ਸੰਨ 1975 ਵਿਚ ਸ਼ਿਆਮ ਬੈਨੇਗਲ ਦੀ 'ਨਿਸ਼ਾਂਤ' ਨਾਲ ਆਪਣੇ ਫ਼ਿਲਮੀ ਸਫਰ ਦੀ ਸ਼ੁਰੂਆਤ ਕਰਨ ਵਾਲੀ ਸਮਿਤਾ 1976 ਵਿਚ 'ਮੰਥਨ' ਅਤੇ 1977 ਵਿਚ 'ਭੂਮਿਕਾ' ਨਾਲ ਦਮਦਾਰ ਅਦਾਕਾਰਾ ਦੇ ਰੂਪ ਵਿਚ ਸਾਹਮਣੇ ਆਈ। 'ਭੂਮਿਕਾ' ਵਿਚ ਆਪਣੇ ਰੋਲ ਲਈ ਉਸ ਨੂੰ ਪਹਿਲਾ ਰਾਸ਼ਟਰੀ ਅਵਾਰਡ ਵੀ ਮਿਲਿਆ। ਮਰਾਠੀ ਦੇ ਪ੍ਰਸਿੱਧ ਸਾਹਿਤਕਾਰ ਜਯਵੰਤ ਦਲਵੀ ਦੀ ਰਚਨਾ 'ਤੇ ਆਧਾਰਿਤ ਫ਼ਿਲਮ 'ਚੱਕਰ' ਵਿਚ ਅੰਮਾ ਦੇ ਕਿਰਦਾਰ ਲਈ ਉਨ੍ਹਾਂ ਨੂੰ ਦੁਬਾਰਾ ਰਾਸ਼ਟਰੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। 'ਬਾਜ਼ਾਰ' ਵਿਚ ਸਮਿਤਾ ਇਕ ਮੁਸਲਮਾਨ ਕੁੜੀ ਬਣੀ, ਜੋ ਆਪਣੀਆਂ ਅੱਖਾਂ ਦੇ ਸਾਹਮਣੇ ਹੀ ਔਰਤ ਦਾ ਸੌਦਾ ਹੋਣ ਦੀ ਗਵਾਹ ਬਣੀ। ਉਥੇ ਹੀ ਜਬਾਰ ਪਟੇਲ ਦੀ 'ਸੁਬਹ' ਵਿਚ ਉਨ੍ਹਾਂ ਨੇ ਇਕ ਅਜਿਹੇ ਅਧਿਕਾਰੀ ਦੀ ਪਤਨੀ ਦਾ ਰੋਲ ਨਿਭਾਇਆ, ਜੋ ਪਤਨੀ ਦੀ ਗੈਰ-ਮੌਜੂਦਗੀ ਵਿਚ ਇਕ ਦੂਜੀ ਔਰਤ ਨਾਲ ਰਿਸ਼ਤਾ ਬਣਾ ਲੈਂਦਾ ਹੈ। ਤਾਂ 'ਮੰਥਨ' ਵਿਚ ਉਨ੍ਹਾਂ ਨੇ ਇਕ ਦਲਿਤ ਔਰਤ ਦਾ ਰੋਲ ਨਿਭਾਅ ਕੇ ਇਕ ਮਿਸਾਲ ਕਾਇਮ ਕੀਤੀ ਸੀ। ਸਾਗਰ ਸਰਹੱਦੀ ਦੀ 'ਤੇਰੇ ਸ਼ਹਿਰ ਮੇਂ' ਵਿਚ ਉਨ੍ਹਾਂ ਦਾ ਰੋਲ ਉਨ੍ਹਾਂ ਦੀ ਇਮੇਜ ਤੋਂ ਬਿਲਕੁਲ ਉਲਟ ਸੀ। ਰਵੀਂਦਰ ਪੀਪਟ ਦੀ 'ਵਾਰਿਸ' ਵਿਚ ਬੇਔਲਾਦ ਵਿਧਵਾ ਹੋਣ ਦਾ ਰੋਲ ਉਨ੍ਹਾਂ ਨੇ ਬਾਖੂਬੀ ਨਿਭਾਇਆ ਸੀ। ਉਥੇ ਹੀ 'ਭੂਮਿਕਾ' ਵਿਚ ਔਰਤ ਦੇ ਜਟਿਲ ਮਨੋਵਿਗਿਆਨ ਨੂੰ ਵੱਡੇ ਪਰਦੇ 'ਤੇ ਸਾਕਾਰ ਕੀਤਾ।
ਕਈ ਸਾਲ ਪਹਿਲਾਂ ਸਮਿਤਾ ਦੀ ਮੌਤ ਨਾਲ ਫ਼ਿਲਮੀ ਦੁਨੀਆ ਵਿਚ ਜੋ ਖਾਲੀਪਨ ਆਇਆ ਸੀ, ਉਹ ਕਦੇ ਭਰਿਆ ਨਹੀਂ ਜਾ ਸਕਦਾ।
ਅੱਜ ਭਾਵੇਂ ਅਸੀਂ ਉਨ੍ਹਾਂ ਨੂੰ ਵਿੱਦਿਆ ਬਾਲਨ ਵਿਚ ਲੱਭਣ ਦੀ ਕੋਸ਼ਿਸ਼ ਕਰੀਏ। ਹੋ ਸਕਦੈ ਕਿ ਇਹ ਭਾਲ ਕੁਝ ਹੱਦ ਤੱਕ ਇਸ ਨਾਇਕਾ ਵਿਚ ਪੂਰੀ ਹੁੰਦੀ ਵੀ ਦਿਸੇ ਪਰ ਆਮ ਨਾਇਕਾਵਾਂ ਤੋਂ ਪੂਰੀ ਤਰ੍ਹਾਂ ਵੱਖਰੇ ਵਿਚਾਰਾਂ ਵਾਲੀ ਸਮਿਤਾ ਨੂੰ ਸ਼ਿਆਮ ਬੈਨੇਗਲ ਨੇ ਐਂਟੀ ਹੀਰੋਇਨ ਦੀ ਉਪਮਾ ਦਿੱਤੀ ਸੀ। ਉਨ੍ਹਾਂ ਦੀ ਗੈਰ-ਮੌਜੂਦਗੀ ਹਿੰਦੀ ਦੇ ਸਾਰਥਕ ਦੇ ਨਾਲ-ਨਾਲ ਵਿਸ਼ਵ ਸਿਨੇਮਾ ਨੂੰ ਵੀ ਖਲਦੀ ਰਹੀ ਹੈ। ਮਹਾਰਾਸ਼ਟਰ ਦੇ ਇਕ ਸਾਬਕਾ ਮੰਤਰੀ ਸ਼ਿਵਾਜੀਰਾਵ ਪਾਟਿਲ ਦੀ ਬੇਟੀ ਸਮਿਤਾ ਨੂੰ ਵਿਦਿਆਰਥੀ ਜੀਵਨ ਤੋਂ ਹੀ ਰੰਗਮੰਚ ਨਾਲ ਕਾਫੀ ਲਗਾਅ ਸੀ। ਸਕੂਲ ਦੇ ਹਰ ਪ੍ਰੋਗਰਾਮ ਵਿਚ ਹਿੱਸਾ ਲੈਣਾ ਜ਼ਰੂਰੀ ਸਮਝਦੀ ਸੀ। ਅਨਿਆਂ ਦੇ ਵਿਰੋਧ ਵਿਚ ਆਵਾਜ਼ ਬੁਲੰਦ ਕਰਨਾ ਆਪਣਾ ਪਰਮ ਕਰਤੱਵ ਮੰਨਦੀ ਸੀ। ਇਹੀ ਕਾਰਨ ਸੀ ਕਿ ਉਹ ਅਦਾਕਾਰੀ ਦੇ ਨਾਲ-ਨਾਲ ਮਹਾਨਗਰਾਂ ਵਿਚ ਹੋਣ ਵਾਲੇ ਅੰਦੋਲਨਾਂ ਵਿਚ ਵੀ ਹਿੱਸਾ ਲੈਂਦੀ ਸੀ। ਔਰਤ ਪ੍ਰਧਾਨ ਫ਼ਿਲਮਾਂ ਵਿਚ ਕੰਮ ਕਰਨਾ ਉਹ ਵਧੇਰੇ ਪਸੰਦ ਕਰਦੀ ਸੀ। ਉਹ ਕਹਿੰਦੀ ਸੀ ਕਿ ਨੱਚਣਾ-ਗਾਉਣਾ, ਪਿਆਰ ਕਰਨਾ ਅਤੇ ਰੋਣਾ-ਧੋਣਾ ਹੀ ਔਰਤ ਦੀ ਕਿਸਮਤ ਨਹੀਂ ਹੈ। ਆਪਣੇ ਵਿਚਾਰਾਂ ਕਾਰਨ ਹੀ ਉਨ੍ਹਾਂ ਨੇ ਵਿਆਹ ਅਤੇ ਪਿਆਰ ਨੂੰ ਵੱਖ-ਵੱਖ ਮੰਨਿਆ। ਉਨ੍ਹਾਂ ਦੀ ਨਜ਼ਰ ਵਿਚ ਵਿਆਹ ਸਿਰਫ ਸਮਾਜਿਕ ਜ਼ਿੰਮੇਵਾਰੀਆਂ ਨੂੰ ਨਿਭਾਉਣ ਅਤੇ ਔਲਾਦ ਲਈ ਜ਼ਰੂਰੀ ਸੀ। ਇਹੀ ਕਾਰਨ ਹੈ ਕਿ ਉਹ ਵਿਆਹ ਕੀਤੇ ਬਿਨਾਂ ਵੀ ਰਾਜ ਬੱਬਰ ਦਾ ਸਾਥ ਨਿਭਾਉਣ ਲਈ ਤਿਆਰ ਸੀ।
ਰਾਜ ਬੱਬਰ ਨਾਲ ਉਨ੍ਹਾਂ ਦੀ ਪਹਿਲੀ ਫ਼ਿਲਮ 'ਭੀਗੀ ਪਲਕੇਂ' ਸੀ। ਇਸ ਫ਼ਿਲਮ ਦੀ ਸ਼ੂਟਿੰਗ ਦੌਰਾਨ ਹੀ ਸਮਿਤਾ ਰਾਜ ਦੇ ਸ਼ਾਂਤ ਸੁਭਾਅ ਅਤੇ ਐਕਟਿੰਗ ਤੋਂ ਪ੍ਰਭਾਵਿਤ ਹੋਈ ਅਤੇ ਦੋਵੇਂ ਇਕ-ਦੂਜੇ ਦੇ ਪਿਆਰ ਵਿਚ ਕੈਦ ਹੁੰਦੇ ਗਏ। ਇਹੀ ਨੇੜਤਾ ਆਉਣ ਵਾਲੇ ਸਮੇਂ ਵਿਚ ਉਨ੍ਹਾਂ ਦੀਆਂ ਫ਼ਿਲਮਾਂ ਜਿਵੇਂ 'ਤਜੁਰਬਾ', 'ਸ਼ਪਥ' , 'ਹਮ ਦੋ ਹਮਾਰੇ ਦੋ', 'ਆਨੰਦ ਔਰ ਆਨੰਦ', 'ਪੇਟ ਪਿਆਰ ਔਰ ਪਾਪ', 'ਆਜ ਕੀ ਆਵਾਜ਼' ਅਤੇ 'ਜਵਾਬ' ਵਰਗੀਆਂ ਫ਼ਿਲਮਾਂ ਵਿਚ ਕੰਮ ਕਰਦਿਆਂ ਵਿਆਹ ਤੱਕ ਪਹੁੰਚ ਗਈ। ਕਿਉਂਕਿ ਰਾਜ ਬੱਬਰ ਵਿਆਹੇ ਹੋਏ ਸਨ, ਇਹ ਜਾਣਦਿਆਂ ਵੀ ਸਮਿਤਾ ਆਪਣੇ ਪਰਿਵਾਰ ਦੀ ਮਰਜ਼ੀ ਖਿਲਾਫ 17 ਮਈ 1982 ਨੂੰ ਮਦਰਾਸ (ਹੁਣ ਚੇਨਈ) ਦੇ ਇਕ ਮੰਦਰ ਵਿਚ ਰਾਜ ਨਾਲ ਵਿਆਹ ਦੇ ਬੰਧਨ ਵਿਚ ਬੱਝ ਗਈ। ਉਨ੍ਹਾਂ ਨੂੰ ਪਿਆਰ ਅਤੇ ਸਮਾਜਿਕ ਸੁਰੱਖਿਆ ਦੀ ਲੋੜ ਸੀ, ਜੋ ਉਨ੍ਹਾਂ ਨੂੰ ਮਿਲ ਗਈ ਸੀ ਪਰ ਰਾਜ ਦਾ ਸਾਥ ਉਹ ਬਹੁਤੀ ਦੇਰ ਨਾ ਨਿਭਾਅ ਸਕੀ। 28 ਨਵੰਬਰ ਨੂੰ ਇਕ ਬੇਟੇ ਨੂੰ ਜਨਮ ਦੇਣ ਤੋਂ 15 ਦਿਨਾਂ ਬਾਅਦ 13 ਦਸੰਬਰ ਨੂੰ ਉਹ ਚੱਲ ਵਸੀ।
ਫ਼ਿਲਮਾਂ ਵਿਚ ਆਉਣ ਤੋਂ ਪਹਿਲਾਂ ਸਮਿਤਾ ਪਾਟਿਲ ਮੁੰਬਈ ਦੂਰਦਰਸ਼ਨ ਕੇਂਦਰ 'ਤੇ ਮਰਾਠੀ ਨਿਊਜ਼ ਐਂਕਰ ਰਹੀ। ਪ੍ਰਸਿੱਧ ਫ਼ਿਲਮਕਾਰ ਸ਼ਿਆਮ ਬੈਨੇਗਲ ਨੇ ਸਮਿਤਾ ਨੂੰ ਪਹਿਲੀ ਵਾਰ ਟੀ. ਵੀ. 'ਤੇ ਦੇਖਿਆ ਤਾਂ ਉਨ੍ਹਾਂ ਵਿਚ ਸਫਲ ਹੀਰੋਇਨ ਦੇ ਗੁਣ ਦੇਖੇ। ਬੈਨੇਗਲ ਕਹਿੰਦੇ ਹਨ ਕਿ ਉਨ੍ਹਾਂ ਦੇ ਬੋਲਣ ਦਾ ਅੰਦਾਜ਼, ਅੱਖਾਂ ਦਾ ਹਾਵ-ਭਾਵ ਅਤੇ ਆਵਾਜ਼ ਇਹੋ ਜਿਹੀ ਸੀ ਕਿ ਹਰ ਕਿਸੇ ਨੂੰ ਆਕਰਸ਼ਿਤ ਕਰ ਲੈਂਦੀ ਸੀ। ਬਹੁਤ ਹੀ ਘੱਟ ਲੋਕ ਜਾਣਦੇ ਹਨ ਕਿ ਉਹ ਇਕ ਚੰਗੀ ਫੋਟੋਗ੍ਰਾਫਰ ਵੀ ਸੀ। ਡ੍ਰੀਮ ਗਰਲ ਰਹੀ ਹੇਮਾ ਮਾਲਿਨੀ ਅੱਜ ਵੀ ਆਪਣੀ ਐਲਬਮ ਵਿਚ ਲੱਗੀਆਂ ਉਨ੍ਹਾਂ ਦੀਆਂ ਤਸਵੀਰਾਂ, ਜਿਨ੍ਹਾਂ ਨੂੰ ਸਮਿਤਾ ਨੇ ਖਿੱਚਿਆ ਸੀ, ਦੇਖ ਕੇ ਕਹਿੰਦੀ ਹੈ, 'ਇੰਝ ਲੱਗਦੈ ਜਿਵੇਂ ਕਿਸੇ ਪ੍ਰੋਫੈਸ਼ਨਲ ਫੋਟੋਗ੍ਰਾਫਰ ਨੇ ਇਨ੍ਹਾਂ ਨੂੰ ਖਿੱਚਿਆ ਹੋਵੇ।'
ਸ਼ਿਆਮ ਬੈਨੇਗਲ ਉਨ੍ਹਾਂ ਨੂੰ ਯਾਦ ਕਰਦਿਆਂ ਕਹਿੰਦੇ ਹਨ, ''ਉਨ੍ਹਾਂ ਵਿਚ ਆਪਣੇ ਰੋਲ ਲਈ ਬਹੁਤ ਐਨਰਜੀ ਸੀ, ਜਦੋਂ ਉਹ ਕੈਮਰੇ ਦੇ ਸਾਹਮਣੇ ਹੁੰਦੀ ਸੀ, ਤਾਂ ਵੀ ਹਮੇਸ਼ਾ ਬਿਨਾਂ ਮੇਕਅੱਪ ਦੇ ਹੀ ਨਜ਼ਰ ਆਉਂਦੀ ਸੀ। ਉਨ੍ਹਾਂ ਵਿਚ ਸਹੀ ਅਰਥ ਵਿਚ ਪ੍ਰੋਫੈਸ਼ਨਲਿਜ਼ਮ ਸੀ। ਜਿਥੋਂ ਤੱਕ ਮੁੰਬਈ ਦੀਆਂ ਕਮਰਸ਼ੀਅਲ ਫ਼ਿਲਮਾਂ ਦਾ ਸਵਾਲ ਹੈ, ਉਨ੍ਹਾਂ ਨੇ ਕਾਫੀ ਉਤੇਜਕ ਕਿਰਦਾਰ ਨਿਭਾਏ ਸਨ। ਆਪਣੇ ਰੋਲ ਨੂੰ ਸਾਰਥਕ ਬਣਾਉਣ ਲਈ ਕੁਝ ਵੀ ਕਰਨ ਲਈ ਤਿਆਰ ਰਹਿੰਦੀ ਸੀ। ਸ਼ਾਇਦ ਇਹੀ ਕਾਰਨ ਹੈ ਕਿ ਜਦੋਂ ਤੱਕ ਸੈਲਿਊਲਾਈਡ ਜ਼ਿੰਦਾ ਹੈ, ਸਮਿਤਾ ਦਾ ਅਕਸ ਵਾਰ-ਵਾਰ ਸਿਨੇਮਾ ਪ੍ਰੇਮੀਆਂ ਦੇ ਦਿਮਾਗ ਵਿਚ ਉਭਰ ਕੇ ਆਉਂਦਾ ਰਹੇਗਾ।