ਚੰਡੀਗੜ੍ਹ - ਪੰਜਾਬ ਭਾਜਪਾ ਦੇ ਸੀਨੀਅਰ ਨੇਤਾ ਤੇ ਸਾਬਕਾ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਵਲੋਂ ਬੀਤੇ ਦਿਨੀਂ ਹਰਿਆਣਾ ਵਿਧਾਨ ਸਭਾ ਚੋਣਾਂ ਨਾਲ ਸਬੰਧਤ ਡੱਬਵਾਲੀ ਤੇ ਫਤਿਹਾਬਾਦ ਵਿਚ ਚੋਣ ਰੈਲੀਆਂ ਲਈ ਗਠਜੋੜ ਸਹਿਯੋਗੀ ਅਕਾਲੀ ਦਲ ਵਿਰੁੱਧ ਕੀਤੇ ਗਏ ਧੂੰਆਂਧਾਰ ਭਾਸ਼ਣ ਨਾਲ ਸਿਆਸੀ ਹਲਕਿਆਂ ਵਿਚ ਹਲਚਲ ਛਿੜ ਗਈ ਹੈ ਕਿ ਕੀ ਪੰਜਾਬ ਵਿਚ ਅਕਾਲੀ-ਭਾਜਪਾ ਗਠਜੋੜ ਦੇ ਦਿਨ ਜਾਣ ਵਾਲੇ ਹਨ?
ਸਿੱਧੂ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਨਾਮ ਲਏ ਬਿਨਾਂ ਅਕਾਲੀ ਲੀਡਰਸ਼ਿਪ ਨੂੰ ਧੋਖੇਬਾਜ਼ ਤੇ ਪਿੱਠ ਵਿਚ ਛੁਰਾ ਮਾਰਨ ਵਾਲਾ ਦੱਸਦਿਆਂ ਕਿਹਾ ਕਿ ਅਕਾਲੀ ਪੰਜਾਬ ਵਿਚ ਬੱਸਾਂ, ਰੇਤ ਦੇ ਠੇਕਿਆਂ ਸਮੇਤ ਹਰ ਤਰ੍ਹਾਂ ਦੇ ਵਪਾਰ 'ਤੇ ਕਬਜ਼ਾ ਕਰਕੇ ਬੈਠੇ ਹਨ ਤੇ ਲੁੱਟ-ਖਸੁੱਟ ਕਰ ਰਹੇ ਹਨ। ਅਕਾਲੀਆਂ ਦਾ ਨਾਅਰਾ ਹੈ 'ਅਸੀਂ ਡਟ ਕੇ ਲੁੱਟਾਂਗੇ ਤੇ ਜੇ ਤੁਸੀਂ ਵਿਰੋਧ ਕੀਤਾ ਤਾਂ ਡਟ ਕੇ ਕੁੱਟਾਂਗੇ'। ਸਿੱਧੂ ਨੇ ਗੱਲਾਂ-ਗੱਲਾਂ ਵਿਚ ਇਹ ਵੀ ਕਹਿ ਦਿੱਤਾ ਕਿ ਭਾਜਪਾ ਲਈ ਹਰਿਆਣਾ ਚੋਣਾਂ ਬਹੁਤ ਹੀ ਮਹੱਤਵਪੂਰਨ ਹਨ ਪਰ ਅਕਾਲੀ ਉਥੇ ਨਾ 3 ਵਿਚ ਹਨ ਤੇ ਨਾ 13 ਵਿਚ। ਫਿਰ ਵੀ ਪਤਾ ਨਹੀਂ ਕਿਉਂ ਭਾਜਪਾ ਦਾ ਵਿਰੋਧ ਕਰ ਰਹੇ ਹਨ।
ਮੁੜ ਮੁੱਖਧਾਰਾ 'ਚ : ਯਾਦ ਰਹੇ ਕਿ ਮਈ ਮਹੀਨੇ ਵਿਚ ਲੋਕ ਸਭਾ ਚੋਣਾਂ ਵਿਚ ਅੰਮ੍ਰਿਤਸਰ ਤੋਂ ਭਾਜਪਾ ਟਿਕਟ ਉਨ੍ਹਾਂ ਦੀ ਬਜਾਏ ਅਰੁਣ ਜੇਤਲੀ ਨੂੰ ਦੇ ਦਿੱਤੇ ਜਾਣ ਤੋਂ ਨਰਾਜ਼ ਨਵਜੋਤ ਸਿੰਘ ਸਿੱਧੂ ਹੁਣ ਤਕ ਚੁੱਪੀ ਧਾਰੇ ਬੈਠੇ ਸਨ। ਉਨ੍ਹਾਂ ਅਰੁਣ ਜੇਤਲੀ ਦੇ ਚੋਣ ਅਭਿਆਨ ਵਿਚ ਹਿੱਸਾ ਵੀ ਨਹੀਂ ਲਿਆ ਸੀ। ਨਵਜੋਤ ਸਿੰਘ ਸਿੱਧੂ ਦਾ ਮੰਨਣਾ ਹੈ ਕਿ ਉਨ੍ਹਾਂ ਨੂੰ ਬਾਦਲਾਂ ਦੇ ਵਿਰੋਧ ਦੇ ਕਾਰਨ ਹੀ ਅੰਮ੍ਰਿ੍ਰਤਸਰ ਤੋਂ ਟਿਕਟ ਨਹੀਂ ਮਿਲੀ। ਹਰਿਆਣਾ ਦੇ ਚੋਣ ਅਭਿਆਨ ਵਿਚ ਨਵਜੋਤ ਸਿੰਘ ਸਿੱਧੂ ਨੂੰ ਉਤਾਰ ਕੇ ਭਾਜਪਾ ਹਾਈਕਮਾਨ ਨੇ ਸਪੱਸ਼ਟ ਸੰਕੇਤ ਦੇ ਦਿੱਤੇ ਹਨ ਕਿ ਉਹ ਸਿੱਧੂ ਨੂੰ ਮੁੜ ਪਾਰਟੀ ਦੀ ਮੁੱਖਧਾਰਾ 'ਚ ਲਿਆਏ ਜਾਣ ਦੇ ਇੱਛੁਕ ਹਨ।
ਆਉਣਗੇ ਚੰਗੇ ਦਿਨ : ਸਿਆਸੀ ਹਲਕਿਆਂ ਵਿਚ ਇਸ ਗੱਲ ਨੂੰ ਲੈ ਕੇ ਵੀ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਸਿੱਧੂ ਵਲੋਂ ਅਕਾਲੀਆਂ 'ਤੇ ਤਿੱਖੇ ਹਮਲੇ ਭਾਜਪਾ ਲੀਡਰਸ਼ਿਪ ਦੇ ਇਸ਼ਾਰੇ 'ਤੇ ਹੀ ਕੀਤੇ ਜਾ ਰਹੇ ਹਨ। ਜਿਸ ਵਿਚ ਇਕ ਵਾਰ ਫਿਰ ਇਹ ਚਰਚਾ ਛਿੜ ਗਈ ਹੈ ਕਿ ਆਉਣ ਵਾਲੇ ਦਿਨਾਂ ਵਿਚ ਹੋ ਸਕਦਾ ਹੈ ਕਿ ਉਨ੍ਹਾਂ ਨੂੰ ਪੰਜਾਬ ਭਾਜਪਾ ਵਿਚ ਕੋਈ ਮਹੱਤਵਪੂਰਨ ਅਹੁੱਦਾ ਦਿੱਤਾ ਜਾਵੇ।
ਨਸ਼ੀਲੇ ਪਾਊਡਰ ਸਣੇ ਦੋ ਕਾਬੂ
NEXT STORY