'ਮੇਕ ਇਨ ਇੰਡੀਆ' ਵਾਲੀ ਗੱਲ ਸੁਣ ਕੇ ਬਹੁਤ ਸਾਰੇ ਇੰਡੀਅਨ ਇੰਨੇ ਜ਼ਿਆਦਾ ਖੁਸ਼ ਹਨ ਕਿ ਉਹ ਚਾਹੁੰਦੇ ਹਨ ਕਿ ਛੇਤੀ ਤੋਂ ਛੇਤੀ ਹਰੇਕ ਚੀਜ਼ ਭਾਰਤ ਵਿਚ ਹੀ ਤਿਆਰ ਹੋਣ ਲੱਗ ਪਏ। ਸਾਨੂੰ ਕੋਈ ਵੀ ਚੀਜ਼ ਬਾਹਰੋਂ, ਯਾਨੀ ਵਿਦੇਸ਼ਾਂ 'ਚੋਂ ਨਾ ਮੰਗਵਾਉਣੀ ਪਵੇ ਪਰ ਛੇਤੀ-ਛੇਤੀ ਹਰੇਕ ਚੀਜ਼ ਕਿਵੇਂ ਬਣ ਸਕਦੀ ਹੈ? 'ਮੇਕ ਇਨ ਇੰਡੀਆ' ਵਾਲੀ ਗੱਲ ਹਰੇਕ ਖੇਤਰ ਵਿਚ ਜਲਦੀ-ਜਲਦੀ ਸੰਭਵ ਕਿਵੇਂ ਹੋ ਸਕਦੀ ਹੈ? ਬੱਚਾ ਪੈਦਾ ਕਰਨ ਵਿਚ ਹੀ 9 ਮਹੀਨਿਆਂ ਦਾ ਸਮਾਂ ਲੱਗ ਜਾਂਦਾ ਹੈ, ਫਿਰ ਬੱਚਿਆਂ, ਔਰਤਾਂ, ਗੱਭਰੂਆਂ, ਮੁਟਿਆਰਾਂ, ਮਰਦਾਂ, ਬਜ਼ੁਰਗਾਂ ਦੇ ਵਰਤਣ ਵਾਲੀਆਂ ਵੱਖ-ਵੱਖ ਤਰ੍ਹਾਂ ਦੀਆਂ ਇੰਨੀਆਂ ਜ਼ਿਆਦਾ ਚੀਜ਼ਾਂ ਹੁੰਦੀਆਂ ਹਨ ਕਿ 'ਮੇਕ ਇਨ ਇੰਡੀਆ' ਦੇ ਖਿਆਲ ਨੂੰ ਅਮਲੀ ਜਾਮਾ ਪਹਿਨਾਉਣ ਨੂੰ ਖਾਸਾ ਵਕਤ ਚਾਹੀਦਾ ਹੁੰਦਾ ਹੈ। ਕਈ ਇੰਡੀਅਨਜ਼ ਦਾ ਕਹਿਣਾ ਹੈ, ''ਮੇਕ ਇਨ ਇੰਡੀਆ ਕਾ ਖਿਆਲ ਤੋ ਅੱਛਾ ਹੈ। ਇੰਡੀਆ ਮੇਂ ਹੀ ਬਨੇ ਸਬ ਮਾਲ ਤੋ ਅੱਛਾ ਹੈ।''
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 'ਮੇਕ ਇਨ ਇੰਡੀਆ' ਦੇ ਨਾਅਰੇ, ਹੋਕੇ ਨੂੰ ਸੁਣ ਕੇ ਕਿਸੇ ਨੂੰ ਇਹ ਸ਼ੱਕ ਕਰਨਾ ਨਹੀਂ ਚਾਹੀਦਾ ਕਿ ਜਿਵੇਂ ਭਾਰਤ ਵਿਚ ਕੁਝ ਬਣਦਾ ਹੀ ਨਾ ਹੋਵੇ। ਇਸ ਦੇਸ਼ ਵਿਚ ਬਹੁਤ ਕੁਝ ਬਣਦਾ ਹੈ। ਬਹੁਤ ਕੁਝ ਆਪੇ ਹੀ ਬਣ ਜਾਂਦਾ ਹੈ, ਬਣਾਉਣਾ ਨਹੀਂ ਪੈਂਦਾ। ਦੰਗੇ-ਫ਼ਸਾਦਾਂ ਦਾ ਮੌਕਾ ਕਦੋਂ ਬਣ ਜਾਵੇ, ਫਿਰਕੂ ਤਣਾਅ ਦਾ ਮਾਹੌਲ ਕਦੋਂ ਬਣ ਜਾਵੇ....ਕੁਝ ਕਿਹਾ ਨਹੀਂ ਜਾ ਸਕਦਾ। ਕਿਸੇ ਔਰਤ ਨਾਲ ਜਬਰ-ਜ਼ਨਾਹ ਦਾ ਹਾਦਸਾ ਕਦੋਂ ਵਾਪਰ ਜਾਵੇ, ਕਿਸੇ ਦਾ ਮਾਸੂਮ ਬੱਚਾ ਫਿਰੌਤੀ ਵਾਸਤੇ ਕਦੋਂ ਅਗ਼ਵਾ ਕਰ ਲਿਆ ਜਾਵੇ, ਕਿਸੇ ਬੇਕਸੂਰ ਨੌਜਵਾਨ ਨੂੰ ਝੂਠਾ ਪੁਲਸ ਮੁਕਾਬਲਾ ਬਣਾ ਕੇ ਕਦੋਂ ਮਾਰ ਦਿੱਤਾ ਜਾਵੇ.....ਕੁਝ ਕਿਹਾ ਨਹੀਂ ਜਾ ਸਕਦਾ। ਆਪੇ ਹੀ ਰੋਡ ਜਾਮ ਕਦੋਂ ਹੋ ਜਾਵੇ, ਕਦੋਂ ਕੋਈ ਸੜਕ ਹਾਦਸਾ, ਰੇਲ ਹਾਦਸਾ ਵਾਪਰ ਜਾਵੇ, ਕਦੋਂ ਕਿਸੇ ਚੱਲਦੇ ਤੇਜ਼ ਰਫ਼ਤਾਰ ਟਰੱਕ, ਟਰਾਲੇ ਦਾ ਕਾਰ-ਜੀਪ ਦਾ ਟਾਇਰ ਖ਼ੁਦ ਹੀ ਖੁੱਲ੍ਹ ਜਾਵੇ, ਬ੍ਰੇਕ ਫੇਲ ਹੋ ਜਾਵੇ ਜਾਂ ਸਟੇਅਰਿੰਗ ਜਾਮ ਜਾਂ ਫ੍ਰੀ ਹੋ ਜਾਵੇ, ਇਹਦੇ ਬਾਰੇ ਵੀ ਕੁਝ ਕਿਹਾ ਨਹੀਂ ਜਾ ਸਕਦਾ। ਕਦੋਂ ਲੀਹ ਤੋਂ ਗੱਡੀ ਥੱਲੇ ਲਹਿ ਜਾਵੇ, ਕੀ ਪਤਾ?
ਕਦੋਂ ਕੋਈ ਠੱਗ ਨੇਤਾ ਮਹਾਠੱਗ, ਠੱਗਣੀ ਨੇਤਣੀ ਮਹਾਠੱਗ, ਮਹਾਨੇਤਣੀ ਬਣ ਜਾਵੇ....ਕੀ ਕਿਹਾ ਜਾ ਸਕਦਾ ਹੈ? ਕਦੋਂ ਕੋਈ ਭ੍ਰਿਸ਼ਟ ਨੌਕਰਸ਼ਾਹ, ਅਫ਼ਸਰ, ਮੁਲਾਜ਼ਮ ਆਦਿ ਮਹਾਭ੍ਰਿਸ਼ਟ ਬਣ ਜਾਵੇ....ਇਹਦੇ ਬਾਰੇ ਵੀ ਸਾਰੇ ਅੰਦਾਜ਼ੇ ਫੇਲ ਹੋ ਜਾਂਦੇ ਹਨ। 'ਮੇਕ ਇਨ ਇੰਡੀਆ' ਮੁਹਿੰਮ ਦੇ ਤਹਿਤ ਭਾਰਤ 'ਚ ਤਿਆਰਸ਼ੁਦਾ ਚੀਜ਼ਾਂ ਬਰਾਮਦ (ਨਿਰਯਾਤ) ਕਰਕੇ ਚੋਖਾ ਧਨ ਕਮਾਇਆ ਜਾ ਸਕਦਾ ਹੈ। ਕੀ ਆਪਣੇ ਮੁਲਕ ਦੇ ਮਹਾਠੱਗ ਲੀਡਰ, ਮਹਾਭ੍ਰਿਸ਼ਟ ਨੌਕਰਸ਼ਾਹ, ਅਫਸਰ, ਕਰਮਚਾਰੀ, ਮਹਾਮੁਨਾਫਾਖੋਰ, ਚੋਰ, ਲੁਟੇਰੇ ਆਦਿ ਵਿਦੇਸ਼ਾਂ ਨੂੰ ਭੇਜ ਕੇ ਆਪਣੇ ਦੇਸ਼ 'ਚੋਂ ਕਈ ਤਰ੍ਹਾਂ ਦੀ ਗੰਦਗੀ ਦਾ ਸਫਾਇਆ ਨਹੀਂ ਕੀਤਾ ਜਾ ਸਕਦਾ? ਫਿਰ ਦੱਸੋ, ਸੜਕਾਂ ਤੇ ਗਲੀਆਂ, ਬਾਜ਼ਾਰਾਂ 'ਚ ਝਾੜੂ ਫੇਰ-ਫੇਰ ਕੇ ਹੀ 'ਸਵੱਛ ਭਾਰਤ' ਦੀ ਮੁਹਿੰਮ ਨੂੰ ਕਿਵੇਂ ਸਫਲ ਬਣਾਇਆ ਜਾ ਸਕਦਾ ਹੈ? 'ਮੇਕ ਇਨ ਇੰਡੀਆ' ਮੁਹਿੰਮ ਦੇ ਨਾਲ-ਨਾਲ 'ਸਵੱਛ ਭਾਰਤ' ਦੀ ਮੁਹਿੰਮ ਵੀ ਜ਼ੋਰ-ਸ਼ੋਰ ਨਾਲ ਚੱਲਦੀ ਰਹਿਣੀ ਚਾਹੀਦੀ ਹੈ।
ਅਸੀਂ ਕਾਫੀ ਅਰਸਾ ਪਹਿਲਾਂ ਕੰਪਿਊਟਰ, ਸੁਪਰ ਕੰਪਿਊਟਰ, ਸੁਪਰ ਕੰਡਕਟਰ, ਉਪਗ੍ਰਹਿ, ਟੈਂਕ ਆਦਿ ਬਣਾਉਣ 'ਚ ਕਾਮਯਾਬ ਹੋ ਚੁੱਕੇ ਹਾਂ। ਆਪਣੇ ਉਪਗ੍ਰਹਿ ਪੁਲਾੜ 'ਚ ਸਫਲਤਾਪੂਰਵਕ ਛੱਡਣ ਦੇ ਨਾਲ-ਨਾਲ ਦੂਜੇ ਦੇਸ਼ਾਂ ਦੇ ਉਪਗ੍ਰਹਿ ਵੀ ਪੁਲਾੜ ਵਿਚ ਭੇਜਦੇ ਰਹਿੰਦੇ ਹਾਂ। ਅਸੀਂ ਦੁਨੀਆ ਦਾ ਸਭ ਤੋਂ ਛੋਟਾ ਤੇ ਸਸਤਾ ਕੰਪਿਊਟਰ 'ਆਕਾਸ਼' ਵੀ ਬਣਾਇਆ ਹੈ। ਸਾਡੇ ਮਹਾਨ ਪੁਲਾੜ ਵਿਗਿਆਨੀਆਂ ਨੇ ਭਾਰਤ 'ਚ 450 ਕਰੋੜ ਰੁਪਿਆਂ ਦੀ ਲਾਗਤ ਨਾਲ ਤਿਆਰ ਕੀਤਾ 'ਮੰਗਲਯਾਨ' 66 ਕਰੋੜ ਮੀਲ ਦੂਰ ਮੰਗਲ ਗ੍ਰਹਿ ਦੇ ਪੰਧ 'ਚ ਉਤਾਰਨ 'ਚ ਪਹਿਲੀ ਕੋਸ਼ਿਸ਼ ਵਿਚ ਹੀ ਕਾਮਯਾਬ ਹੋ ਕੇ ਭਾਰਤ ਦਾ ਨਾਂ ਰੌਸ਼ਨ ਕਰ ਦਿੱਤਾ ਹੈ। ਸਾਡੀ ਪੂਰੀ ਦੁਨੀਆ ਵਿਚ ਬੱਲੇ-ਬੱਲੇ ਹੋ ਰਹੀ ਹੈ। ਇਹ ਕਾਰਨਾਮਾ(ਪਹਿਲੀ ਕੋਸ਼ਿਸ਼ 'ਚ ਹੀ ਕਾਮਯਾਬ ਹੋਣਾ) ਅਮਰੀਕਾ, ਰੂਸ, ਯੂਰਪ, ਚੀਨ ਵਰਗੇ ਦੇਸ਼ਾਂ ਦੇ ਵਿਗਿਆਨੀ ਵੀ ਕਰਕੇ ਨਹੀਂ ਵਿਖਾ ਸਕੇ।
'ਮੇਕ ਇਨ ਇੰਡੀਆ' ਦਾ ਆਈਡੀਆ ਕਿਤੇ ਸ਼ੇਖਚਿੱਲੀ ਦਾ ਆਈਡੀਆ ਨਾ ਸਿੱਧ ਹੋ ਜਾਵੇ। ਇਸ ਲਈ ਸੰਜੀਦਾ ਯਤਨ, ਮਿਹਨਤ, ਲਗਨ ਤੇ ਕਈ ਖੇਤਰਾਂ ਵਿਚ ਖੋਜ ਕਰਨ ਦੀ ਲੋੜ ਹੈ, ਸਿਰਫ ਗੱਲਾਂ-ਬਾਤਾਂ ਨਾਲ 'ਮੇਕ ਇਨ ਇੰਡੀਆ' ਦਾ ਪੁਲਾਓ ਨਹੀਂ ਪਕਾਇਆ ਜਾ ਸਕਦਾŒ। ਨਾਅਰੇ ਤੇ ਹੋਕੇ ਨਾਲ ਹੀ ਇਸ ਵਿਚਾਰ ਨੂੰ ਸਿਰੇ ਨਹੀਂ ਚੜ੍ਹਾਇਆ ਜਾ ਸਕਦਾ ਹੈ। ਚੀਨ, ਜਾਪਾਨ, ਅਮਰੀਕਾ, ਰੂਸ, ਇੰਗਲੈਂਡ, ਜਰਮਨੀ, ਫਰਾਂਸ, ਇਟਲੀ ਆਦਿ ਕਈ ਦੇਸ਼ ਆਪਣਾ ਕਈ ਤਰ੍ਹਾਂ ਦਾ ਸਾਮਾਨ ਸਾਡੇ ਬਾਜ਼ਾਰਾਂ 'ਚ ਭੇਜ-ਭੇਜ ਕੇ ਸਾਡੇ ਸਿਰ 'ਤੇ ਚੜ੍ਹੇ ਹੋਏ ਹਨ। ਹੁਣ ਤਾਂ ਇਥੇ ਕਈ ਵਿਦੇਸ਼ੀ ਮਾਲਜ਼, ਸੁਪਰ ਸਟੋਰ, ਪਲਾਜ਼ਾ ਆਦਿ ਵੀ ਖੁੱਲ੍ਹ ਚੁੱਕੇ ਹਨ, ਜਿਨ੍ਹਾਂ ਨੇ ਸਾਡੇ ਵਪਾਰੀਆਂ ਦਾ, ਕਾਰੋਬਾਰੀਆਂ ਦਾ ਕਾਫ਼ੀਆ ਤੰਗ ਕਰ ਦਿੱਤਾ ਹੈ। ਹੱਥ ਤੰਗ ਕਰ ਦਿੱਤਾ ਹੈ। ਰੋਜ਼ਗਾਰਾਂ ਲਈ ਰਾਹ ਬੰਦ ਕਰ ਦਿੱਤਾ ਹੈ। 'ਮੇਕ ਇਨ ਇੰਡੀਆ' ਮੁਹਿੰਮ ਨੂੰ ਕਾਮਯਾਬ ਕਰਨ ਲਈ ਪੂੰਜੀ ਨਿਵੇਸ਼ ਕਰਨ ਦੀ ਲੋੜ ਹੈ ਤੇ ਪੂੰਜੀ ਪੂੰਜੀਪਤੀਆਂ ਕੋਲ ਹੀ ਹੁੰਦੀ ਹੈ, ਟੱਟਪੂੰਜੀਆਂ ਕੋਲ ਨਹੀਂ। ਪੂੰਜੀ ਤਾਂ ਟੱਟਪੂੰਜੀਆਂ ਨੂੰ ਦੂਰੋਂ ਹੀ 'ਟਾ-ਟਾ' ਕਰਕੇ ਟੁਰ ਜਾਂਦੀ ਹੈ। ਹੁਣ ਤਕ ਜਿੰਨੇ ਵੀ ਭਾਰਤੀ ਸਰਮਾਏਦਾਰਾਂ ਨੇ ਪੂੰਜੀ ਨਿਵੇਸ਼ ਕੀਤਾ ਹੈ, ਉਨ੍ਹਾਂ 'ਚੋਂ ਵਧੇਰੇ ਆਪਣਾ ਮੁਨਾਫ਼ਾ ਵਿਦੇਸ਼ਾਂ ਨੂੰ ਲੈ ਜਾਂਦੇ ਹਨ ਤੇ ਵਿਦੇਸ਼ੀ ਬੈਂਕਾਂ 'ਚ ਆਪਣੇ ਕਰੰਸੀ ਨੋਟ ਜਮ੍ਹਾ ਕਰਵਾ ਦਿੰਦੇ ਹਨ। ਉਹ ਸਰਕਾਰ ਕੋਲੋਂ ਸਹੂਲਤਾਂ, ਰਿਆਇਤਾਂ ਲੈ ਕੇ, ਸਸਤੀ ਮਜ਼ਦੂਰੀ ਤੇ ਸਸਤੇ ਕੱਚੇ ਮਾਲ ਦਾ ਲਾਭ ਲੈ ਕੇ ਆਪਣਾ ਸਾਮਾਨ ਤਾਂ ਭਾਰਤ 'ਚ ਤਿਆਰ ਕਰਦੇ ਹਨ ਤੇ ਮੁਨਾਫ਼ਾ ਸਾਰਾ ਬਾਹਰ ਭੇਜ ਦਿੰਦੇ ਹਨ। ਵਿਦੇਸ਼ੀ ਬਹੁਰਾਸ਼ਟਰੀ ਕੰਪਨੀਆਂ ਵੀ ਇੰਝ ਹੀ ਕਰਦੀਆਂ ਹਨ ਤੇ ਉਹ ਵੀ ਭਾਰਤੀ ਮਜ਼ਦੂਰਾਂ, ਕਾਮਿਆਂ ਦਾ ਰੱਜ ਕੇ, ਦੱਬ ਕੇ ਸ਼ੋਸ਼ਣ ਕਰਦੀਆਂ ਹਨ। ਸਿਰਫ 'ਮੇਕ ਇਨ ਇੰਡੀਆ' ਨਾਅਰੇ ਨਾਲ ਹੀ ਗੱਲ ਨਹੀਂ ਬਣਨੀ। ਇਹਦੇ ਨਾਲ 'ਸੇਵ ਇੰਡੀਆ' ਤੇ 'ਸੇਫ਼ ਇਨ ਇੰਡੀਆ' ਦਾ ਨਾਅਰਾ ਵੀ ਲਾਉਣਾ ਪਵੇਗਾ। ਕਰੋੜਾਂ ਭਾਰਤੀਆਂ ਦੇ ਹੱਕਾਂ 'ਤੇ ਪਹਿਰਾ ਦੇਣਾ ਪਵੇਗਾ।