ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸ ਫਰੀਦਕੋਟ ਦੇ ਸੈਨੇਟ ਹਾਲ ਵਿਚ ਪ੍ਰਭਾਵਸ਼ਾਲੀ ਕਵੀ ਦਰਬਾਰ ਹੋਇਆ। ਸ਼ੇਖ ਫਰੀਦ ਦੀ ਆਗਮਨ ਯਾਦ ਨੂੰ ਸਮਰਪਿਤ ਕਵੀ ਦਰਬਾਰ ਦੀ ਸ਼ਮ੍ਹਾ ਰੌਸ਼ਨ ਪਦਮਸ਼੍ਰੀ ਸੁਰਜੀਤ ਪਾਤਰ, ਦੀਪ ਮਲਹੋਤਰਾ ਐੱਮ. ਐੱਲ. ਏ. ਫਰੀਦਕੋਟ, ਸ਼੍ਰੀ ਹੁਸਨ ਲਾਲ ਸਕੱਤਰ ਮੈਡੀਕਲ ਐਜੂਕੇਸ਼ਨ, ਸ਼੍ਰੀ ਮੁਹੰਮਦ ਤਾਇਅਬ ਡਿਪਟੀ ਕਮਿਸ਼ਨਰ ਫਰੀਦਕੋਟ, ਡਾ. ਐੱਸ. ਐੱਸ. ਗਿੱਲ ਵਾਈਸ ਚਾਂਸਲਰ ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸ ਅਤੇ ਸ਼੍ਰੀ ਉਪਿੰਦਰ ਸ਼ਰਮਾ (ਸਾਬਕਾ ਜੇਲ ਮੰਤਰੀ ਪੰਜਾਬ) ਨੇ ਕੀਤੀ।
ਇਸ ਮੌਕੇ ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਐੱਸ. ਐੱਸ. ਗਿੱਲ ਨੇ ਸਮੂਹ ਮਹਿਮਾਨਾਂ ਤੇ ਸਰੋਤਿਆਂ ਨੂੰ ਨਿੱਘੀ ਜੀ ਆਇਆਂ ਕਿਹਾ। ਕਵੀ ਦਰਬਾਰ ਦਾ ਆਰੰਭ ਕਰਦਿਆਂ ਡਾ. ਦੇਵਿੰਦਰ ਸੈਫ਼ੀ ਨੇ ਪੰਜਾਬੀ ਸੂਫ਼ੀ ਸ਼ਾਇਰੀ ਦੀ ਵਿਲੱਖਣ ਪਰੰਪਰਾ ਬਾਰੇ ਮੁੱਢਲੀ ਜਾਣ-ਪਛਾਣ ਕਰਵਾਉਂਦਿਆਂ ਅਜੋਕੀ ਸ਼ਾਇਰੀ ਤੇ ਪ੍ਰਮੁੱਖ ਸ਼ਾਇਰਾਂ ਬਾਰੇ ਰੋਸ਼ਨੀ ਪਾਈ।
ਪਹੁੰਚੇ ਹੋਏ ਸ਼ਾਇਰਾਂ ਦੀ ਵਿਲੱਖਣਤਾ ਬਾਰੇ ਦੱਸਦਿਆਂ ਡਾ. ਸੈਫ਼ੀ ਨੇ ਸਰੋਤਿਆਂ ਅਤੇ ਸ਼ਾਇਰਾਂ ਵਿਚਕਾਰ ਅਹਿਮ ਸੂਤਰਧਾਰ ਵਜੋਂ ਭੂਮਿਕਾ ਨਿਭਾਈ। ਮੁੱਢਲੇ ਦੌਰ ਦੌਰਾਨ ਸ਼੍ਰੀ ਫਰਤੂਲ ਚੰਦ ਫੱਕਰ ਦੇ ਦੋਹਿਆਂ, ਪਿੰ੍ਰਸੀਪਲ ਅਵਤਾਰ ਸਿੰਘ ਸਿੱਧੂ ਦੀ ਕਟਾਕਸ਼ੀ ਗ਼ਜ਼ਲ, ਮਨਜੀਤ ਇੰਦਰ ਅਤੇ ਦਰਸ਼ਨ ਬੁੱਟਰ ਦੇ ਸੁਰੀਲੇ ਅੰਦਾਜ਼ ਨੂੰ ਭਰਪੂਰ ਦਾਦ ਮਿਲੀ। ਇਸ ਉਪਰੰਤ ਸ਼੍ਰੀ ਵਿਜੇ ਵਿਵੇਕ ਅਤੇ ਸ਼੍ਰੀ ਗੁਰਤੇਜ ਕੋਹਾਰਵਾਲਾ ਨੇ ਅਜੋਕੇ ਮਨੁੱਖ ਦੀ ਵਿਡੰਬਨਾ ਨੂੰ ਪੇਸ਼ ਕਰਦੀਆਂ ਗ਼ਜ਼ਲਾਂ ਪੇਸ਼ ਕੀਤੀਆਂ। ਇਸ ਮੌਕੇ ਸੁਖਵਿੰਦਰ ਅੰਮ੍ਰਿਤ, ਮਨਰੀਤ ਕੌਰ ਨੇ ਨਾਰੀ ਸੰਵੇਦਨਾ ਅਤੇ ਮੁਹੱਬਤੀ ਵੇਦਨਾ ਵਾਲੀਆਂ ਰਚਨਾਵਾਂ ਪੇਸ਼ ਕੀਤੀਆਂ।
ਸਰੋਤਿਆਂ ਦੀਆਂ ਭਰਪੂਰ ਤਾਲੀਆਂ ਦੀ ਗੂੰਜ ਵਿਚ ਸੁਰਜੀਤ ਪਾਤਰ ਨੇ ਆਪਣੀਆਂ ਰਚਨਾਵਾਂ ਰਾਹੀਂ ਸਭ ਨੂੰ ਮੰਤਰਮੁਗਧ ਕਰੀ ਰੱਖਿਆ।
ਇਸੇ ਦੌਰਾਨ ਪਾਕਿਸਤਾਨੀ ਸ਼ਾਇਰਾਂ ਬਾਬਾ ਨਜ਼ਮੀ ਅਤੇ ਤੁਜੰਮਲ ਕਲੀਮ ਹੋਰਾਂ ਨੂੰ ਸਰੋਤਿਆਂ ਵਲੋਂ ਆਨਲਾਈਨ ਸੁਣਿਆ ਗਿਆ। ਇਸ ਤੋਂ ਬਾਅਦ ਸ਼ਾਇਰਾਂ ਅਤੇ ਸਰੋਤਿਆਂ ਦੀ ਪੁਰਜ਼ੋਰ ਮੰਗ ਉੱਪਰ ਡਾ. ਦੇਵਿੰਦਰ ਸੈਫ਼ੀ ਨੇ ਬਾਬਾ ਫਰੀਦ ਦੀ ਬਾਣੀ ਨਾਲ ਸੰਵਾਦ ਰਚਾਉਂਦੀ ਆਪਣੀ ਕਵਿਤਾ ਸੁਣਾ ਕੇ ਭਰਪੂਰ ਹੁੰਗਾਰਾ ਹਾਸਲ ਕੀਤਾ।
ਇਸੇ ਦੌਰਾਨ ਯੂਨੀਵਰਸਿਟੀ ਦੇ ਕੰਟਰੋਲਰ (ਪ੍ਰੀਖਿਆਵਾਂ) ਡਾ. ਰਵਿੰਦਰ ਕੌਰ ਸ਼ੁਕਲਾ ਨੇ ਪ੍ਰੋਗਰਾਮ ਦੇ ਮੁੱਖ ਪ੍ਰਬੰਧਕਾਂ ਡਾ. ਰਾਜੀਵ ਮਿਨਹਾਸ, ਡਾ. ਦੇਵਿੰਦਰ ਸੈਫ਼ੀ ਅਤੇ ਮੈਡਮ ਮਨਰੀਤ ਕੌਰ ਅਤੇ ਆਏ ਹੋਏ ਸ਼ਾਇਰਾਂ, ਮਹਿਮਾਨਾਂ ਤੇ ਸਰੋਤਿਆਂ ਦਾ ਉਚੇਚਾ ਧੰਨਵਾਦ ਕੀਤਾ।ਅੰਤ ਵਿਚ ਮੁੱਖ ਮਹਿਮਾਨ ਸ਼੍ਰੀ ਹੁਸਨ ਲਾਲ ਅਤੇ ਮੈਂਬਰ ਪਾਰਲੀਮੈਂਟ ਫਰੀਦਕੋਟ ਪ੍ਰੋ. ਸਾਧੂ ਸਿੰਘ ਨੇ ਆਯੋਜਕਾਂ ਤੇ ਪ੍ਰਬੰਧਕਾਂ ਤੇ ਸ਼ਾਇਰਾਂ ਨੂੰ ਉੱਚ ਮਹਿਫਿਲ ਦਾ ਆਯੋਜਨ ਕਰਨ ਦੀ ਉਚੇਚੀ ਵਧਾਈ ਦਿੰਦਿਆਂ ਉਨ੍ਹਾਂ ਨੂੰ ਸਨਮਾਨ ਚਿੰਨ੍ਹ ਭੇਟ ਕੀਤੇ।
ਹੁਮੈਮਾ ਨੂੰ ਮਿਲਿਆ ਸਕੂਨ
NEXT STORY