ਮੇਰੇ 8 ਬੱਚੇ ਹਨ, ਸਕੂਲ 'ਚ ਨਹੀਂ ਪੜ੍ਹ ਸਕਦੇ। ਪਹਿਲਾਂ ਪਹਿਲ ਜਦੋਂ ਮੈਂ ਵਿਆਹ ਕਰਾਇਆ ਸੀ ਅਤੇ ਸਾਵਿਤਰੀ ਨੂੰ ਆਪਣੇ ਘਰ, ਇਸ ਖੋਲੀ 'ਚ ਲਿਆਇਆ ਸੀ, ਉਨ੍ਹੀਂ ਦਿਨੀਂ ਸਾਵਿਤਰੀ ਵੀ ਬੜੀਆਂ ਚੰਗੀਆਂ-ਚੰਗੀਆਂ ਗੱਲਾਂ ਸੋਚਦੀ ਅਤੇ ਮੁਸਕਰਾਉਂਦੀ ਤਾਂ ਫਿਲਮਾਂ ਦੀਆਂ ਫੋਟੋਆਂ ਵਾਂਗ ਸੁੰਦਰ ਦਿਖਾਈ ਦਿੰਦੀ। ਹੁਣ ਉਹ ਮੁਸਕਾਨ ਪਤਾ ਨਹੀਂ ਕਿੱਥੇ ਚਲੀ ਗਈ। ਉਸ ਦੀ ਥਾਂ ਹੁਣ ਇਕ ਲਗਾਤਾਰ ਪੈਂਦੀ ਤਿਊੜੀ ਨੇ ਲੈ ਲਈ ਹੈ ਅਤੇ ਉਹ ਜ਼ਰਾ-ਜ਼ਰਾ ਜਿੰਨੀ ਗੱਲ 'ਤੇ ਬੱਚਿਆਂ ਨੂੰ ਅੰਨ੍ਹੇਵਾਹ ਕੁੱਟਣਾ ਸ਼ੁਰੂ ਕਰ ਦਿੰਦੀ ਹੈ ਅਤੇ ਮੈਂ ਤਾਂ ਕੁਝ ਵੀ ਆਖਾਂ, ਕਿਵੇਂ ਵੀ ਕਹਾਂ, ਕਿੰਨੀ ਵੀ ਨਰਮੀ ਨਾਲ ਕਹਾਂ, ਉਹ ਤਾਂ ਬਸ ਮੈਨੂੰ ਵੀ ਵੱਢਖਾਣ ਨੂੰ ਪੈਂਦੀ ਹੈ।
ਪਤਾ ਨਹੀਂ ਸਾਵਿਤਰੀ ਨੂੰ ਕੀ ਹੋ ਗਿਆ ਹੈ। ਪਤਾ ਨਹੀਂ ਮੈਨੂੰ ਵੀ ਕੀ ਹੋ ਗਿਆ ਹੈ। ਮੈਂ ਦਫਤਰ 'ਚ ਸੇਠ ਦੀਆਂ ਗਾਲ੍ਹਾਂ ਸੁਣਦਾ ਹਾਂ, ਘਰ 'ਚ ਬੀਵੀ ਦੀਆਂ ਗੱਲਾਂ ਸੁਣਦਾ ਹਾਂ ਅਤੇ ਸਦਾ ਚੁੱਪ ਰਹਿੰਦਾ ਹਾਂ। ਕਦੇ-ਕਦੇ ਸੋਚਦਾ ਹਾਂ, ਹੋ ਸਕਦਾ ਹੈ ਕਿ ਮੇਰੀ ਪਤਨੀ ਨੂੰ ਇਕ ਨਵੀਂ ਸਾੜ੍ਹੀ ਦੀ ਲੋੜ ਹੋਵੇ। ਹੋ ਸਕਦਾ ਹੈ ਉਸ ਨੂੰ ਸਿਰਫ ਇਕ ਨਵੀਂ ਸਾੜ੍ਹੀ ਦੀ ਹੀ ਨਹੀਂ, ਇਕ ਨਵੇਂ ਚਿਹਰੇ, ਇਕ ਨਵੇਂ ਘਰ, ਇਕ ਨਵੇਂ ਮਾਹੌਲ, ਇਕ ਨਵੀਂ ਜ਼ਿੰਦਗੀ ਦੀ ਲੋੜ ਹੋਵੇ ਪਰ ਇਨ੍ਹਾਂ ਗੱਲਾਂ ਨੂੰ ਸੋਚਣ ਨਾਲ ਕੀ ਹੁੰਦਾ ਹੈ ਅਤੇ ਹੁਣ ਤਾਂ ਆਜ਼ਾਦੀ ਆ ਗਈ ਹੈ ਅਤੇ ਸਾਡੇ ਪ੍ਰਧਾਨ ਮੰਤਰੀ ਨੇ ਵੀ ਇਹ ਕਹਿ ਦਿੱਤਾ ਹੈ ਕਿ ਇਸ ਨਸਲ ਨੂੰ ਅਰਥਾਤ ਸਾਡੇ ਲੋਕਾਂ ਨੂੰ ਆਪਣੇ ਜੀਵਨ 'ਚ ਕੋਈ ਆਰਾਮ ਨਹੀਂ ਮਿਲ ਸਕਦਾ। ਮੈਂ ਸਾਵਿਤਰੀ ਨੂੰ ਆਪਣੇ ਪ੍ਰਧਾਨ ਮੰਤਰੀ ਦਾ ਭਾਸ਼ਣ, ਜੋ ਅਖ਼ਬਾਰ 'ਚ ਪੜ੍ਹਿਆ ਸੀ, ਸੁਣਾਇਆ ਤਾਂ ਉਸ ਨੂੰ ਸੁਣ ਕੇ ਉਹ ਅੱਗ ਬਬੂਲਾ ਹੋ ਗਈ। ਉਸ ਨੇ ਗੁੱਸੇ 'ਚ ਆ ਕੇ ਚੁੱਲ੍ਹੇ ਕੋਲ ਪਿਆ ਹੋਇਆ ਚਿਮਟਾ ਮੇਰੇ ਸਿਰ 'ਤੇ ਦੇ ਮਾਰਿਆ।
ਇਹ ਜ਼ਖ਼ਮ ਦਾ ਨਿਸ਼ਾਨ, ਜੋ ਤੁਸੀਂ ਮੇਰੇ ਮੱਥੇ 'ਤੇ ਦੇਖ ਰਹੇ ਹੋ, ਉਸੇ ਦਾ ਹੈ। ਸਾਵਿਤਰੀ ਦੀ ਮਟਮੈਲੀ ਸਾੜ੍ਹੀ 'ਤੇ ਵੀ ਕਈ ਅਜਿਹੇ ਜ਼ਖ਼ਮਾਂ ਦੇ ਚਿੰਨ੍ਹ ਹਨ। ਇਕ ਤਾਂ ਉਸ ਮੂੰਗੀਆ ਰੰਗ ਦੀ ਜਾਰਜੈੱਟ ਦੀ ਸਾੜ੍ਹੀ ਦਾ ਹੈ, ਜੋ ਉਸ ਨੇ ਓਪੇਰਾ ਹਾਊਸ ਦੇ ਨੇੜੇ ਭੰਜੀਮਲ ਭੋਂਦੂ ਰਾਮ ਕੱਪੜੇ ਵੇਚਣ ਵਾਲੇ ਦੀ ਦੁਕਾਨ 'ਤੇ ਦੇਖੀ ਸੀ। ਇਕ ਨਿਸ਼ਾਨ ਉਸ ਖਿਡੌਣੇ ਦਾ ਹੈ, ਜੋ ਪੰਜੀ ਰੁਪਏ ਦਾ ਸੀ ਅਤੇ ਜਿਸ ਨੂੰ ਦੇਖ ਕੇ ਮੇਰਾ ਪਹਿਲਾ ਬੱਚਾ ਖੁਸ਼ੀ ਨਾਲ ਕਿਲਕਾਰੀਆਂ ਮਾਰਨ ਲੱਗਾ ਸੀ ਪਰ ਜਿਸ ਨੂੰ ਅਸੀਂ ਖਰੀਦ ਨਾ ਸਕੇ ਅਤੇ ਜਿਹੜਾ ਨਾ ਮਿਲਣ ਕਰਕੇ ਮੇਰਾ ਬੱਚਾ ਦਿਨ-ਰਾਤ ਰੋਂਦਾ ਰਿਹਾ। ਇਕ ਨਿਸ਼ਾਨ ਉਸ ਤਾਰ ਦਾ ਹੈ, ਜੋ ਇਕ ਦਿਨ ਜਬਲਪੁਰ ਤੋਂ ਆਈ ਸੀ, ਸਾਵਿਤਰੀ ਜਬਲਪੁਰ ਜਾਣਾ ਚਾਹੁੰਦੀ ਸੀ ਪਰ ਹਜ਼ਾਰ ਯਤਨ ਕਰਨ 'ਤੇ ਵੀ ਮੈਨੂੰ ਕਿਧਰਿਓਂ ਰੁਪਏ ਉਧਾਰੇ ਨਾ ਮਿਲ ਸਕੇ ਅਤੇ ਸਾਵਿਤਰੀ ਜਬਲਪੁਰ ਨਹੀਂ ਜਾ ਸਕੀ ਸੀ। ਇਕ ਚਿੰਨ੍ਹ ਹੋਰ...ਪਰ ਮੈਂ ਕਿਹੜੇ-ਕਿਹੜੇ ਚਿੰਨ੍ਹਾਂ ਬਾਰੇ ਦੱਸਾਂ? ਚਲਦੇ-ਚਲਦੇ ਗੰਧਲੇ-ਮੈਲੇ ਦਾਗ਼ਾਂ ਨਾਲ, ਸਾਵਿਤਰੀ ਦੀ ਪੰਜ ਰੁਪਏ ਚਾਰ ਆਨੇ ਵਾਲੀ ਸਾੜ੍ਹੀ ਭਰੀ ਪਈ ਹੈ।
ਚੌਥੀ ਸਾੜ੍ਹੀ ਕਿਰਮਚੀ ਰੰਗ ਦੀ ਹੈ ਅਤੇ ਕਿਰਮਚੀ ਰੰਗ 'ਚ ਭੂਰਾ ਰੰਗ ਵੀ ਝਲਕ ਰਿਹਾ ਹੈ। ਉਂਝ ਤਾਂ ਇਹ ਸਭ ਵੱਖੋ-ਵੱਖਰੇ ਰੰਗ ਦੀਆਂ ਸਾੜ੍ਹੀਆਂ ਹਨ ਪਰ ਭੂਰਾ ਰੰਗ ਇਨ੍ਹਾਂ ਸਭਨਾਂ 'ਚ ਝਲਕਦਾ ਹੈ। ਇੰਝ ਲੱਗਦਾ ਹੈ ਕਿ ਇਨ੍ਹਾਂ ਸਭਨਾਂ ਦਾ ਜੀਵਨ ਇਕ ਹੈ, ਜਿਵੇਂ ਇਨ੍ਹਾਂ ਸਭ ਦਾ ਮੁੱਲ ਇਕ ਹੈ। ਜਿਵੇਂ ਉਹ ਸਾਰੀਆਂ ਜ਼ਮੀਨ ਤੋਂ ਕਦੇ ਉੱਪਰ ਨਹੀਂ ਉੱਠਣਗੀਆਂ। ਜਿਵੇਂ ਉਨ੍ਹਾਂ ਨੇ ਕਦੇ ਤਰੇਲ 'ਚ ਹੱਸਦੀ ਹੋਈ ਹਰਿਆਲੀ, ਦਿਸਹੱਦੇ 'ਤੇ ਚਮਕਦੀ ਲਾਲੀ, ਬੱਦਲਾਂ 'ਚ ਲਹਿਰਾਉਂਦੀ ਬਿਜਲੀ ਨਾ ਦੇਖੀ ਹੋਵੇ। ਜਿਵੇਂ ਸ਼ਾਂਤਾ ਬਾਈ ਦੀ ਜਵਾਨੀ ਹੈ, ਉਹ ਜੀਵਨ ਦਾ ਬੁਢਾਪਾ ਹੈ। ਉਹ ਸਾਵਿਤਰੀ ਦਾ ਅਧੇੜਪਣ ਹੈ, ਜਿਵੇਂ ਇਹ ਸਾਰੀਆਂ ਸਾੜ੍ਹੀਆਂ ਜੀਵਨ ਦਾਇਕ ਰੰਗ, ਇਕ ਪੱਧਰ, ਇਕ ਕ੍ਰਮ ਲਈ ਹਵਾ 'ਚ ਝੂਲਦੀਆਂ ਰਹਿੰਦੀਆਂ ਹਨ।
ਇਹ ਕਿਰਮਚੀ ਭੂਰੇ ਰੰਗ ਦੀ ਸਾੜ੍ਹੀ ਝੱਬੂ ਭਾਈ ਸਾਹਿਬ ਦੀ ਔਰਤ ਦੀ ਹੈ, ਜਿਸ ਔਰਤ ਨਾਲ ਮੇਰੀ ਪਤਨੀ ਕਦੇ ਗੱਲ ਨਹੀਂ ਕਰਦੀ ਕਿਉਂਕਿ ਇਕ ਤਾਂ ਇਸ ਦੇ ਕੋਈ ਬੱਚਾ ਨਹੀਂ ਹੈ, ਅਜਿਹੀ ਔਰਤ, ਜਿਸ ਦਾ ਕੋਈ ਬੱਚਾ ਨਾ ਹੋਵੇ, ਬੜੀ ਕੁਲੱਛਣੀ ਸਮਝੀ ਜਾਂਦੀ ਹੈ। ਦੂਜਾ ਜਾਦੂ-ਟੂਣੇ ਕਰ ਕੇ ਦੂਜਿਆਂ ਦੇ ਬੱਚਿਆਂ ਨੂੰ ਮਾਰ ਦਿੰਦੀ ਹੈ ਅਤੇ ਦੁਸ਼ਟਾਤਮਾ ਨੂੰ ਬੁਲਾ ਕੇ ਆਪਣੇ ਘਰਾਂ 'ਚ ਵਸਾ ਲੈਂਦੀ ਹੈ। ਮੇਰੀ ਪਤਨੀ ਉਸ ਨੂੰ ਕਦੇ ਮੂੰਹ ਨਹੀਂ ਲਗਾਉਂਦੀ।
ਇਹ ਔਰਤ ਝੱਬੂ ਭਾਈ ਸਾਹਿਬ ਨੇ ਮੁੱਲ ਦੇ ਕੇ ਪ੍ਰਾਪਤ ਕੀਤੀ ਸੀ। ਝੱਬੂ ਮਾਲਾਬਾਰ ਦਾ ਰਹਿਣ ਵਾਲਾ ਹੈ ਪਰ ਬਚਪਨ ਤੋਂ ਹੀ ਦੇਸ਼ ਛੱਡ ਕੇ ਇਧਰ ਆ ਗਿਆ। ਉਹ ਮਰਾਠੀ ਅਤੇ ਗੁਜਰਾਤੀ ਜਾਣਦਾ ਹੈ। ਬੜੀ ਆਸਾਨੀ ਨਾਲ ਗੱਲ ਕਰ ਸਕਦਾ ਹੈ। ਇਸੇ ਕਰਕੇ ਉਸ ਨੂੰ ਬਹੁਤ ਛੇਤੀ ਪੋੱਦਾਰ ਮਿੱਲ ਦੇ ਧੁੰਨੀ ਖਾਤੇ 'ਚ ਜਗ੍ਹਾ ਮਿਲ ਗਈ। ਝੱਬੂ ਨੂੰ ਪਹਿਲਾਂ ਤੋਂ ਹੀ ਵਿਆਹ ਦਾ ਬੜਾ ਚਾਅ ਸੀ। ਉਸ ਨੂੰ ਬੀੜੀ ਦੀ, ਤਾੜੀ ਦੀ, ਕਿਸੇ ਵਸਤੂ ਦੀ ਆਦਤ ਨਹੀਂ ਸੀ। ਚਾਅ ਸੀ ਤਾਂ ਸਿਰਫ ਇਸੇ ਗੱਲ ਦਾ ਕਿ ਉਸ ਦਾ ਵਿਆਹ ਛੇਤੀ ਤੋਂ ਛੇਤੀ ਹੋ ਜਾਏ। ਜਦੋਂ ਉਸ ਕੋਲ ਸੱਤਰ-ਅੱਸੀ ਰੁਪਏ ਇਕੱਠੇ ਹੋ ਗਏ ਤਾਂ ਉਸ ਨੇ ਆਪਣੇ ਦੇਸ਼ ਜਾਣ ਦਾ ਇਰਾਦਾ ਕੀਤਾ ਤਾਂ ਕਿ ਉਥੋਂ ਆਪਣੀ ਬਿਰਾਦਰੀ 'ਚੋਂ ਕਿਸੇ ਨੂੰ ਵਿਆਹ ਲਿਆਏ।
ਪਰ ਫਿਰ ਉਸ ਨੇ ਸੋਚਿਆ, ਇਸ ਸੱਤਰ-ਅੱਸੀ ਰੁਪਏ 'ਚ ਕੀ ਹੋਵੇਗਾ। ਆਉਣ-ਜਾਣ ਦਾ ਕਿਰਾਇਆ ਵੀ ਬੜੀ ਮੁਸ਼ਕਿਲ ਨਾਲ ਪੂਰਾ ਹੋਵੇਗਾ। ਚਾਰ ਸਾਲ ਦੀ ਮਿਹਨਤ ਪਿੱਛੋਂ ਉਸ ਨੇ ਇਹ ਪੈਸਾ ਜੋੜਿਆ ਸੀ, ਇਸ ਨਾਲ ਉਹ ਮੁਰਾਦਾਬਾਦ ਤਾਂ ਜਾ ਸਕਦਾ ਸੀ ਪਰ ਜਾ ਕੇ ਵਿਆਹ ਨਹੀਂ ਕਰਾ ਸਕਦਾ ਸੀ। ਇਸ ਲਈ ਝੱਬੂ ਨੇ ਇਥੇ ਹੀ ਇਕ ਬਦਮਾਸ਼ ਨਾਲ ਗੱਲਬਾਤ ਕਰਕੇ ਉਸ ਔਰਤ ਨੂੰ ਸੌ ਰੁਪਏ 'ਚ ਮੁੱਲ ਲੈ ਲਿਆ। ਅਸੀਂ ਰੁਪਏ ਉਸ ਨੂੰ ਨਕਦ ਦਿੱਤੇ, ਵੀਹ ਰੁਪਏ ਉਧਾਰ ਕਰ ਲਿਆ, ਜੋ ਉਸ ਨੇ ਇਕ ਸਾਲ ਦੇ ਅੰਦਰ-ਅੰਦਰ ਚੁੱਕਾ ਦਿੱਤਾ।
ਇਸ ਪਿੱਛੋਂ ਝੱਬੂ ਨੂੰ ਪਤਾ ਲਗਾ ਕਿ ਇਹ ਔਰਤ ਵੀ ਮੁਰਾਦਾਬਾਦ ਦੀ ਰਹਿਣ ਵਾਲੀ ਸੀ, ਧੀਰਜ ਪਿੰਡ ਦੀ ਅਤੇ ਉਸੇ ਦੀ ਬਿਰਾਦਰੀ ਦੀ ਹੀ ਸੀ। ਝੱਬੂ ਬੜਾ ਖੁਸ਼ ਹੋਇਆ ਕਿ ਚਲੋਂ ਇਥੇ ਬੈਠੇ-ਬੈਠੇ ਸਾਰਾ ਕੰਮ ਹੋ ਗਿਆ। ਆਪਣੀ ਬਿਰਾਦਰੀ ਦੀ, ਆਪਣੇ ਜ਼ਿਲੇ ਦੀ, ਆਪਣੇ ਧਰਮ ਦੀ ਔਰਤ ਇਥੇ ਬੈਠੇ ਬਿਠਾਏ ਸੌ ਰੁਪਏ 'ਚ ਮਿਲ ਗਈ।
ਉਸ ਨੇ ਬੜੀ ਧੂਮਧਾਮ ਨਾਲ ਆਪਣਾ ਵਿਆਹ ਰਚਾਇਆ ਅਤੇ ਫਿਰ ਉਸ ਨੂੰ ਪਤਾ ਲੱਗਾ ਕਿ ਉਸ ਦੀ ਪਤਨੀ ਲੜੀਆ ਬਹੁਤ ਵਧੀਆ ਗਾਉਂਦੀ ਹੈ। ਉਹ ਖੁਦ ਵੀ ਆਪਣੀ ਭਰੜਾਈ ਆਵਾਜ਼ 'ਚ ਜ਼ੋਰ ਨਾਲ ਗਾਉਣ, ਸਗੋਂ ਗਾਉਣ ਨਾਲੋਂ ਬਹੁਤਾ ਚੀਕਣ ਦਾ ਸ਼ੌਕੀਨ ਸੀ, ਹੁਣ ਤਾਂ ਖੋਲੀ 'ਚ ਲੜੀਆ ਕੰਮ ਕਰਦਿਆਂ ਗਾਉਂਦੀ ਸੀ। ਰਾਤ ਨੂੰ ਝੱਬੂ ਅਤੇ ਲੜੀਆ ਦੋਵੇਂ ਗਾਉਂਦੇ ਸਨ। ਉਨ੍ਹਾਂ ਦੇ ਘਰ ਕੋਈ ਬੱਚਾ ਨਹੀਂ ਸੀ, ਇਸ ਲਈ ਉਨ੍ਹਾਂ ਨੇ ਇਕ ਤੋਤਾ ਪਾਲਿਆ ਹੋਇਆ ਸੀ। ਮੀਆਂ ਮਿੱਠੂ ਪਤੀ-ਪਤਨੀ ਨੂੰ ਗਾਉਂਦੇ ਦੇਖ ਕੇ ਖੁਦ ਵੀ ਲਹਿਰ 'ਚ ਆ ਕੇ ਗਾਉਣ ਲੱਗਾ।
ਲੜੀਆ 'ਚ ਇਕ ਹੋਰ ਗੱਲ ਵੀ ਸੀ। ਝੱਬੂ ਨਾ ਬੀੜੀ ਪੀਂਦਾ, ਨਾ ਸਿਗਰਟ ਅਤੇ ਨਾ ਤਾੜੀ। ਲੜੀਆ, ਬੀੜੀ, ਸਿਗਰਟ, ਤਾੜੀ ਸਭ ਕੁਝ ਪੀਂਦੀ ਸੀ। ਕਹਿੰਦੀ ਸੀ, ਉਹ ਪਹਿਲਾਂ ਇਹ ਸਭ ਕੁਝ ਨਹੀਂ ਜਾਣਦੀ ਸੀ, ਪਰ ਜਦੋਂ ਉਹ ਬਦਮਾਸ਼ਾਂ ਦੇ ਪੱਲੇ ਪਈ, ਉਸ ਨੂੰ ਇਹ ਸਾਰੀਆਂ ਬੁਰੀਆਂ ਆਦਤਾਂ ਸਿਖਣੀਆਂ ਪਈਆਂ ਅਤੇ ਹੁਣ ਉਹ ਦੂਜੀਆਂ ਸਾਰੀਆਂ ਚੀਜ਼ਾਂ ਛੱਡ ਸਕਦੀ ਹੈ, ਪਰ ਬੀੜੀ ਅਤੇ ਤਾੜੀ ਨਹੀਂ ਛੱਡ ਸਕਦੀ।
ਕਈ ਵਾਰ ਤਾੜੀ ਪੀਕੇ ਲੜੀਆ ਨੇ ਝੱਬੂ 'ਤੇ ਹਮਲਾ ਕੀਤਾ ਅਤੇ ਝੱਬੂ ਨੇ ਉਸ ਨੂੰ ਰੂੰ ਵਾਂਗ ਧੁਣ ਕੇ ਰੱਖ ਦਿੱਤਾ। ਇਸ ਮੌਕੇ 'ਤੇ ਤੋਤਾ ਬੜਾ ਰੌਲਾ ਪਾਉਂਦਾ ਸੀ ਅਤੇ ਰਾਤ ਨੂੰ ਦੋਵਾਂ ਨੂੰ ਗਾਲ੍ਹਾਂ ਬਕਦਿਆਂ ਦੇਖ ਕੇ ਖੁਦ ਵੀ ਪਿੰਜਰੇ 'ਚ ਬੰਦ, ਉਹੀ ਗਾਲ੍ਹਾਂ ਬਕਦਾ ਜੋ ਉਹ ਦੋਵੇਂ ਬਕਦੇ ਸਨ।
ਇਕ ਵਾਰ ਤਾਂ ਗਾਲ੍ਹਾਂ ਸੁਣ ਕੇ ਝੱਬੂ ਗੁੱਸੇ 'ਚ ਆ ਕੇ ਤੋਤੇ ਨੂੰ ਪਿੰਜਰੇ ਸਮੇਤ ਗੰਦੇ ਨਾਲੇ 'ਚ ਸੁੱਟਣ ਲੱਗਾ ਸੀ ਪਰ ਜੀਵਨਾ ਨੇ ਵਿਚ ਪੈ ਕੇ ਤੋਤੇ ਨੂੰ ਬਚਾ ਲਿਆ। ''ਤੋਤੇ ਨੂੰ ਮਾਰਨਾ ਬੜਾ ਪਾਪ ਹੈ।'' ਜੀਵਨਾ ਨੇ ਕਿਹਾ,'' ਤੈਨੂੰ ਬ੍ਰਾਹਮਣਾਂ ਨੂੰ ਬੁਲਾ ਕੇ ਪ੍ਰਾਸ਼ਚਿਤ ਕਰਨਾ ਪਵੇਗਾ ਅਤੇ ਤੇਰੇ ਪੰਦਰਾਂ-ਵੀਹ ਰੁਪਏ ਫੂਕੇ ਜਾਣਗੇ।'' ਇਹ ਸੁਣ ਕੇ ਝੱਬੂ ਨੇ ਤੋਤੇ ਨੂੰ ਗੰਦੇ ਨਾਲੇ 'ਚ ਡੁਬਾਉਣ ਦਾ ਵਿਚਾਰ ਛੱਡ ਦਿੱਤਾ ਸੀ।
ਸ਼ੁਰੂ 'ਚ ਤਾਂ ਝੱਬੂ ਨੂੰ ਅਜਿਹਾ ਵਿਆਹ ਕਰਨ 'ਤੇ ਚਾਰੇ ਪਾਸਿਓਂ ਗਾਲ੍ਹਾਂ ਪਈਆਂ। ਉਹ ਖੁਦ ਵੀ ਲੜੀਆ ਨੂੰ ਬੜੇ ਸ਼ੱਕ ਦੀ ਨਜ਼ਰ ਨਾਲ ਦੇਖਦਾ। ਕਈ ਵਾਰ ਉਸ ਨੂੰ ਬਿਨਾਂ ਕਿਸੇ ਕਾਰਨ ਦੇ ਕੁੱਟਦਾ ਅਤੇ ਫਿਰ ਖੁਦ ਵੀ ਮਿੱਲ ਤੋਂ ਗੈਰ-ਹਾਜ਼ਰ ਰਹਿ ਕੇ ਉਸ ਦੀ ਦੇਖਭਾਲ ਕਰਦਾ ਰਿਹਾ। ਪਰ ਹੌਲੀ-ਹੌਲੀ ਲੜੀਆ ਨੇ ਆਪਣਾ ਵਿਸ਼ਵਾਸ ਸਾਰੀ ਚਾਲ 'ਚ ਬਣਾ ਲਿਆ।
ਲੜੀਆ ਕਹਿੰਦੀ ਸੀ, ''ਕੋਈ ਔਰਤ ਸੱਚੇ ਮਨ ਨਾਲ ਵਿਭਚਾਰੀਆਂ ਦੇ ਪੱਲੇ ਪੈਣਾ ਪਸੰਦ ਨਹੀਂ ਕਰਦੀ। ਉਹ ਤਾਂ ਇਕ ਘਰ ਚਾਹੁੰਦੀ ਹੈ, ਭਾਵੇਂ ਉਹ ਛੋਟਾ ਜਿਹਾ ਹੀ ਘਰ ਹੋਵੇ। ਉਹ ਇਕ ਪਤੀ ਚਾਹੁੰਦੀ ਹੈ ਜੋ ਉਸ ਦਾ ਆਪਣਾ ਹੋਵੇ, ਭਾਵੇਂ ਉਹ ਝਾਬੂ ਵਾਂਗ ਹਰ ਵੇਲੇ ਰੌਲਾ ਪਾਉਣ ਵਾਲਾ, ਖੁੱਲ੍ਹੀ ਹੋਈ ਜ਼ੁਬਾਨ ਵਾਲਾ ਅਤੇ ਆਪਣੀਆਂ ਡੀਂਗਾਂ ਮਾਰਨ ਵਾਲਾ ਹੀ ਕਿਉਂ ਨਾ ਹੋਵੇ। ਉਹ ਇਕ ਛੋਟਾ ਬੱਚਾ ਚਾਹੁੰਦੀ ਹੈ, ਭਾਵੇਂ ਉਹ ਕਿੰਨਾ ਹੀ ਬਦਸ਼ਕਲ ਕਿਉਂ ਨਾ ਹੋਵੇ? ਅਤੇ ਲੜੀਆ ਕੋਲ ਘਰ ਵੀ ਸੀ ਅਤੇ ਝੱਬੂ ਵੀ ਸੀ ਅਤੇ ਜੇ ਨਹੀਂ ਸੀ ਤਾਂ ਇਕ ਬੱਚਾ। ਤਾਂ ਕੀ, ਹੋ ਜਾਏਗਾ ਅਤੇ ਜੇ ਨਹੀਂ ਹੁੰਦਾ ਤਾਂ ਭਗਵਾਨ ਦੀ ਇੱਛਾ, ਇਹ ਮੀਆਂ ਮਿੱਠੂ ਹੀ ਇਸ ਦਾ ਬੇਟਾ ਬਣੇਗਾ।
ਸਰਦੀਆਂ 'ਚ ਟਾਈਮ ਮੈਨੇਜਮੈਂਟ
NEXT STORY