ਅੱਠ ਸਾਲ ਹੋ ਗਏ ਸਨ, ਦੀਦਾਰ ਸਿੰਘ ਨੂੰ ਆਪਣੀ ਪਤਨੀ ਨਸੀਬ ਅਤੇ ਬੱਚਿਆਂ ਨਾਲ ਅਮਰੀਕਾ ਆਇਆਂ। ਨਸੀਬ ਦੀ ਭੈਣ ਦਾ ਚੰਗਾ ਕਾਰੋਬਾਰ ਸੀ ਅਮਰੀਕਾ ਵਿਚ। ਉਸ ਨੇ ਹੀ ਆਪਣੀ ਛੋਟੀ ਭੈਣ ਨਸੀਬ ਅਤੇ ਉਸ ਦੇ ਪਰਿਵਾਰ ਨੂੰ ਅਮਰੀਕਾ ਸੱਦਿਆ ਸੀ। ਨਸੀਬ ਦੀ ਭੈਣ ਬਚਨ ਕੌਰ ਦੇ ਤਿੰਨ ਸਟੋਰ ਅਤੇ ਦੋ ਪੈਟਰੋਲ ਪੰਪ ਸਨ ਅਮਰੀਕਾ ਵਿਚ। ਖੂਬ ਕਮਾਈ ਸੀ ਉਸ ਨੂੰ ਇਨ੍ਹਾਂ ਤੋਂ। ਕੰਮ ਬਹੁਤ ਜ਼ਿਆਦਾ ਸੀ ਪਰ ਕੰਮ ਕਰਨ ਵਾਲੇ ਇੰਪਲਾਈ ਘੱਟ ਸਨ। ਉਹ ਬਾਹਰ ਦੇ ਕਿਸੇ ਆਦਮੀ ਨੂੰ ਕੰਮ 'ਤੇ ਨਹੀਂ ਰੱਖਣਾ ਚਾਹੁੰਦੇ ਸਨ। ਉਨ੍ਹਾਂ ਨੂੰ ਅਜਿਹੇ ਬੰਦਿਆਂ ਦੀ ਲੋੜ ਸੀ, ਜੋ ਉਨ੍ਹਾਂ ਦੇ ਆਪਣੇ ਹੋਣ ਅਤੇ ਹਮੇਸ਼ਾ ਉਨ੍ਹਾਂ ਕੋਲ ਰਹਿ ਕੇ ਉਨ੍ਹਾਂ ਦਾ ਬਿਜ਼ਨੈੱਸ ਸਾਂਭਣ। ਬਚਨੋ ਨੂੰ ਕਈ ਵਰ੍ਹੇ ਹੋ ਗਏ ਸਨ ਨਸੀਬ ਦਾ ਅਮਰੀਕਾ ਦਾ ਕੰਮ ਬਣਾਉਂਦਿਆਂ ਪਰ ਹਰ ਵਾਰ ਅੰਬੈਸੀ ਰਿਜੈਕਸ਼ਨ ਲਾ ਕੇ ਭੇਜ ਦਿੰਦੀ। ਸਪਾਂਸਰ ਵੀ ਚੰਗੀ ਸੀ, ਨਸੀਬ ਅਤੇ ਦੀਦਾਰ ਦੋਵੇਂ ਕਾਲਜ ਵਿਚ ਪ੍ਰੋਫੈਸਰ ਸਨ ਪਰ ਫਿਰ ਵੀ ਉਨ੍ਹਾਂ ਨੂੰ ਅਮਰੀਕਾ ਦਾ ਵੀਜ਼ਾ ਨਹੀਂ ਮਿਲ ਰਿਹਾ ਸੀ। ਨਸੀਬ ਵੀ ਆਪਣੀ ਨੌਕਰੀ ਤੋਂ ਖੁਸ਼ ਨਹੀਂ ਸੀ ਅਤੇ ਦਿਲ ਦੇ ਕਿਸੇ ਕੋਨੇ ਵਿਚ ਭਾਰਤ ਨੂੰ ਛੱਡ ਕੇ ਅਮਰੀਕਾ ਵਸਣ ਦੀ ਤਾਂਘ ਪਾਲੀ ਬੈਠੀ ਸੀ। ਦੀਦਾਰ ਨਹੀਂ ਚਾਹੁੰਦਾ ਸੀ ਕਿ ਉਹ ਆਪਣੀ ਕਾਲਜ ਦੀ ਵਧੀਆ ਨੌਕਰੀ ਛੱਡ ਕੇ ਅਮਰੀਕਾ ਵਸੇ। ਉਸ ਨੂੰ ਕਾਲਜ ਵਿਚ ਨੌਕਰੀ ਕਰਦਿਆਂ 14 ਸਾਲ ਹੋ ਗਏ ਸਨ। ਉਹ ਹੁਣ ਪ੍ਰੋਫੈਸਰ ਤੋਂ ਪ੍ਰਿੰਸੀਪਲ ਬਣਨ ਦਾ ਚਾਹਵਾਨ ਸੀ। ਪ੍ਰਿੰਸੀਪਲਸ਼ਿਪ ਲਈ ਉਸ ਨੇ ਅਪਲਾਈ ਵੀ ਕਰ ਦਿੱਤਾ, ਇੰਟਰਵਿਊ ਹੋਈ ਅਤੇ ਉਸ ਨੂੰ ਆਪਣੇ ਹੀ ਕਾਲਜ ਲਈ ਸਿਲੈਕਟ ਕਰ ਲਿਆ ਗਿਆ। ਜਿਨ੍ਹਾਂ ਦਿਨਾਂ ਵਿਚ ਦੀਦਾਰ ਪਿੰ੍ਰਸੀਪਲ ਬਣਿਆ, ਉਨ੍ਹਾਂ ਦਿਨਾਂ ਵਿਚ ਉਸ ਦਾ ਅਮਰੀਕਾ ਦਾ ਕੰਮ ਵੀ ਬਣ ਗਿਆ। ਅਮਰੀਕਨ ਅੰਬੈਸੀ ਨੇ ਪੂਰੇ ਪਰਿਵਾਰ ਨੂੰ ਵੀਜ਼ਾ ਦੇ ਦਿੱਤਾ। ਦੀਦਾਰ ਲਈ ਇਹ ਸਭ ਤੋਂ ਔਖੀ ਘੜੀ ਸੀ ਕਿ ਭਾਰਤ ਵਿਚ ਰਹਿੰਦਿਆਂ ਇਕ ਚੰਗੀ ਨੌਕਰੀ ਕਰੇ ਜਾਂ ਫਿਰ ਪਰਿਵਾਰ ਸਮੇਤ ਅਮਰੀਕਾ ਚਲਾ ਜਾਵੇ। ਨਸੀਬ ਵੀ ਆਪਣੀ ਭੈਣ ਕੋਲ ਅਮਰੀਕਾ ਜਾਣਾ ਚਾਹੁੰਦੀ ਸੀ ਅਤੇ ਚਾਹੁੰਦੀ ਸੀ ਕਿ ਉਸ ਦੇ ਦੋਵੇਂ ਬੱਚੇ ਸੁਮੀਤ ਅਤੇ ਸੁਮੇਰ ਅਮਰੀਕਾ ਜਾ ਕੇ ਪੜ੍ਹਨ।
ਦੀਦਾਰ ਇਕ ਚੰਗਾ ਪ੍ਰੋਫੈਸਰ ਹੋਣ ਦੇ ਨਾਲ-ਨਾਲ ਇਕ ਚੰਗਾ ਕਵੀ ਵੀ ਸੀ ਅਤੇ ਆਪਣੀਆਂ ਰਚਨਾਵਾਂ ਦੇ ਜ਼ਰੀਏ ਲੋਕਾਂ ਵਿਚ ਉਸ ਦੀ ਇਕ ਪਛਾਣ ਬਣ ਗਈ ਸੀ। ਉਸ ਲਈ ਇਕ ਚੰਗੀ ਨੌਕਰੀ ਅਤੇ ਪਛਾਣ ਨੂੰ ਗਵਾ ਕੇ ਅਮਰੀਕਾ ਜਾ ਕੇ ਕਿਸੇ ਦੇ ਅਧੀਨ ਕੰਮ ਕਰਨਾ ਸੌਖਾ ਨਹੀਂ ਸੀ ਪਰ ਪਤਨੀ ਅਤੇ ਰਿਸ਼ਤੇਦਾਰਾਂ ਦੇ ਜ਼ੋਰ ਨੇ ਉਸ ਨੂੰ ਅਮਰੀਕਾ ਜਾਣ ਲਈ ਮਜਬੂਰ ਕਰ ਦਿੱਤਾ। ਅਮਰੀਕਾ ਜਾ ਕੇ ਸ਼ੁਰੂ ਵਾਲੇ ਦਿਨ ਤਾਂ ਬਹੁਤ ਚੰਗੇ ਨਿਕਲੇ ਪਰ ਹੌਲੀ-ਹੌਲੀ ਉਸ ਨੂੰ ਵਿਦੇਸ਼ੀ ਹਵਾ ਦਾ ਅਹਿਸਾਸ ਹੋਣ ਲੱਗਾ। ਉਸ ਲਈ ਉਹ ਹਵਾ ਬੇਗਾਨੀ ਸੀ, ਜਿਸ ਵਿਚ ਉਸ ਦਾ ਸਾਹ ਲੈਣਾ ਔਖਾ ਹੁੰਦਾ ਜਾ ਰਿਹਾ ਸੀ। ਬਚਨੋ ਨੇ ਸਿਰਫ ਆਪਣੇ ਮਤਲਬ ਲਈ ਨਸੀਬ ਅਤੇ ਉਸ ਦੇ ਪਰਿਵਾਰ ਨੂੰ ਅਮਰੀਕਾ ਸੱਦਿਆ ਸੀ। ਉਨ੍ਹਾਂ ਤੋਂ ਬਹੁਤ ਜ਼ਿਆਦਾ ਕੰਮ ਲੈਣ ਲੱਗੀ। ਪਤੀ-ਪਤਨੀ ਦੋਵੇਂ ਦਿਨ ਦੇ ਪੰਦਰਾਂ-ਪੰਦਰਾਂ ਘੰਟੇ ਕੰਮ ਕਰਦੇ। ਬਾਕੀ ਬਚੇ ਸਮੇਂ ਵਿਚ ਦੀਦਾਰ ਬੱਚਿਆਂ ਨੂੰ ਸਕੂਲ ਛੱਡਦਾ ਅਤੇ ਸਕੂਲੋਂ ਲੈਂਦਾ। ਨਸੀਬ ਘਰ ਦਾ ਕੰਮ ਖਤਮ ਕਰਦੀ ਅਤੇ ਕੁਝ ਘੰਟੇ ਉਹ ਆਰਾਮ ਕਰਦੇ ਅਤੇ ਫਿਰ ਸਟੋਰ 'ਤੇ ਪੁੱਜਦੇ। ਬਚਨੋ ਅਤੇ ਉਸ ਦੇ ਪਤੀ ਲਈ ਹੁਣ ਆਪਣਾ ਕੰਮ ਹੈਂਡਲ ਕਰਨਾ ਬਹੁਤ ਸੌਖਾ ਹੋ ਗਿਆ ਸੀ। ਉਨ੍ਹਾਂ ਨੂੰ ਹੁਣ ਪੱਕੇ ਇੰਪਲਾਈ ਮਿਲ ਗਏ ਸਨ, ਜਿਨ੍ਹਾਂ ਤੋਂ ਉਹ ਜਦੋਂ ਚਾਹੇ ਆਪਣਾ ਕੰਮ ਕਰਵਾ ਛੱਡਦੇ ਸਨ। ਦੀਦਾਰ ਅਤੇ ਨਸੀਬ ਬਚਨੋ ਨਾਲ ਉਨ੍ਹਾਂ ਦੇ ਘਰ ਹੀ ਰਹਿੰਦੇ ਸਨ। ਉਨ੍ਹਾਂ ਨੂੰ ਕਿਤੇ ਨਾ ਕਿਤੇ ਇਹ ਮਹਿਸੂਸ ਹੁੰਦਾ ਕਿ ਬਚਨੋ ਨੇ ਅਮਰੀਕਾ ਸੱਦ ਕੇ ਉਨ੍ਹਾਂ ਉੱਪਰ ਅਹਿਸਾਨ ਕੀਤਾ ਹੈ ਅਤੇ ਉਹ ਇਸ ਅਹਿਸਾਨ ਹੇਠਾਂ ਦੱਬਦੇ ਜਾਂਦੇ ਅਤੇ ਚਾਹ ਕੇ ਵੀ ਉਨ੍ਹਾਂ ਨੂੰ ਕਿਸੇ ਗੱਲ ਤੋਂ ਨਾਂਹ ਨਾ ਕਰ ਪਾਉਂਦੇ। ਜੇਕਰ ਉਹ ਘਰ ਛੱਡ ਕੇ ਕਿਤੇ ਹੋਰ ਰਹਿਣ ਦੀ ਗੱਲ ਕਰਦੇ ਤਾਂ ਬਚਨੋ ਉਨ੍ਹਾਂ ਨੂੰ ਇਹ ਕਹਿ ਕੇ ਚੁੱਪ ਕਰਵਾ ਦਿੰਦੀ ਕਿ ਉਸ ਨੇ ਉਨ੍ਹਾਂ ਨੂੰ ਅਮਰੀਕਾ ਪੈਸੇ ਲਾ ਕੇ ਸੱਦਿਆ ਹੈ ਅਤੇ ਹੁਣ ਉਹ ਇਥੋਂ ਨਹੀਂ ਜਾ ਸਕਦੇ। ਦੀਦਾਰ ਨੂੰ ਹੁਣ ਇਸ ਗੱਲ ਦਾ ਪਛਤਾਵਾ ਹੈ ਕਿ ਉਸ ਨੇ ਆਪਣੀ ਨੌਕਰੀ ਛੱਡ ਕੇ ਅਤੇ ਅਮਰੀਕਾ ਆ ਕੇ ਗਲਤੀ ਕੀਤੀ ਹੈ। ਇਕ ਦਿਨ ਦੀਦਾਰ ਸਟੋਰ ਤੋਂ ਘਰ ਆਉਂਦਾ ਹੈ ਅਤੇ ਦੇਖਦਾ ਹੈ ਕਿ ਨਸੀਬ ਦਾ ਜੀਜਾ ਆਪਣੇ ਦੋਸਤਾਂ ਨਾਲ ਸ਼ਰਾਬ ਪੀ ਰਿਹਾ ਹੈ। ਨਸੀਬ ਦੇ ਜੀਜੇ ਨੂੰ ਉਸ ਦਾ ਦੋਸਤ ਗੁਰਬਚਨ ਇਕ ਇੰਪਲਾਈ ਭਾਲਣ ਬਾਰੇ ਕਹਿੰਦਾ ਹੈ ਤਾਂ ਉਸ ਦਾ ਜੀਜਾ ਇਕ ਇੰਪਲਾਈ ਰੱਖਣ ਨਾਲੋਂ ਉਸ ਨੂੰ ਭਾਰਤ ਵਿਚੋਂ ਇਕ ਰਿਸ਼ਤੇਦਾਰ ਸੱਦਣ ਲਈ ਕਹਿੰਦਾ ਹੈ, ਜਿਸ ਨਾਲ ਉਸ ਨੂੰ ਇਕ ਫੁੱਲ ਟਾਈਮ ਇੰਪਲਾਈ ਮਿਲ ਜਾਵੇਗਾ ਅਤੇ ਇੰਪਲਾਈ ਵਾਲੀ ਕੋਈ ਟੈਨਸ਼ਨ ਵੀ ਨਹੀਂ ਰਹੇਗੀ। ਇਹ ਗੱਲਾਂ ਜਦੋਂ ਦੀਦਾਰ ਸੁਣਦਾ ਹੈ ਤਾਂ ਉਸ ਨੂੰ ਧੱਕਾ ਲੱਗਦਾ ਹੈ। ਉਸ ਲਈ ਉਹ ਪਰਿਵਾਰ ਜਿਸ ਨੂੰ ਉਹ ਆਪਣਾ ਮੰਨਦਾ ਸੀ, ਉਸ ਬਾਰੇ ਇਸ ਤਰ੍ਹਾਂ ਸੋਚਦਾ ਹੈ। ਇਸ ਸਭ ਤੋਂ ਦੁਖੀ ਹੋ ਕੇ ਉਹ ਭਾਰਤ ਵਾਪਸ ਮੁੜਨਾ ਸੋਚਦਾ ਹੈ। ਦੀਦਾਰ ਜਦੋਂ ਭਾਰਤ ਵਾਪਸ ਮੁੜਦਾ ਹੈ ਤਾਂ ਉਸ ਨੂੰ ਸਭ ਖੁੰਝਿਆ ਮਹਿਸੂਸ ਹੁੰਦਾ ਹੈ। ਉਸ ਦੀ ਨੌਕਰੀ ਚਲੀ ਗਈ ਹੈ। ਬੱਚਿਆਂ ਦੇ ਸਕੂਲ ਬਦਲ ਚੁੱਕੇ ਹਨ। ਚਾਹ ਕੇ ਵੀ ਉਹ ਭਾਰਤ ਨਹੀਂ ਰਹਿ ਸਕਦਾ। ਮਨ ਬਣਾ ਕੇ ਉਹ ਆਪਣੀ ਸਾਰੀ ਜ਼ਮੀਨ ਜਾਇਦਾਦ ਵੇਚ ਕੇ ਅਤੇ ਪੈਸੇ ਲੈ ਕੇ ਅਮਰੀਕਾ ਚਲੇ ਜਾਂਦੇ ਹਨ ਅਤੇ ਆਪਣਾ ਕੋਈ ਬਿਜ਼ਨੈੱਸ ਕਰਨਾ ਚਾਹੁੰਦੇ ਹਨ ਪਰ ਬਚਨੋ ਅਤੇ ਉਸ ਦਾ ਪਤੀ ਨਹੀਂ ਚਾਹੁੰਦੇ ਕਿ ਉਹ ਕੋਈ ਬਿਜ਼ਨੈੱਸ ਕਰਨ ਅਤੇ ਉਸ ਬਿਜ਼ਨੈੱਸ ਦੇ ਮਾਲਕ ਬਣਨ, ਉਹ ਤਾਂ ਇਹ ਚਾਹੁੰਦੇ ਸਨ ਕਿ ਜਿਹੜਾ ਪੈਸਾ ਦੀਦਾਰ ਭਾਰਤ ਤੋਂ ਲੈ ਕੇ ਆਇਆ ਹੈ ਉਹ ਪੈਸਾ ਉਹ ਆਪਣੇ ਕਿਸੇ ਬਿਜ਼ਨੈੱਸ ਵਿਚ ਲਾਉਣ ਅਤੇ ਨਸੀਬ ਅਤੇ ਦੀਦਾਰ ਉਥੇ ਕੰਮ ਕਰਨ ਪਰ ਦੀਦਾਰ ਨੂੰ ਇਹ ਮਨਜ਼ੂਰ ਨਹੀਂ ਹੁੰਦਾ। ''ਇਹ ਪੈਸਾ ਮੇਰੀ ਜ਼ਮੀਨ ਅਤੇ ਨੌਕਰੀ ਦਾ ਹੈ, ਤੁਹਾਨੂੰ ਨਹੀਂ ਦੇਣਾ, ਜੋ ਜੀ ਕਰਦਾ ਕਰੋ ਪਰ ਮੈਂ ਤੁਹਾਡੇ ਨਾਲ ਨਹੀਂ ਰਹਿਣਾ।'' ''ਵੇਖ ਦੀਦਾਰ ਤੈਨੂੰ ਸਾਡੇ ਘਰ ਵਿਚ ਕੀ ਕਮੀ ਹੈ? ਜਿਵੇਂ ਚਾਹੇ ਰਹਿ, ਜੋ ਚਾਹੇ ਖਾ ਪੀ। ਨਸੀਬ ਤੂੰ ਤਾਂ ਮੇਰੀ ਭੈਣ ਹੈਂ ਮੰਨ ਜਾ। ਇਥੇ ਰਹਿ, ਤੇਰੇ ਲਈ ਮੈਂ ਕੀ ਨਹੀਂ ਕੀਤਾ। ਤੈਨੂੰ ਕਿੰਨੀ ਔਖੀ ਹੋ ਕੇ ਅਮਰੀਕਾ ਸੱਦਿਆ ਅਤੇ ਅੱਜ ਤੂੰ ਹੀ ਮੈਨੂੰ ਪਿੱਛਾ ਦੇ ਕੇ ਚੱਲੀ ਹੈਂ।''
''ਵੇਖ ਭੈਣ ਰਿਸ਼ਤੇ ਦੂਰੋਂ ਹੀ ਸੋਹਣੇ ਲੱਗਦੇ ਨੇ। ਜਿੰਨੇ ਨੇੜੇ ਹੋਵਾਂਗੇ ਓਨੇ ਹੀ ਦਿਲੋਂ ਦੂਰ ਹੁੰਦੇ ਜਾਵਾਂਗੇ। ਤੇਰੇ ਨਾਲ ਮੈਂ ਇੰਨੇ ਸਾਲ ਇਸੇ ਘਰ ਵਿਚ ਰਹੀ, ਤੇਰੇ ਸਟੋਰ ਸਾਂਭੇ, ਘਰ ਸਾਂਭਿਆ। ਤੈਨੂੰ ਕਦੇ ਕੋਈ ਫਿਕਰ ਨਾ ਹੋਣ ਦਿੱਤਾ ਪਰ ਭੈਣ ਤੂੰ ਮੈਨੂੰ ਅਤੇ ਮੇਰੇ ਪਤੀ ਨੂੰ ਆਪਣੇ ਸਵਾਰਥ ਲਈ ਵਰਤਿਆ ਤੇ ਅੱਜ ਤੂੰ ਚਾਹੁੰਦੀ ਏਂ ਭਾਰਤ ਤੋਂ ਲਿਆਂਦੇ ਪੈਸੇ ਮੈਂ ਤੈਨੂੰ ਤੇਰੇ ਬਿਜ਼ਨੈੱਸ ਵਿਚ ਲਾਉਣ ਨੂੰ ਦੇਵਾਂ। ਨਹੀਂ, ਇਹ ਕਦੇ ਨਹੀਂ ਹੋ ਸਕਦਾ। ਇਨ੍ਹਾਂ ਪੈਸਿਆਂ ਉੱਪਰ ਮੇਰੇ ਬੱਚਿਆਂ ਦਾ ਹੱਕ ਹੈ ਅਤੇ ਹੁਣ ਗੱਲ ਮੇਰੇ ਬੱਚਿਆਂ ਦੇ ਭਵਿੱਖ ਦੀ ਹੈ। ਮੈਂ ਉਨ੍ਹਾਂ ਨੂੰ ਉਨ੍ਹਾਂ ਦੇ ਹੱਕ ਤੋਂ ਵਾਂਝਾ ਨਹੀਂ ਕਰ ਸਕਦੀ। ਤੂੰ ਮੇਰੀ ਵੱਡੀ ਭੈਣ ਏਂ, ਮੈਂ ਤੇਰੀਆਂ ਸਾਰੀਆਂ ਮੰਨੀਆਂ ਪਰ ਹੁਣ ਨਹੀਂ। ਮੈਂ ਉਸ ਵੇਲੇ ਨੂੰ ਪਛਤਾਉਂਦੀ ਹਾਂ, ਜਦੋਂ ਮੈਂ ਅਮਰੀਕਾ ਆਉਣ ਲਈ ਹਾਂ ਕੀਤੀ।
ਕਾਸ਼ ਮੈਂ ਭਾਰਤ ਹੁੰਦੀ। ਮੇਰੇ ਕੋਲ ਮੇਰੀ ਨੌਕਰੀ ਹੁੰਦੀ। ਮੇਰਾ ਪਤੀ ਜਿਸ ਦਾ ਵਜੂਦ ਅਮਰੀਕੀ ਹਵਾ ਵਿਚ ਕਿਧਰੇ ਗੁੰਮ ਗਿਆ ਮਹਿਸੂਸ ਹੁੰਦਾ ਹੈ, ਉਸ ਦੀ ਹਸਤੀ ਹੁੰਦੀ। ਸ਼ਾਹੀ ਠਾਠ ਵਾਲੀ ਨੌਕਰੀ ਹੁੰਦੀ। ਬੱਚਿਆਂ ਲਈ ਸਮਾਂ ਹੁੰਦਾ। ਉਹ ਸਮਾਂ ਮੇਰੇ ਕੋਲ ਹੁੰਦਾ। ਜਿਹੜਾ ਮੈਂ ਅਮਰੀਕਾ ਦੀ ਚਕਾਚੌਂਧ ਵਿਚ ਕਿਧਰੇ ਗਵਾ ਦਿੱਤਾ। ਭੈਣ ਮੈਂ ਭਾਰਤ ਵੀ ਨਹੀਂ ਮੁੜਾਂਗੀ ਅਤੇ ਤੇਰੇ ਨਾਲ ਵੀ ਨਹੀਂ ਰਹਾਂਗੀ। ਮੈਂ ਰਹਾਂਗੀ ਆਪਣੇ ਪਤੀ ਅਤੇ ਬੱਚਿਆਂ ਨਾਲ ਆਪਣੇ ਘਰ ਵਿਚ ਜਿਥੇ ਆਪਣਾਪਨ ਹੋਵੇਗਾ, ਪਿਆਰ ਹੋਵੇਗਾ, ਅਧਿਕਾਰ ਹੋਵੇਗਾ। ਇਕ ਉਹ ਸਮਾਂ ਸੀ ਜਦੋਂ ਨਸੀਬ ਆਪਣੇ ਪਤੀ ਅਤੇ ਬੱਚਿਆਂ ਨਾਲ ਅਮਰੀਕਾ ਦੀ ਧਰਤੀ 'ਤੇ ਪੈਰ ਰੱਖਦਿਆਂ ਭੈਣ ਦੇ ਘਰ ਪੁੱਜੀ ਸੀ ਅਤੇ ਅੱਜ ਉਹ ਸਮਾਂ ਹੈ, ਜਦੋਂ ਉਹ ਭੈਣ ਦੇ ਘਰੋਂ ਬੱਚਿਆਂ ਅਤੇ ਦੀਦਾਰ ਨਾਲ ਘਰੋਂ ਗਈ। ਇਕ ਨਵੀਂ ਉਮੀਦ, ਇਕ ਨਵੀਂ ਜੋਤ ਲੈ ਕੇ ਬੇਗਾਨੀ ਧਰਤੀ 'ਤੇ ਆਪਣਿਆਂ ਵਲੋਂ ਕੀਤੇ ਬੇਗਾਨੇਪਨ ਨੂੰ ਭੁਲਾ ਕੇ ਆਪਣਿਆਂ ਨਾਲ ਆਪਣੇ ਬਣਾਏ ਘਰ ਵਿਚ ਰਹਿ ਕੇ ਜਿਊਣ ਲਈ ਸਮਾਂ ਬੀਤਦਾ ਗਿਆ। ਨਸੀਬ ਦੀਦਾਰ ਨੇ ਆਪਣਾ ਘਰ ਬਣਾ ਲਿਆ। ਭਾਰਤ ਤੋਂ ਲਿਆਂਦੇ ਪੈਸਿਆਂ ਨਾਲ ਟਰਾਂਸਪੋਰਟ ਦਾ ਬਿਜ਼ਨੈੱਸ ਖੜ੍ਹਾ ਕਰ ਲਿਆ, ਜਿਸ ਨੂੰ ਉਨ੍ਹਾਂ ਦਾ ਵੱਡਾ ਪੁੱਤਰ ਸੁਮੀਤ ਸਾਂਭ ਰਿਹਾ ਸੀ।
ਕੰਮ ਜ਼ਿਆਦਾ ਹੋਣ ਕਾਰਨ ਸੁਮੀਤ ਤੋਂ ਸਾਰਾ ਬਿਜ਼ਨੈੱਸ ਨੂੰ ਸਾਂਭਣਾ ਔਖਾ ਹੋ ਗਿਆ ਸੀ। ਇਕ ਦਿਨ ਉਹ ਦੀਦਾਰ ਸਿੰਘ ਨੂੰ ਆਪਣੀ ਟਰਾਂਸਪੋਰਟ ਕੰਪਨੀ ਵਿਚ ਕੁਝ ਨਵੇਂ ਇੰਪਲਾਈ ਭਰਤੀ ਕਰਨ ਦੀ ਗੱਲ ਕਰਦਾ ਹੈ। ''ਡੈਡੀ ਮੇਰੇ ਇਕੱਲੇ ਤੋਂ ਬਿਜ਼ਨੈੱਸ ਨਹੀਂ ਸੰਭਲਦਾ। ਸੁਮੇਰ ਹਾਲੇ ਪੜ੍ਹਦਾ ਹੈ। ਤੁਸੀਂ ਜ਼ਿਆਦਾ ਭੱਜ ਦੌੜ ਨਹੀਂ ਕਰ ਸਕਦੇ। ਜੇਕਰ ਮੇਰੇ ਨਾਲ ਇੰਪਲਾਈ ਹੋਣ ਤਾਂ ਮੇਰਾ ਕੰਮ ਸੌਖਾ ਹੋ ਜਾਵੇਗਾ।'' ਸੁਮੀਤ ਦੀ ਗੱਲ ਸੁਣ ਕੇ ਦੀਦਾਰ ਸਿੰਘ ਨਸੀਬ ਨੂੰ ਆਵਾਜ਼ ਮਾਰ ਕੇ ਪੁੱਛਦਾ ਹੈ।
''ਨਸੀਬ ਤੂੰ ਆਪਣੇ ਭਤੀਜੇ ਨੂੰ ਅਮਰੀਕਾ ਸੱਦਣ ਦੀ ਗੱਲ ਕਰਦੀ ਸੀ। ਜੇ ਤੂੰ ਸੱਦਣਾ ਹੈ ਤਾਂ ਮੈਨੂੰ ਦੱਸ ਦੇਵੀਂ ਮੈਂ ਸਾਰੇ ਪੇਪਰ ਤਿਆਰ ਕਰਵਾ ਦੇਵਾਂਗਾ।'' ਇੰਨਾ ਕਹਿ ਕੇ ਦੀਦਾਰ ਸਿੰਘ ਬਾਹਰ ਨੂੰ ਨਿਕਲ ਜਾਂਦਾ ਹੈ।
ਸਿੱਖਿਆ ਰੂਹ ਤਕ ਉਤਰਨ ਦਿਓ
NEXT STORY