ਸੋਨਾਕਸ਼ੀ ਸਿਨ੍ਹਾ ਦੀਆਂ ਆਉਣ ਵਾਲੀਆਂ ਫ਼ਿਲਮਾਂ 'ਚ ਅਮਿਤ ਸ਼ਰਮਾ ਵਲੋਂ ਨਿਰਦੇਸ਼ਿਤ ਅਰਜੁਨ ਕਪੂਰ ਸਟਾਰਰ 'ਤੇਵਰ' ਕਾਫੀ ਮਹੱਤਵਪੂਰਨ ਹੈ। ਰਜਨੀਕਾਂਤ ਨਾਲ ਉਹ ਸਾਊਥ ਦੀ 'ਲਿੰਗਾ' ਕਰ ਰਹੀ ਹੈ। ਪ੍ਰਭੂਦੇਵਾ ਦੇ ਨਿਰਦੇਸ਼ਨ ਵਿਚ ਉਹ ਅਜੇ ਦੇਵਗਨ ਦੇ ਆਪੋਜ਼ਿਟ 'ਐਕਸ਼ਨ ਜੈਕਸਨ' ਵਿਚ ਨਜ਼ਰ ਆਏਗੀ। ਅਕਸ਼ੈ ਕੁਮਾਰ ਨਾਲ ਉਹ ਸਾਊਥ ਦੀ ਰੀਮੇਕ 'ਤੇ ਆਧਾਰਿਤ 'ਪਿਸਤੌਲ' ਕਰ ਰਹੀ ਹੈ। ਪੇਸ਼ ਹਨ ਸੋਨਾਕਸ਼ੀ ਸਿਨ੍ਹਾ ਨਾਲ ਗੱਲਬਾਤ ਦੇ ਮੁੱਖ ਅੰਸ਼ :-
* ਆਦਿੱਤਯ ਰਾਏ ਕਪੂਰ ਨਾਲ 'ਸਟਾਰਡਸਟ' ਲਈ ਗਲੈਮਰਸ ਫੋਟੋਸ਼ੂਟ ਕਰਨ ਪਿੱਛੋਂ ਹੀ ਤੁਸੀਂ ਉਨ੍ਹਾਂ ਦੇ ਆਪੋਜ਼ਿਟ 'ਆਸ਼ਿਕੀ-3' ਵਿਚ ਕੰਮ ਪ੍ਰਾਪਤ ਕਰਨ ਲਈ ਯਤਨਸ਼ੀਲ ਦੱਸੇ ਜਾ ਰਹੇ ਹੋ?
—ਆਦਿੱਤਯ ਇਕ ਬਹੁਤ ਹੀ ਚੰਗਾ ਐਕਟਰ ਹੈ। 'ਆਸ਼ਿਕੀ-2' ਤੋਂ ਬਾਅਦ ਮੈਂ ਉਸ ਨਾਲ ਕੰਮ ਕਰਨ ਦੀ ਚਾਹਵਾਨ ਹਾਂ। 'ਆਸ਼ਿਕੀ-3' ਦਾ ਪ੍ਰਪੋਜ਼ਲ ਮੇਰੇ ਕੋਲ ਆਇਆ, ਉਦੋਂ ਤੋਂ ਹੀ ਮੈਂ ਇਸ ਨੂੰ ਲੈ ਕੇ ਬਹੁਤ ਜ਼ਿਆਦਾ ਉਤਸ਼ਾਹਿਤ ਹਾਂ ਪਰ ਅਜੇ ਇਸ ਬਾਰੇ ਕੁਝ ਫਾਈਨਲ ਨਹੀਂ ਹੋਇਆ।
* 'ਹਾਲੀਡੇ' ਦੌਰਾਨ ਅਕਸ਼ੈ ਕੁਮਾਰ ਨਾਲ ਤੁਹਾਡੀ ਨੇੜਤਾ ਇੰਨੀ ਵਧ ਗਈ ਕਿ ਉਨ੍ਹਾਂ ਦੀ ਪਤਨੀ ਟਵਿੰਕਲ ਨੂੰ ਤੁਹਾਡੇ 'ਤੇ ਸ਼ੱਕ ਹੋਣ ਲੱਗਾ ਹੈ, ਇਸ ਲਈ ਉਨ੍ਹਾਂ ਨੇ ਅਕਸ਼ੈ ਨੂੰ ਤੁਹਾਡੇ ਨਾਲ ਕੰਮ ਨਾ ਕਰਨ ਦਾ ਫਰਮਾਨ ਜਾਰੀ ਕਰ ਦਿੱਤਾ ਹੈ?
—ਅਕਸ਼ੈ ਨਾਲ ਮੈਂ ਹੁਣ ਤਕ ਪੰਜ ਫ਼ਿਲਮਾਂ ਕੀਤੀਆਂ ਹਨ। ਉਨ੍ਹਾਂ ਵਿਚੋਂ 'ਜੋਕਰ' ਅਤੇ 'ਵਨਸ ਅਪੋਨ ਏ ਟਾਈਮ ਇਨ ਮੁੰਬਈ ਦੋਬਾਰਾ' ਨੂੰ ਛੱਡ ਕੇ ਸਭ ਨੂੰ ਕਾਫੀ ਚੰਗਾ ਹੁੰਗਾਰਾ ਮਿਲਿਆ ਹੈ। ਸਕ੍ਰੀਨ 'ਤੇ ਸਾਡੀ ਜੋੜੀ ਵਿਚਾਲੇ ਜ਼ਬਰਦਸਤ ਬਾਂਡਿੰਗ ਨਜ਼ਰ ਆਉਂਦੀ ਹੈ। ਦਰਸ਼ਕ ਸਾਨੂੰ ਸਭ ਤੋਂ ਵਧੇਰੇ ਪਸੰਦ ਕਰਦੇ ਹਨ। ਸਾਡੀ ਇਹ ਸਫਲਤਾ ਕੁਝ ਲੋਕਾਂ ਨੂੰ ਪਚ ਨਹੀਂ ਰਹੀ, ਇਸ ਲਈ ਇਹੋ ਜਿਹੀਆਂ ਪੁੱਠੀਆਂ-ਸਿੱਧੀਆਂ ਖ਼ਬਰਾਂ ਫੈਲਾ ਰਹੇ ਹਨ।
* ਤੁਸੀਂ 'ਤੇਵਰ' ਵਿਚ ਮਾਧੁਰੀ ਦੀਕਸ਼ਿਤ ਦੀ ਫ਼ਿਲਮ 'ਰਾਜਾ' ਦੇ 'ਅੱਖੀਆਂ ਮਿਲਾਊਂ' ਵਰਗਾ ਇਕ ਗੀਤ ਕੀਤਾ ਹੈ। ਉਸ ਬਾਰੇ ਕੁਝ ਦੱਸੋ।
—ਮੈਂ 'ਤੇਵਰ' ਵਿਚ ਅਰਜੁਨ ਕਪੂਰ ਨਾਲ ਮੇਨ ਫੀਮੇਲ ਲੀਡ ਕਰ ਰਹੀ ਹਾਂ। ਉਸ ਵਿਚ ਮੇਰਾ ਨਹੀਂ, ਸਗੋਂ ਸ਼ਰੁਤੀ ਹਾਸਨ ਦਾ ਆਈਟਮ ਹੈ। ਉਹ ਪਹਿਲੀ ਵਾਰ ਇਸ ਫ਼ਿਲਮ ਵਿਚ ਆਈਟਮ ਕਰ ਰਹੀ ਹੈ। ਸ਼ਰੁਤੀ ਨਾਲ ਹੀ ਰਣਬੀਰ ਕਪੂਰ ਦਾ ਵੀ ਫ਼ਿਲਮ ਵਿਚ ਕੈਮੀਓ ਹੈ।
* 'ਤੇਵਰ' ਵਿਚ ਅਰਜੁਨ ਕਪੂਰ ਨਾਲ ਕੰਮ ਕਰਨ ਦਾ ਤੁਹਾਡਾ ਅਨੁਭਵ ਕਿਹੋ ਜਿਹਾ ਰਿਹਾ?
—ਅਰਜੁਨ ਕਪੂਰ ਬੇਹੱਦ ਮਸਤੀ ਕਰਨ ਵਾਲਾ ਦੋਸਤਾਨਾ ਇਨਸਾਨ ਹੈ ਪਰ ਆਪਣੀ ਦੋਸਤੀ ਦਾ ਇਜ਼ਹਾਰ ਉਹ ਸ਼ਰੇਆਮ ਨਹੀਂ ਕਰਦਾ। ਉਹ ਸੈੱਟ 'ਤੇ ਸੀਰੀਅਸ ਹੀ ਰਹਿੰਦਾ ਹੈ। 'ਤੇਵਰ' ਉਸ ਦੇ ਡੈਡੀ ਦੀ ਫ਼ਿਲਮ ਹੈ। ਜੇਕਰ ਉਹ ਚਾਹੁੰਦਾ ਤਾਂ ਰੋਅਬ ਦਿਖਾਉਂਦਿਆਂ ਦੂਜਿਆਂ ਦੇ ਕੰਮ ਵਿਚ ਹਰ ਵੇਲੇ ਲੱਤ ਅੜਾ ਸਕਦਾ ਸੀ ਪਰ ਉਸ ਨੇ ਇੰਝ ਕਦੇ ਵੀ ਨਹੀਂ ਕੀਤਾ, ਸਗੋਂ ਉਹ ਫ਼ਿਲਮ ਕਰਦਿਆਂ ਠੀਕ ਤਰ੍ਹਾਂ ਪੇਸ਼ ਆਇਆ, ਜਿਵੇਂ ਉਹ ਕਿਸੇ ਦੂਜੇ ਦੀ ਫ਼ਿਲਮ ਹੋਵੇ।
* ਤੁਸੀਂ ਰਜਨੀਕਾਂਤ ਨਾਲ 'ਲਿੰਗਾ' ਕਰ ਰਹੇ ਹੋ। ਇਸ ਬਾਰੇ ਕੁਝ ਦੱਸੋ?
—ਕੇ. ਐੱਸ. ਰਵੀ ਕੁਮਾਰ ਵਲੋਂ ਨਿਰਦੇਸ਼ਿਤ ਐਕਸ਼ਨ ਡਰਾਮਾ 'ਤੇ ਆਧਾਰਿਤ ਤਮਿਲ ਵਿਚ ਬਣ ਰਹੀ ਇਸ ਫ਼ਿਲਮ ਨੂੰ ਲੈ ਕੇ ਮੈਂ ਕਾਫੀ ਉਤਸ਼ਾਹਿਤ ਹਾਂ ਕਿਉਂਕਿ ਇਸ ਰਾਹੀਂ ਮੈਂ ਸਾਊਥ ਵਿਚ ਡੈਬਿਊ ਕਰਨ ਵਾਲੀ ਹਾਂ। ਹੁਣੇ ਜਿਹੇ ਇਸ ਦਾ ਦੂਜਾ ਸ਼ੈਡਿਊਲ ਪੂਰਾ ਹੋਇਆ ਹੈ। ਰਜਨੀ ਸਰ ਦੇ ਜਨਮ ਦਿਨ 'ਤੇ 12 ਦਸੰਬਰ ਦੇ ਲੱਗਭਗ ਫ਼ਿਲਮ ਨੂੰ ਰਿਲੀਜ਼ ਕਰਨ ਦੀ ਤਿਆਰੀ ਹੈ।
* ਰਣਵੀਰ ਸਿੰਘ ਨਾਲ ਤੁਹਾਡੇ ਰੋਮਾਂਟਿਕ ਲਿੰਕਅੱਪ ਤੋਂ ਕਾਫੀ ਅਰਸੇ ਬਾਅਦ ਹੁਣ ਤੁਹਾਡਾ ਨਾਂ ਸ਼ਾਹਿਦ ਕਪੂਰ ਨਾਲ ਜੁੜ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਤੁਸੀਂ ਅੱਜਕਲ ਉਸ ਨਾਲ ਖੂਬ ਡੇਟਿੰਗ ਕਰ ਰਹੇ ਹੋ?
—ਸ਼ਾਹਿਦ ਅਤੇ ਮੈਂ ਕਾਫੀ ਚੰਗੇ ਦੋਸਤ ਹਾਂ। ਸਾਡੀ ਇਹ ਦੋਸਤੀ ਲੋਕਾਂ ਨੂੰ ਸਾਫ ਨਜ਼ਰ ਆ ਰਹੀ ਹੈ। ਮੈਨੂੰ ਸਮਝ ਨਹੀਂ ਆ ਰਹੀ ਕਿ ਸ਼ਾਹਿਦ ਨਾਲ ਮੇਰੀ ਡੇਟਿੰਗ ਦੀ ਗੱਲ ਕਿਉਂ ਕਹੀ ਜਾ ਰਹੀ ਹੈ, ਜਦਕਿ ਅਸੀਂ ਦੋਵੇਂ ਕੰਮ ਦੇ ਰੁਝੇਵਿਆਂ ਕਾਰਨ ਕਈ-ਕਈ ਹਫਤਿਆਂ ਤਕ ਮਿਲਦੇ ਨਹੀਂ।
* ਸ਼ਾਹਿਦ ਨਾ ਸਹੀ ਪਰ ਕੀ ਕਦੇ ਕਿਸੇ ਹੋਰ ਇਨਸਾਨ ਨਾਲ ਡੇਟਿੰਗ ਕੀਤੀ ਹੈ?
—ਮੈਂ ਝੂਠ ਨਹੀਂ ਬੋਲਾਂਗੀ। ਇਹ ਬਿਲਕੁਲ ਸੱਚ ਹੈ ਕਿ ਪਹਿਲਾਂ ਮੈਂ ਡੇਟਿੰਗ ਕਰ ਚੁੱਕੀ ਹਾਂ ਪਰ ਆਪਣੇ ਕਿਸੇ ਕੋ-ਐਕਟਰ ਨਾਲ ਨਹੀਂ ਕਿਉਂਕਿ ਉਨ੍ਹਾਂ ਨਾਲ ਰਿਲੇਸ਼ਨ ਹੋਣ ਨਾਲ ਮਾਮਲਾ ਥੋੜ੍ਹਾ ਉਲਝ ਜਾਂਦਾ ਹੈ। ਥੋੜ੍ਹੀ ਦੇਰ ਲਈ ਮੰਨ ਲਓ ਕਿ ਤੁਹਾਡਾ ਕਿਸੇ ਨਾਲ ਚੱਕਰ ਹੈ ਅਤੇ ਭਲਕ ਨੂੰ ਬੁਰੇ ਹਾਲਾਤ ਵਿਚ ਤੁਹਾਡਾ ਬ੍ਰੇਕਅੱਪ ਹੋ ਜਾਂਦਾ ਹੈ ਤਾਂ ਫਿਰ ਤੁਸੀਂ ਉਸ ਇਨਸਾਨ ਨਾਲ ਕਦੇ ਕੰਮ ਨਹੀਂ ਕਰ ਸਕੋਗੇ। ਫਿਰ ਕੀ ਮਤਲਬ ਇਸ ਦਾ। ਬਿਹਤਰ ਤਾਂ ਇਹੀ ਹੈ ਕਿ ਤੁਸੀਂ ਜਿਸ ਨਾਲ ਕੰਮ ਕਰਦੇ ਹੋ, ਉਸ ਨਾਲ ਪ੍ਰੋਫੈਸ਼ਨਲ ਰਿਸ਼ਤਾ ਹੀ ਰੱਖੋ। ਨਿੱਜੀ ਅਤੇ ਪ੍ਰੋਫੈਸ਼ਨਲ ਰਿਸ਼ਤਿਆਂ ਨੂੰ ਰਲਾਉਣ ਪਿੱਛੋਂ ਹੀ ਅਸਲ ਸਮੱਸਿਆ ਸ਼ੁਰੂ ਹੁੰਦੀ ਹੈ।
ਦਮਦਾਰ ਅਦਾਕਾਰੀ ਲਈ ਮਸ਼ਹੂਰ ਸੀ ਸਮਿਤਾ ਪਾਟਿਲ
NEXT STORY