿਵੇਂ ਇਨਫੈਕਟਿਡ ਕਰਦਾ ਹੈ ਨੇਗਲੇਰੀਆ ਫਾਊਲਰੀ?
ਇਨਫੈਕਸ਼ਨ ਆਮ ਤੌਰ ’ਤੇ ਉਦੋਂ ਹੁੰਦਾ ਹੈ, ਜਦ ਲੋਕ ਗਰਮੀਆਂ ਦੌਰਾਨ ਝੀਲਾਂ, ਤਲਾਬਾਂ ਜਾਂ ਨਦੀਆਂ ’ਚ ਤੈਰਨ ਜਾਂਦੇ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਜੇ ਵਾਤਾਵਰਨ ਦਾ ਤਾਪਮਾਨ ਜ਼ਿਆਦਾ ਅਤੇ ਪਾਣੀ ਦਾ ਪੱਧਰ ਘੱਟ ਹੋਵੇ ਤਾਂ ਇਨਫੈਕਸ਼ਨ ਹੋ ਸਕਦਾ ਹੈ। ਅਮੀਬਾ ਨੱਕ ਰਾਹੀਂ ਸਰੀਰ ’ਚ ਦਾਖਲ ਹੁੰਦਾ ਹੈ ਅਤੇ ਦਿਮਾਗ ਤੱਕ ਪਹੁੰਚਦਾ ਹੈ, ਜਿਥੇ ਇਹ ਦਿਮਾਗ ਦੇ ਟਿਸ਼ੂਜ਼ ਨੂੰ ਨਸ਼ਟ ਕਰ ਦਿੰਦਾ ਹੈ ਅਤੇ ਸੋਜ਼ਿਸ਼ ਦਾ ਕਾਰਨ ਬਣਦਾ ਹੈ।
ਕੀ ਹਨ ਲੱਛਣ
ਸੀ. ਡੀ. ਸੀ. ਦੀ ਰਿਪੋਰਟ ਹੈ ਕਿ ਪੀ.ਏ.ਐੱਮ. ਦੇ ਸ਼ੁਰੂਆਤੀ ਲੱਛਣਾਂ ’ਚ ਸਿਰ ਪੀੜ, ਬੁਖਾਰ, ਮਨ ਖਰਾਬ ਹੋਣਾ ਅਤੇ ਉਲਟੀ ਸ਼ਾਮਲ ਹਨ। ਇਹ ਸਥਿਤੀ ਤੇਜ਼ੀ ਨਾਲ ਵਧ ਸਕਦੀ ਹੈ, ਜਿਸ ਦੇ ਨਤੀਜੇ ਵਜੋਂ ਬਾਅਦ ’ਚ ਗਰਦਨ ’ਚ ਅਕੜਨ, ਭੁਲੇਖਾ, ਧਿਆਨ ਅਤੇ ਸੰਤੁਲਨ ਦੀ ਕਮੀ ਨਾਲ ਹੀ ਵਹਿਮ ਵਰਗੇ ਲੱਛਣ ਦਿਖਾਈ ਦਿੰਦੇ ਹਨ। ਇਨਫੈਕਸ਼ਨ ਦਾ ਇਲਾਜ ਦਿਮਾਗ ਦੇ ਤਰਲ ਦੇ ਪੀ. ਸੀ. ਆਰ. ਪ੍ਰੀਖਣਾਂ ਰਾਹੀਂ ਕੀਤਾ ਜਾ ਸਕਦਾ ਹੈ। ਹਾਲਾਂਕਿ ਪੀ. ਏ. ਐੱਮ. ਦੁਰਲੱਭ ਹੈ, ਇਸ ਲਈ ਕਦੇ-ਕਦੇ ਇਸ ਦਾ ਪਤਾ ਲਗਾਉਣਾ ਚੁਣੌਤੀਪੂਰਨ ਹੋ ਸਕਦਾ ਹੈ।
ਇਨਫੈਕਸ਼ਨ ਤੋਂ ਬਚਣ ਲਈ ਇਹ ਕਰੋ ਉਪਾਅ
ਕੰਨ ਦੇ ਇਨਫੈਕਸ਼ਨ ਵਾਲੇ ਬੱਚਿਆਂ ਨੂੰ ਤਾਲਾਬਾਂ ਜਾਂ ਖੜ੍ਹੇ ਪਾਣੀ ’ਚ ਨਹਾਉਣ ਜਾਂ ਗੋਤਾ ਲਗਾਉਣ ਤੋਂ ਮਨਾ ਕੀਤਾ ਗਿਆ ਹੈ। ਅਜਿਹਾ ਇਸ ਲਈ ਹੈ ਕਿਉਂਕਿ ਅਮੀਬਾ ਨੱਕ ਅਤੇ ਦਿਮਾਗ ਨੂੰ ਵੱਖ ਕਰਨ ਵਾਲੀ ਝਿੱਲੀ ਦੇ ਛਿਦਰਾਂ ਜਾਂ ਕੰਨ ਦੇ ਪਰਦੇ ’ਚ ਸੰਭਾਵੀ ਛਿਦਰਾਂ ਰਾਹੀਂ ਦਿਮਾਗ ’ਚ ਦਾਖਲ ਹੋ ਸਕਦਾ ਹੈ। ਵਾਟਰ ਥੀਮ ਪਾਰਕ ਅਤੇ ਸਵੀਮਿੰਗ ਪੂਲ ਦੇ ਸੰਚਾਲਕਾਂ ਨੂੰ ਰੈਗੂਲਰ ਤੌਰ ’ਤੇ ਪਾਣੀ ’ਚ ਕਲੋਰੀਨੇਸ਼ਨ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ। ਇਨਫੈਕਸ਼ਨ ਤੋਂ ਬਚਣ ਲਈ ਤਾਜ਼ੇ ਪਾਣੀ ’ਚ ਛਾਲ ਮਾਰਨ ਲੱਗੇ ਜਾਂ ਗੋਤਾ ਲਾਉਣ ਸਮੇਂ ਨੱਕ ਨੂੰ ਫੜਨਾ ਚਾਹੀਦਾ ਜਾਂ ਨੱਕ ’ਤੇ ਕਲਿੱਪ ਲਾਉਣਾ ਚਾਹੀਦਾ।
ਇਲਾਜ ਦੀ ਸੰਭਾਵਨਾ
ਮੌਜੂਦਾ ਸਮੇਂ ’ਚ ਕੋਈ ਮਾਣਕ ਇਲਾਜ ਤਕਨੀਕ ਮੁਹੱਈਆ ਨਹੀਂ ਹੈ। ਇਸ ਲਈ ਡਾਕਟਰ ਸੀ. ਡੀ. ਸੀ. ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਹਨ। ਸੂਤਰਾਂ ਦੇ ਹਵਾਲੇ ਨਾਲ ਇਕ ਰਿਪੋਰਟ ’ਚ ਕਿਹਾ ਗਿਆ ਹੈ ਕਿ ਸੂਬੇ ਦੇ ਸਿਹਤ ਵਿਭਾਗ ਨੇ ਇਨਫੈਕਟਿਡ ਲੋਕਾਂ ਦੇ ਇਲਾਜ ਲਈ ਜਰਮਨੀ ਤੋਂ ਮਿਲਟੇਫੋਸਿਨ ਨਾਂ ਦੀ ਇਕ ਵਿਆਪਕ ਸਪੈਕਟ੍ਰਮ ਐਂਟੀਬਾਇਓਟਿਕ ਦਵਾਈ ਖਰੀਦੀ ਹੈ। ਬਾਲ ਰੋਗ ਮਾਹਿਰਾਂ ਅਨੁਸਾਰ ਹੋਰ ਸ਼ਿਫਾਰਿਸ਼ ਕੀਤੀਆਂ ਦਵਾਈਆਂ ਤੋਂ ਇਲਾਵਾ ਏਜੀਥ੍ਰੋਮਾਈਸਿਨ ਅਤੇ ਅਮਫੋਟੇਰਿਸਿਨ ਬੀ ਵੀ ਮੁਹੱਈਆ ਹੈ।
ਕੀ ਕਹਿੰਦੇ ਹਨ ਸਿਹਤ ਮਾਹਿਰ
ਕੋਝੀਕੋਡ ਦੇ ਸਰਕਾਰੀ ਮੈਡੀਕਲ ਕਾਲਜ ਹਸਪਤਾਲ ’ਚ ਬਾਲ ਰੋਗ ਦੀ ਵਧੀਕ ਪ੍ਰੋਫੈਸਰ ਐੱਮ. ਪੀ. ਜੈਕ੍ਰਿਸ਼ਨਨ ਦਾ ਕਹਿਣਾ ਹੈ ਕਿ ਪੂਰੀ ਦੁਨੀਆ ’ਚ ਅਜਿਹੇ ਮਾਮਲਿਆਂ ’ਚ ਵਾਧਾ ਹੋਇਆ ਹੈ। ਉਹ ਕਹਿੰਦੀ ਹੈ ਕਿ ਵਾਤਾਵਰਨ ਦਾ ਗਰਮ ਹੋਣਾ ਅਤੇ ਗੰਦੇ ਜਲ ਸ੍ਰੋਤ ਅਮੀਬਾ ਇਨਫੈਕਸ਼ਨ ਲਈ ਜ਼ਿੰਮੇਵਾਰ ਕੁਝ ਕਾਰਕ ਹੋ ਸਕਦੇ ਹਨ। ਅਮੀਬਾ ਦੀ ਇਹ ਵਿਸ਼ੇਸ਼ ਸ਼੍ਰੇਣੀ ਗਰਮ ਪਾਣੀ ’ਚ ਜ਼ਿਆਦਾ ਸਰਗਰਮ ਪਾਈ ਜਾਂਦੀ ਹੈ।
ਕੀ ਹੈ ਅਮੀਬਿਕ ਮੇਨਿੰਗੋਏਂਜ਼ੇਫਲਾਈਟਿਸ?
ਪ੍ਰਾਇਮਰੀ ਅਮੀਬਿਕ ਮੇਨਿੰਗੋਏਂਜ਼ੇਫਲਾਈਟਿਸ (ਪੀ. ਏ. ਐੱਮ.) ਇਕ ਦੁਰਲੱਭ ਦਿਮਾਗ ਦਾ ਇਨਫੈਕਸ਼ਨ ਹੈ ਜੋ ਇਕ ਮੁਕਤ-ਜੀਵਤ ਅਮੀਬਾ ਜਾਂ ਇਕ-ਸੈੱਲ ਵਾਲੇ ਜੀਵਾਣੂ ਦੇ ਕਾਰਨ ਹੁੰਦਾ ਹੈ, ਜਿਸ ਨੂੰ ਨੇਗਲੇਰੀਆ ਫਾਊਲਰੀ ਕਿਹਾ ਜਾਂਦਾ ਹੈ। ਨੇਗਲੇਰੀਆ ਫਾਊਲਰੀ ਸੰਸਾਰ ਭਰ ’ਚ ਗਰਮ ਤਾਜ਼ੇ ਪਾਣੀ ਅਤੇ ਮਿੱਟੀ ’ਚ ਰਹਿੰਦਾ ਹੈ ਅਤੇ ਨੱਕ ਰਾਹੀਂ ਸਰੀਰ ’ਚ ਦਾਖਲ ਹੁੰਦਾ ਹੈ ਅਤੇ ਲੋਕਾਂ ਨੂੰ ਇਨਫੈਕਟਿਡ ਕਰਦਾ ਹੈ। ਇਹ ਆਮ ਤੌਰ ’ਤੇ 46 ਡਿਗਰੀ ਸੈਂਟੀਗਰੇਡ ਦੇ ਤਾਪਮਾਨ ’ਚ ਵਿਕਸਿਤ ਹੁੰਦਾ ਹੈ ਅਤੇ ਇਸ ਤੋਂ ਵੱਧ ਤਾਪਮਾਨ ’ਚ ਵੀ ਥੋੜ੍ਹੇ ਸਮੇਂ ਲਈ ਜਿਉਂਦਾ ਰਹਿ ਸਕਦਾ ਹੈ।
ਪਿਛਲੇ 7 ਸਾਲਾਂ 'ਚ ਪੰਜਾਬ ਸਮੇਤ ਇਨ੍ਹਾਂ ਸੂਬਿਆਂ 'ਚ ਵਧੀਆਂ ਨੌਕਰੀਆਂ
NEXT STORY