ਪਿਛਲੇ ਦਿਨੀਂ 'ਦਿ ਪੀਪਲਜ਼ ਵਾਇਸ' ਨੇ ਤਿੰਨ ਦਿਨਾਂ ਲਈ ਫਿਲਮ ਮਿਲਣੀ ਡਲਹੌਜ਼ੀ ਦੇ ਮੇਹਰ ਹੋਟਲ ਵਿਚ ਕਰਵਾਈ ਸੀ। ਇਹ ਫਿਲਮ ਮਿਲਣੀ 2001 ਵਿਚ ਸ਼ੁਰੂ ਕੀਤੀ ਗਈ ਸੀ। ਅਰੁਣਦੀਪ ਨੇ ਇਸ ਸੰਸਥਾ ਬਾਰੇ ਸੰਖੇਪ 'ਚ ਦੱਸਿਆ ਸੀ। ਇਸ ਮਿਲਣੀ ਦਾ ਉਦਘਾਟਨ ਸ਼੍ਰੀ ਮਨਮੋਹਨ ਬਾਵਾ ਨੇ ਕੀਤਾ ਸੀ। ਉਨ੍ਹਾਂ ਦੱਸਿਆ ਸੀ ਕਿ ਮੈਨੂੰ ਇਹ ਜਾਣ ਕੇ ਬੜੀ ਖੁਸ਼ੀ ਹੁੰਦੀ ਹੈ ਕਿ ਇਥੇ ਡਲਹੌਜ਼ੀ ਵਿਚ ਕਦੀ-ਕਦਾਈਂ ਗੋਸ਼ਟੀ ਹੁੰਦੀ ਹੈ, ਕਦੀ ਪਹਾੜਾਂ ਦੀ ਟ੍ਰੈਕਿੰਗ ਕਰਨ ਵਾਲੀਆਂ ਪਾਰਟੀਆਂ ਆਉਂਦੀਆਂ ਹਨ, ਕਦੇ ਫਿਲਮਾਂ ਬਾਰੇ ਗਿਆਨ ਦੇਣ ਲਈ ਫਿਲਮ ਮਿਲਣੀ ਕੀਤੀ ਜਾਂਦੀ ਹੈ।
ਇਸ ਫਿਲਮ ਮਿਲਣੀ ਵਿਚ ਹਿੰਦੋਸਤਾਨ ਦੀ ਕਲਾਸਿਕ ਫਿਲਮ 'ਗਰਮ ਹਵਾ' ਵਿਖਾਈ ਗਈ ਸੀ, ਜਿਹੜੀ 1973 ਵਿਚ ਬਣੀ ਸੀ। ਇਸ ਦੀ ਕਹਾਣੀ ਇਸਮਤ ਚੁਹਾਤਾਈ ਨੇ 1948 ਵਿਚ ਲਿਖੀ ਸੀ। ਇਸ ਫਿਲਮ ਵਿਚ ਬਹੁਤੇ ਕਲਾਕਾਰ ਇਪਟਾ ਦੇ ਸਨ। ਇਸ ਫਿਲਮ ਦੇ ਹੀਰੋ ਸ਼੍ਰੀ ਬਲਰਾਜ ਸਾਹਨੀ ਸਨ। ਇਸ ਦੀ ਸ਼ੂਟਿੰਗ ਬਹੁਤੀ ਆਗਰਾ ਤੇ ਫਤਿਹਪੁਰ ਸੀਕਰੀ ਵਿਚ ਹੋਈ ਸੀ। ਲੋਕਾਂ ਦੀ ਵਿਰੋਧਤਾ ਕਾਰਨ ਵੱਖ-ਵੱਖ ਪੰਜ ਟੀਮਾਂ ਨੂੰ ਵੱਖ-ਵੱਖ ਥਾਵਾਂ 'ਤੇ ਸ਼ੂਟਿੰਗ ਕਰਨੀ ਪਈ ਸੀ। ਇਸ ਦਾ ਡਾਇਰੈਕਟਰ ਐੱਮ. ਐੱਸ. ਸਥਿਊ ਸੀ।
ਇਸ ਫਿਲਮ ਬਾਰੇ ਕਿਸ਼ੋਰ ਕੁਮਾਰ, ਨਮਰਤਾ ਜੋਸ਼ੀ, ਕਸ਼ਮੀਰ ਸਿੰਘ, ਮਨਮੋਹਨ ਬਾਵਾ, ਬਖਸ਼ਿੰਦਰ, ਕਮਲਜੀਤ, ਅਰੁਨਦੀਪ, ਸੁਖਮਨਪ੍ਰੀਤ, ਕੁਲਵਿੰਦਰ ਨੇ ਤੇ ਹਰਭਜਨ ਬਾਜਵਾ ਨੇ ਆਪਣੇ ਵਿਚਾਰ ਰੱਖੇ। ਸਾਰੇ ਦਰਸ਼ਕਾਂ ਨੇ ਬਲਰਾਜ ਸਾਹਨੀ ਦੀ ਐਕਟਿੰਗ ਦੀ ਤਾਰੀਫ ਕੀਤੀ ਸੀ।
ਉਸ ਤੋਂ ਬਾਅਦ ਡਾਕੂਮੈਂਟਰੀ ਫਿਲਮਾਂ ਆਰਟ ਤੇ ਕਲਾ ਬਾਰੇ ਵਿਖਾਈਆਂ ਗਈਆਂ ਸਨ। ਜਿਸ ਤਰ੍ਹਾਂ ਮੋਨਾਲਿਸਾ, ਅੰਮ੍ਰਿਤਾ ਸ਼ੇਰਗਿੱਲ, ਗਾਂਧੀ, ਨਹਿਰੂ, ਮਾਡਰਨ ਆਰਟ ਅਤੇ ਵੈਨ ਗਾਗ ਦੀਆਂ ਪੇਂਟਿੰਗਜ਼ ਬਾਰੇ ਫਿਲਮਾਂ ਵਿਖਾਈਆਂ ਗਈਆਂ ਸਨ। ਇਹ ਸਾਰੀਆਂ ਫਿਲਮਾਂ ਕਲਾਸਿਕ ਆਰਟ 'ਤੇ ਸਨ। ਇਨ੍ਹਾਂ ਫਿਲਮਾਂ ਵਿਚ ਪਹਿਲੇ ਨੰਬਰ 'ਤੇ ਵੈਨ ਗਾਗ, ਦੂਸਰੇ ਨੰਬਰ 'ਤੇ ਅੰਮ੍ਰਿਤਾ ਸ਼ੇਰਗਿੱਲ ਤੇ ਮੋਨਾਲਿਸਾ ਬਾਰੇ ਕਈ ਆਲੋਚਕਾਂ ਨੇ ਗੱਲ ਕੀਤੀ। ਸ. ਸੋਭਾ ਸਿੰਘ ਦੀ 'ਸੋਹਣੀ ਮਹੀਵਾਲ' ਕਲਾਸਿਕ ਪੇਂਟਿੰਗ ਹੈ ਪਰ ਉਸ ਬਾਰੇ ਕਿਸੇ ਨੇ ਕੰਮ ਨਹੀਂ ਕੀਤਾ। ਇਨ੍ਹਾਂ ਆਰਟ ਫਿਲਮਾਂ ਬਾਰੇ ਹਾਜ਼ਰ ਲੋਕਾਂ ਨੇ ਆਪਣੇ ਵਿਚਾਰ ਰੱਖੇ।
ਇਸ ਤੋਂ ਬਾਅਦ ਸੰਜੇ ਜੋਸ਼ੀ ਦੀ ਇਕ ਫਿਲਮ ਹਿੰਦੀ ਦੇ ਕਹਾਣੀਕਾਰ ਅਮਰਕਾਂਤ 'ਤੇ ਡਾਕੂਮੈਂਟਰੀ ਬਣਾਈ ਸੀ, ਉਹ ਵਿਖਾਈ ਗਈ ਸੀ। ਇਸ ਫਿਲਮ ਵਿਚ ਸੰਜੇ ਜੋਸ਼ੀ ਨੇ ਅਮਰਕਾਂਤ ਦੇ ਪਰਿਵਾਰ ਬਾਰੇ ਕੋਈ ਗੱਲਬਾਤ ਨਹੀਂ ਸੀ ਕੀਤੀ ਹੋਈ। ਉਸ ਦੇ ਪਰਿਵਾਰ ਦਾ ਕੋਈ ਮੈਂਬਰ ਇਸ ਫਿਲਮ ਵਿਚ ਨਹੀਂ ਸੀ ਵਿਖਾਇਆ ਗਿਆ। ਇਸ ਫਿਲਮ ਬਾਰੇ ਬਹੁਤ ਵਿਚਾਰ-ਚਰਚਾ ਹੋਈ ਸੀ। ਅਜੇ ਸੰਜੇ ਜੋਸ਼ੀ ਆਪ ਲਘੂ ਫਿਲਮ ਬਣਾਉਂਦਾ ਤੇ ਵਿਖਾਉਂਦਾ ਏ। ਜਦੋਂ ਸੰਜੇ ਜੋਸ਼ੀ ਨੂੰ ਆਲੋਚਕ ਅਮਰਕਾਂਤ ਕਹਾਣੀਕਾਰ ਦੇ ਪਰਿਵਾਰ ਬਾਰੇ ਪੁੱਛਦੇ ਸਨ ਤਾਂ ਸੰਜੇ ਜੋਸ਼ੀ ਟਾਲ-ਮਟੋਲ ਕਰ ਜਾਂਦਾ ਸੀ।
ਅਖੀਰ ਵਿਚ ਇਟਲੀ ਵਿਚ ਜਦੋਂ ਦੂਸਰੇ ਵਿਸ਼ਵ ਯੁੱਧ ਸਮੇਂ ਤਬਾਹੀ ਹੁੰਦੀ ਹੈ, ਇਟਲੀ ਦੇ ਲੋਕਾਂ ਦੀ ਆਰਥਿਕ ਹਾਲਤ ਮਾੜੀ ਹੋ ਜਾਂਦੀ ਹੈ ਤਾਂ ਇਕ ਫਿਲਮ 'ਬਾਈਸਾਈਕਲ ਚੋਰ' 1948 ਵਿਚ ਬਣਾਈ ਗਈ ਸੀ। ਇਹ ਫਿਲਮ ਕਾਲੀ-ਚਿੱਟੀ ਸੀ ਤੇ ਇਥੇ ਦਿਖਾਈ ਗਈ। ਇਸ ਫਿਲਮ ਦੇ ਫੋਟੋਗ੍ਰਾਫਰ ਨੇ ਫੋਟੋਗ੍ਰਾਫੀ ਬਹੁਤ ਚੰਗੀ ਕੀਤੀ ਹੋਈ ਸੀ। ਇਸ ਫਿਲਮ 'ਚ ਇਕ ਮਜ਼ਦੂਰ ਦੀ ਕਹਾਣੀ ਹੈ।
ਉਹ ਮਜ਼ਦੂਰ ਸਾਰੀ ਫਿਲਮ ਵਿਚ ਸੰਘਰਸ਼ ਹੀ ਕਰਦਾ ਰਹਿੰਦਾ ਹੈ। ਜਦੋਂ ਉਸ ਦਾ ਸਾਈਕਲ ਚੋਰੀ ਹੋ ਜਾਂਦਾ ਏ, ਫਿਰ ਉਸ ਦੀਆਂ ਅੱਖਾਂ ਹਰ ਥਾਂ ਸਾਈਕਲ ਹੀ ਲੱਭਦੀਆਂ ਰਹਿੰਦੀਆਂ। ਭਾਵੇਂ ਉਹ ਭੀੜ ਵਿਚ ਹੋਵੇ ਜਾਂ ਫੇਰ ਇਕੱਲਾ। ਇਸ ਸੰਸਥਾ ਨੇ ਲੋਕਾਂ ਨੂੰ ਚੰਗੀਆਂ ਫਿਲਮਾਂ ਵੇਖਣ ਦਾ ਤੇ ਫਿਲਮਾਂ ਬਾਰੇ ਵਿਚਾਰ ਕਰਨ ਦਾ ਰੁਝਾਨ ਪੈਦਾ ਕੀਤਾ ਹੈ। ਇਸ ਤਰ੍ਹਾਂ ਦੀਆਂ ਫਿਲਮ ਮਿਲਣੀਆਂ ਕਰ ਕੇ ਦਿ ਪੀਪਲਜ਼ ਵਾਇਸ ਸੰਸਥਾ ਚੰਗੀਆਂ ਫਿਲਮਾਂ ਨੂੰ ਉਤਸ਼ਾਹਿਤ ਕਰ ਰਹੀ ਹੈ।
ਮੂਡ ਵਿਗੜਿਆ ਤਾਂ ਦਿਨ ਵਿਗੜਿਆ
NEXT STORY