ਜਾਨੀ ਵਾਕਰ ਆਪਣੇ ਸਮੇਂ 'ਚ ਫਿਲਮਾਂ ਦੀ ਸਫਲਤਾ ਦੀ ਗਾਰੰਟੀ ਮੰਨੇ ਜਾਂਦੇ ਸਨ। ਉਹ ਲੱਗਭਗ 35 ਸਾਲਾਂ ਤਕ ਹਾਸ ਅਭਿਨੇਤਾ ਦੇ ਤੌਰ 'ਤੇ ਸਰਗਰਮ ਰਹੇ। ਇਸ ਦੌਰਾਨ ਉਨ੍ਹਾਂ ਨੇ ਲੱਗਭਗ 300 ਫਿਲਮਾਂ 'ਚ ਅਭਿਨੈ ਕੀਤਾ, ਜਿਨ੍ਹਾਂ 'ਚੋਂ ਅਨੇਕ ਫਿਲਮਾਂ 'ਚ ਉਹ ਨਾਇਕ ਵੀ ਸਨ। ਇੰਦੌਰ (ਮੱਧ ਪ੍ਰਦੇਸ਼) 'ਚ 11 ਨਵੰਬਰ 1923 ਨੂੰ ਜਨਮੇ ਜਾਨੀ ਵਾਕਰ ਦਾ ਅਸਲੀ ਨਾਂ ਬਦਰੂਦੀਨ ਕਾਜ਼ੀ ਸੀ। ਉਨ੍ਹਾਂ ਨੂੰ ਫਿਲਮੀ ਨਾਂ ਜਾਨੀ ਵਾਕਰ ਗੁਰੂਦੱਤ ਨੇ ਦਿੱਤਾ ਸੀ। ਜਾਨੀ ਵਾਕਰ ਇੰਦੌਰ 'ਚ ਛੇਵੀਂ ਜਮਾਤ ਤਕ ਉਰਦੂ ਦੀ ਤਾਲੀਮ ਹਾਸਿਲ ਕਰਕੇ 1942 'ਚ ਆਪਣੇ ਪਿਤਾ ਜਮਾਲੂਦੀਨ ਕਾਜ਼ੀ ਨਾਲ ਮੁੰਬਈ ਆ ਗਏ ਅਤੇ ਜੀਵਨ-ਨਿਰਬਾਹ ਲਈ ਉਨ੍ਹਾਂ ਨੇ ਆਰਮੀ ਕੰਟੀਨ 'ਚ ਨੌਕਰੀ ਕਰ ਲਈ। ਉਨ੍ਹਾਂ ਦੀ ਖਾਹਿਸ਼ ਸੀ ਕਿ ਉਹ ਫਿਲਮਾਂ 'ਚ ਅਭਿਨੈ ਕਰਨ ਅਤੇ ਫਿਲਮ ਸਟੂਡੀਓ ਬਾਰੇ ਜਾਣਕਾਰੀ ਹਾਸਿਲ ਕਰਨ, ਇਸ ਲਈ ਉਨ੍ਹਾਂ ਨੇ ਬੱਸ ਕੰਡਕਟਰ ਦੀ ਨੌਕਰੀ ਕਰ ਲਈ। ਬਚਪਨ ਤੋਂ ਹੀ ਜਾਨੀ ਵਾਕਰ ਨੂੰ ਹਾਸ-ਅਭਿਨੈ ਦਾ ਸ਼ੌਕ ਸੀ। ਆਮ ਤੌਰ 'ਤੇ ਉਹ ਲੋਕਾਂ ਦੀ ਨਕਲ ਲਾਹ ਕੇ ਸਭ ਨੂੰ ਹਸਾਉਂਦੇ ਹੁੰਦੇ ਸਨ। ਉਨ੍ਹਾਂ ਨੇ ਆਪਣਾ ਫਿਲਮੀ ਸਫਰ ਜੂਨੀਅਰ ਕਲਾਕਾਰ ਦੇ ਰੂਪ 'ਚ ਆਰੰਭ ਕੀਤਾ ਸੀ। ਉਨ੍ਹਾਂ ਦੀ ਪਹਿਲੀ ਫਿਲਮ 'ਆਖਰੀ ਪੈਗ਼ਾਮ' ਸੀ, ਜਿਸ ਵਿਚ ਉਨ੍ਹਾਂ ਨੇ ਬਦਰੂਦੀਨ ਦੇ ਨਾਂ ਨਾਲ ਹੀ ਅਭਿਨੈ ਕੀਤਾ ਸੀ।
ਸਹੀ ਅਰਥਾਂ 'ਚ ਉਨ੍ਹਾਂ ਨੂੰ ਪਹਿਲਾ ਮੌਕਾ ਦੇਵ ਆਨੰਦ ਦੀ ਗੁਰੂਦੱਤ ਵਲੋਂ ਨਿਰਦੇਸ਼ਿਤ ਫਿਲਮ 'ਬਾਜ਼ੀ' ਵਿਚ ਮਿਲਿਆ। 1951 'ਚ ਬਣੀ ਨਵਕੇਤਨ ਦੀ ਇਸ ਫਿਲਮ ਵਿਚ ਗੁਰੂਦੱਤ ਨੂੰ ਇਕ ਸ਼ਰਾਬੀ ਦੀ ਭੂਮਿਕਾ ਲਈ ਕਲਾਕਾਰ ਚਾਹੀਦਾ ਸੀ। ਫਿਲਮ ਦੀ ਕਹਾਣੀ ਬਲਰਾਜ ਸਾਹਨੀ ਨੇ ਲਿਖੀ ਸੀ। ਬਲਰਾਜ ਸਾਹਨੀ ਦੀ ਮੁਲਾਕਾਤ ਬਦਰੂਦੀਨ ਕਾਜ਼ੀ ਨਾਲ ਬੱਸ 'ਚ ਹੋਈ ਸੀ ਤਾਂ ਉਨ੍ਹਾਂ ਨੇ ਉਨ੍ਹਾਂ ਨੂੰ ਗੁਰੂਦੱਤ ਨਾਲ ਮਿਲਵਾਇਆ ਅਤੇ ਇਸ ਤਰ੍ਹਾਂ ਗੁਰੂਦੱਤ ਨੂੰ 'ਬਾਜ਼ੀ' ਲਈ ਇਕ ਸੜਕਛਾਪ ਸਥਾਪਿਤ ਸ਼ਰਾਬੀ ਮਿਲ ਗਿਆ।
ਇਕ ਵ੍ਹਿਸਕੀ ਦੇ ਨਾਂ 'ਤੇ ਬਦਰੂਦੀਨ ਕਾਜ਼ੀ ਨੂੰ ਇਕ ਨਵਾਂ ਨਾਂ ਜਾਨੀ ਵਾਕਰ ਅਤੇ ਫਿਲਮਾਂ 'ਚ ਹਾਸ ਅਭਿਨੇਤਾ ਦੇ ਰੂਪ 'ਚ ਪਛਾਣ ਮਿਲ ਗਈ। ਇਸ ਪਿੱਛੋਂ ਨਵਕੇਤਨ ਦੀ ਹੀ ਫਿਲਮ 'ਆਂਧੀਆਂ' ਆਈ, ਜਿਸ ਦੇ ਨਿਰਦੇਸ਼ਕ ਚੇਤਨ ਆਨੰਦ ਅਤੇ ਕਲਾਕਾਰ ਦੇਵ ਆਨੰਦ, ਕਲਪਨਾ ਕਾਰਤਿਕ, ਨਿੰਮੀ ਆਦਿ ਸਨ। ਇਸ ਦੇ ਬਾਵਜੂਦ ਜਾਨੀ ਵਾਕਰ ਦੀ ਭੂਮਿਕਾ ਨੂੰ ਬੇਹੱਦ ਲੋਕਪ੍ਰਿਅਤਾ ਮਿਲੀ। ਇਸ ਪਿੱਛੋਂ ਉਨ੍ਹਾਂ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਉਨ੍ਹਾਂ ਨੇ 'ਜਾਲ', 'ਹਮਸਫਰ', 'ਆਰ-ਪਾਰ', 'ਸ਼ਹੀਦ-ਏ-ਆਜ਼ਮ ਭਗਤ ਸਿੰਘ', 'ਟੈਕਸੀ ਡਰਾਈਵਰ', 'ਦੇਵਦਾਸ', 'ਮਸਤ-ਕਲੰਦਰ', 'ਸੀ. ਆਈ. ਡੀ.', 'ਸ਼੍ਰੀਮਤੀ 420', 'ਪਿਆਸਾ', 'ਕਾਗਜ਼ ਕੇ ਫੂਲ', 'ਪੈਗ਼ਾਮ', 'ਰਿਕਸ਼ੇ ਵਾਲਾ', 'ਉਸਤਾਦੋਂ ਕੇ ਉਸਤਾਦ', 'ਆਦਮੀ', 'ਨਯਾ ਦੌਰ', 'ਮੇਰੇ ਮਹਿਬੂਬ', 'ਹੰਗਾਮਾ', 'ਧੋਤੀ-ਲੋਟਾ ਔਰ ਚੌਪਾਟੀ', 'ਮੇਰਾ ਦੋਸਤ ਮੇਰਾ ਦੁਸ਼ਮਨ', 'ਸ਼ਾਨ' ਅਤੇ 'ਚਾਚੀ 420' ਵਰਗੀਆਂ ਫਿਲਮਾਂ 'ਚ ਆਪਣੇ ਅਭਿਨੈ ਨਾਲ ਦਰਸ਼ਕਾਂ ਨੂੰ ਮੰਤਰ-ਮੁਗਧ ਕਰ ਦਿੱਤਾ। ਜਾਨੀ ਵਾਕਰ ਨੇ ਹਮੇਸ਼ਾ ਹਾਸ-ਭੂਮਿਕਾਵਾਂ ਹੀ ਨਿਭਾਉਣੀਆਂ ਪਸੰਦ ਕੀਤੀਆਂ। ਹਰ ਫਿਲਮ 'ਚ ਕੁਝ ਨਵਾਂ ਕਰਨ ਦੀ ਇੱਛਾ ਨੇ ਵੀ ਉਨ੍ਹਾਂ ਨੂੰ ਆਪਣੇ ਆਪ ਨੂੰ ਦੁਹਰਾਉਣ ਤੋਂ ਬਚਾਈ ਰੱਖਿਆ। ਜਾਨੀ ਵਾਕਰ ਕਹਿੰਦੇ ਹੁੰਦੇ ਸਨ, ''ਮੈਨੂੰ ਲੋਕਾਂ ਨੂੰ ਹਸਾਉਣ, ਗੁਦਗੁਦਾਉਣ 'ਚ ਆਤਮਿਕ ਸੁੱਖ ਮਿਲਦਾ ਹੈ।'' ਉਹ ਸਾਫ-ਸੁਥਰੀ ਕਾਮੇਡੀ ਪਸੰਦ ਕਰਦੇ ਸਨ। ਉਨ੍ਹਾਂ ਨੇ ਕਦੇ ਵੀ ਅਸ਼ਲੀਲਤਾ ਦਾ ਰੰਗ ਆਪਣੀ ਕਾਮੇਡੀ 'ਚ ਭਰਨ ਦਾ ਯਤਨ ਨਹੀਂ ਕੀਤਾ, ਨਾ ਹੀ ਦੋ-ਅਰਥੇ ਡਾਇਲਾਗਾਂ ਦਾ ਆਸਰਾ ਲਿਆ। ਸ਼ਰਾਬੀ ਦਾ ਰੋਲ ਨਿਭਾਉਣ ਲਈ ਕਦੇ ਸ਼ਰਾਬ ਦਾ ਆਸਰਾ ਨਹੀਂ ਲਿਆ। ਇਥੋਂ ਤਕ ਕਿ ਨਿੱਜੀ ਜ਼ਿੰਦਗੀ 'ਚ ਵੀ ਉਨ੍ਹਾਂ ਨੇ ਕਦੇ ਸ਼ਰਾਬ ਨਹੀਂ ਪੀਤੀ, ਫਿਰ ਵੀ ਉਨ੍ਹਾਂ ਨੇ ਸ਼ਰਾਬ ਦੀਆਂ ਅਨੇਕ ਯਾਦਗਾਰੀ ਭੂਮਿਕਾਵਾਂ ਪਰਦੇ 'ਤੇ ਸਾਕਾਰ ਕੀਤੀਆਂ ਸਨ।
ਜਾਨੀ ਵਾਕਰ ਪਹਿਲੇ ਹਾਸ-ਕਲਾਕਾਰ ਸਨ, ਜਿਨ੍ਹਾਂ ਦੇ ਨਾਂ 'ਤੇ ਨਟਰਾਜ ਪ੍ਰੋਡਕਸ਼ਨ ਨੇ ਸੰਨ 1957 ਵਿਚ 'ਜਾਨੀ ਵਾਕਰ' ਨਾਂ ਦੀ ਫਿਲਮ ਬਣਾਈ, ਜਿਸ ਦੇ ਨਿਰਦੇਸ਼ਕ ਵੇਦ ਮਦਾਨ ਸਨ। ਇਸ ਫਿਲਮ ਦੇ ਨਾਇਕ ਜਾਨੀ ਵਾਕਰ ਅਤੇ ਨਾਇਕਾ ਸ਼ਿਆਮਾ ਸੀ। ਫਿਲਮ ਦੀ ਸਫਲਤਾ ਤੋਂ ਉਤਸ਼ਾਹਿਤ ਵੇਦ ਮਦਾਨ ਨੇ ਆਪਣੀ ਅਗਲੀ ਫਿਲਮ 'ਮਿਸਟਰ ਕਾਰਟੂਨ ਐੱਮ.' ਵਿਚ ਵੀ ਜਾਨੀ ਵਾਕਰ ਨੂੰ ਟਾਈਟਲ ਰੋਲ ਲਈ ਚੁਣਿਆ। 'ਮਿਸਟਰ ਜਾਨ', 'ਨਯਾ ਪੈਸਾ', 'ਜ਼ਰਾ ਬਚ ਕੇ', 'ਰਿਕਸ਼ਾਵਾਲਾ', 'ਉੜਨ ਛੂ' ਆਦਿ ਫਿਲਮਾਂ 'ਚ ਵੀ ਉਨ੍ਹਾਂ ਨੇ ਮੁੱਖ ਭੂਮਿਕਾ ਨਿਭਾਈ। ਉਨ੍ਹਾਂ ਨੇ ਆਪਣੇ ਸਮਕਾਲੀ ਲੱਗਭਗ ਸਾਰੇ ਪ੍ਰਸਿੱਧੀ ਪ੍ਰਾਪਤ ਨਿਰਮਾਤਾ-ਨਿਰਦੇਸ਼ਕਾਂ ਦੀਆਂ ਫਿਲਮਾਂ 'ਚ ਅਭਿਨੈ ਕੀਤਾ ਸੀ।
ਸਲਮਾਨ ਨਹੀਂ ਸੋਹੇਲ ਬਣੇਗਾ ਗਾਮਾ ਪਹਿਲਵਾਨ
NEXT STORY