ਕੋਲਕਾਤਾ 'ਚ 11 ਨਵੰਬਰ 1936 ਨੂੰ ਜਨਮੀ ਮਾਲਾ ਸਿਨ੍ਹਾ ਮੂਲ ਰੂਪ 'ਚ ਨੇਪਾਲ ਤੋਂ ਹੈ। ਕਿਸ਼ੋਰ ਸਾਹੂ ਦੀ ਫਿਲਮ 'ਹੈਮਲੇਟ (1954) ਨਾਲ ਹਿੰਦੀ ਸਿਨੇਮਾ 'ਚ ਕਦਮ ਰੱਖਣ ਤੋਂ ਪਹਿਲਾਂ ਕਈ ਬੰਗਾਲੀ ਫਿਲਮਾਂ ਕਰ ਚੁੱਕੀ ਸੀ। 'ਹੈਮਲੇਟ' ਅਸਫਲ ਰਹੀ ਸੀ। ਜਲਦ ਹੀ ਬਲਰਾਜ ਸਾਹਨੀ ਦੁਆਰਾ ਨਿਰਦੇਸ਼ਿਤ ਇਕੋ-ਇਕ ਫਿਲਮ 'ਲਾਲ ਬੱਤੀ', 'ਸੋਹਰਾਬ ਮੋਦੀ ਦੀ 'ਨੌਸ਼ੇਰਵਾਨ-ਏ-ਆਦਿਲ' ਅਤੇ 'ਫਿਰ ਸੁਬਹ ਹੋਗੀ' ਨੇ ਸਿੱਧ ਕਰ ਦਿੱਤਾ ਕਿ ਮਾਲਾ ਸਿਨ੍ਹਾ 'ਚ ਹਿੰਦੀ ਫਿਲਮਾਂ ਦੀ ਹੀਰੋਇਨ ਦੀ ਸਥਾਪਿਤ ਇਮੇਜ ਨੂੰ ਤੋੜਨ ਦਾ ਜਜ਼ਬਾ ਸੀ। ਇਨ੍ਹਾਂ ਫਿਲਮਾਂ 'ਚ ਉਸ ਦੀ ਬਹੁਮੁਖੀ ਪ੍ਰਤਿਭਾ ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ।
ਹੈਰਾਨੀ ਦੀ ਗੱਲ ਸੀ ਕਿ 1960 ਦੇ ਦਹਾਕੇ ਦੇ ਮੱਧ 'ਚ ਮਾਲਾ ਸਿਨ੍ਹਾ ਦਾ ਅਡਵੈਂਚਰ ਦਾ ਸ਼ੌਕ ਜਿਵੇਂ ਘੱਟ ਹੋ ਗਿਆ। ਹੁਣ ਉਹ ਸਿਰਫ ਬੰਗਾਲੀ 'ਚਾਕਲੇਟੀ ਅਭਿਨੇਤਾ' ਕਹਾਉਣ ਵਾਲੇ ਵਿਸ਼ਵਜੀਤ ਨਾਲ ਫਿਲਮਾਂ ਕਰਨ ਲੱਗੀ। ਇਸ ਦੌਰਾਨ ਮਾਲਾ ਸਿਨ੍ਹਾ ਦੀ 'ਤਮੰਨਾ', 'ਪੈਸਾ ਯਾ ਪਿਆਰ', 'ਜਾਲ', 'ਨਈ ਰੌਸ਼ਨੀ' ਤੇ 'ਨਾਈਟ ਇਨ ਲੰਦਨ' ਨੇ ਬਹੁਮੁਖੀ ਪ੍ਰਤਿਭਾ ਵਾਲੀ ਉਨ੍ਹਾਂ ਦੀ ਸਾਖ ਨੂੰ ਜਿਵੇਂ ਖਤਮ ਕਰ ਦਿੱਤਾ ਸੀ।
1970 ਦੇ ਦਹਾਕੇ 'ਚ ਉਹ ਬਾਲੀਵੁੱਡ ਦੀਆਂ ਪ੍ਰਮੁੱਖ ਅਭਿਨੇਤਰੀਆਂ 'ਚ ਸ਼ਾਮਲ ਹੋ ਗਈ ਅਤੇ ਉਸ ਨੇ 'ਮਰਿਆਦਾ' (ਰਾਜੇਸ਼ ਖੰਨਾ ਨਾਲ) ਅਤੇ 'ਹੋਲੀ ਆਈ ਰੇ' ਵਰਗੀਆਂ ਹਿੱਟ ਫਿਲਮਾਂ ਦਿੱਤੀਆਂ। ਉਨ੍ਹਾਂ ਦੀਆਂ ਜ਼ਿਕਰਯੋਗ ਫਿਲਮਾਂ 'ਚ 'ਆਂਖ ਮਿਚੋਲੀ', 'ਆਂਖੇਂ', 'ਅਨਪੜ੍ਹ', 'ਅਪਨੇ ਹੁਏ ਪਰਾਏ, 'ਬਹਾਰੇਂ ਫਿਰ ਵੀ ਆਏਂਗੀ', 'ਬਹੂ-ਬੇਟੀ', 'ਬੰਬਈ ਕਾ ਚੋਰ', 'ਧਰਮਪੁੱਤਰ', 'ਦਿਲ ਤੇਰਾ ਦੀਵਾਨਾ', 'ਦੋ ਕਲੀਆਂ', 'ਗੀਤ', 'ਗੁੰਮਰਾਹ', 'ਹਰਿਆਲੀ ਔਰ ਰਾਸਤਾ', 'ਕੰਗਨ', 'ਲਵਮੈਰਿਜ', 'ਪੈਸਾ ਯਾ ਪਿਆਰ', 'ਪਰਵਰਿਸ਼', 'ਫਿਰ ਸੁਬਹ ਹੋਗੀ', 'ਪੂਜਾ ਕੇ ਫੂਲ', 'ਪਿਆਸਾ' ਅਤੇ 'ਉਜਾਲਾ' ਸ਼ਾਮਲ ਹਨ।
ਮਾਲਾ ਸਿਨ੍ਹਾ ਨੇ 1968 'ਚ ਚਿਦੰਬਰ ਪ੍ਰਸਾਦ ਲੋਹਾਨੀ ਨਾਲ ਵਿਆਹ ਕੀਤਾ। ਇਨ੍ਹਾਂ ਦੋਵਾਂ ਦਾ ਮਿਲਨ ਨੇਪਾਲੀ ਫਿਲਮ 'ਮਾਇਤੀ ਘਰ' (1966) ਦੌਰਾਨ ਹੋਇਆ ਸੀ। ਮਾਲਾ ਨੇ 1992 'ਚ 'ਖੇਲ' ਅਤੇ 'ਰਾਧਾ ਕਾ ਸੰਗਮ' ਨਾਲ ਫਿਲਮਾਂ 'ਚ ਵਾਪਸੀ ਕੀਤੀ। ਦਰਸ਼ਕਾਂ ਨੇ ਉਨ੍ਹਾਂ ਦੀ ਵਾਪਸੀ ਨੂੰ ਨਜ਼ਰਅੰਦਾਜ਼ ਕਰ ਦਿੱਤਾ ।
ਮਾਲਾ ਸਿਨ੍ਹਾ ਨੂੰ 4 ਵਾਰ ਸਰਵਸ੍ਰੇਸ਼ਠ ਅਭਿਨੇਤਰੀ ਦੇ ਫਿਲਮ ਫੇਅਰ ਪੁਰਸਕਾਰ ਤੋਂ ਇਲਾਵਾ ਕਈ ਹੋਰ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਉਸ ਨੇ ਆਪਣੇ ਫਿਲਮੀ ਕਰੀਅਰ ਦੌਰਾਨ ਗੁਰੂਦੱਤ, ਰਾਜਕਪੂਰ, ਦੇਵ ਆਨੰਦ, ਪ੍ਰਦੀਪ ਕੁਮਾਰ ਤੇ ਕਿਸ਼ੋਰ ਕੁਮਾਰ ਵਰਗੇ ਅਭਿਨੇਤਾਵਾਂ ਤੋਂ ਇਲਾਵਾ ਮਨੋਜ ਕੁਮਾਰ, ਧਰਮਿੰਦਰ, ਰਾਜੇਸ਼ ਖੰਨਾ, ਸੁਨੀਲ ਦੱਤ, ਸੰਜੇ ਖਾਨ, ਜਤਿੰਦਰ ਤੇ ਅਮਿਤਾਭ ਬੱਚਨ ਵਰਗੇ ਉਸ ਸਮੇਂ ਦੇ ਨਵੇਂ ਅਭਿਨੇਤਾਵਾਂ ਨਾਲ ਕੰਮ ਵੀ ਕੀਤਾ ਸੀ। ਅੱਜਕਲ ਉਹ ਫਿਲਮੀ ਦੁਨੀਆ ਤੋਂ ਦੂਰ ਪੂਰਾ ਸਮਾਂ ਆਪਣੇ ਪਰਿਵਾਰਕ ਮੈਂਬਰਾਂ ਨਾਲ ਬਿਤਾ ਰਹੀ ਹੈ ਤੇ ਮੁੰਬਈ ਦੇ ਬਾਂਦ੍ਰਾ 'ਚ ਰਹਿੰਦੀ ਹੈ।
ਸਾਫ-ਸੁਥਰੀ ਕਾਮੇਡੀ ਵਾਲਾ ਜਾਨੀ ਵਾਕਰ
NEXT STORY