ਨਵੀਂ ਦਿੱਲੀ— ਅਫਰੀਕੀ ਦੇਸ਼ਾਂ ਵਿਚ ਹੁਣ ਤੱਕ ਕਈ ਜ਼ਿੰਦਗੀਆਂ ਨੂੰ ਮੌਤ ਦੇ ਮੂੰਹ ਵਿਚ ਧੱਕ ਚੁੱਕੀ ਇਬੋਲਾ ਨਾਂ ਦੀ ਜਾਨਲੇਵਾ ਬੀਮਾਰੀ ਹੁਣ ਭਾਰਤ ਵਿਚ ਵੀ ਦਸਤਕ ਦੇ ਚੁੱਕੀ ਹੈ। ਇਸ ਦਾ ਇਕ ਮਰੀਜ਼ ਰਾਜਧਾਨੀ ਦਿੱਲੀ ਵਿਚ ਮਿਲਿਆ ਹੈ, ਜਿਸ ਤੋਂ ਬਾਅਦ ਇਹ ਜਾਣਨਾ ਬੇਹੱਦ ਜ਼ਰੂਰੀ ਹੈ ਕਿ ਇਬੋਲਾ ਵਾਇਰਸ ਕੀ ਹੈ ਅਤੇ ਇਹ ਕਿਵੇਂ ਫੈਲਦਾ ਹੈ?
ਇਬੋਲਾ ਬੀਮਾਰੀ ਕੋਈ ਨਵੀਂ ਬੀਮਾਰੀ ਨਹੀਂ ਹੈ। 40 ਸਾਲ ਪਹਿਲਾਂ ਇਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਸੀ। ਉਸ ਤੋਂ ਬਾਅਦ ਇਹ ਬੀਮਾਰੀ ਕਈ ਵਾਰ ਸਾਹਮਣੇ ਆ ਚੁੱਕੀ ਹੈ ਪਰ ਇਸ ਵਾਰ ਇਹ ਭਿਆਨਕ ਰੂਪ ਧਾਰ ਚੁੱਕੀ ਹੈ ਤੇ ਇਸ ਨੂੰ ਕੰਟਰੋਲ ਕਰਨਾ ਔਖਾ ਹੋ ਰਿਹਾ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਇਸ ਵਾਰ ਦਾ ਇਬੋਲਾ ਵਾਇਰਸ ਸਭ ਤੋਂ ਜ਼ਿਆਦਾ ਖਤਰਨਾਕ ਹੈ। ਸਾਲ 1976 ਵਿਚ ਅਫਰੀਕਾ ਵਿਚ ਪਹਿਲੀ ਵਾਰ ਇਸ ਵਾਇਰਸ ਦਾ ਪਤਾ ਲੱਗਾ ਸੀ। ਸੂਡਾਨ ਦੇ ਮੁਜਿਆਰਾ ਅਤੇ ਕਾਂਗੋ ਦੇ ਇਬੋਲਾਗਿਨੀ ਵਿਚ ਇਬੋਲਾ ਵਾਇਰਸ ਤੇਜ਼ੀ ਨਾਲ ਫੈਲਿਆ ਸੀ। ਕਾਂਗੋ ਦੀ ਇਬੋਲਾ ਨਦੀ ਦੇ ਨਾਂ 'ਤੇ ਹੀ ਇਸ ਵਾਇਰਸ ਦਾ ਨਾਂ ਇਬੋਲਾ ਰੱਖਿਆ ਗਿਆ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਅਫਰੀਕਾ ਵਿਚ 15 ਵਾਰ ਇਬੋਲਾ ਨਾਂ ਦਾ ਸੰਕਟ ਆ ਚੁੱਕਾ ਹੈ।
ਕੀ ਹੈ ਇਬੋਲਾ ਵਾਇਰਸ
ਵਿਸ਼ਵ ਸਿਹਤ ਸੰਗਠਨ ਦੇ ਮੁਤਾਬਕ, ਚਮਗਿੱਦੜ ਇਬੋਲਾ ਵਾਇਰਸ ਦਾ ਮੂਲ ਸ੍ਰੋਤ ਹੈ। ਯਾਨੀ ਮੂਲ ਰੂਪ ਨਾਲ ਇਬ ਬੀਮਾਰੀ ਚਮਗਿੱਦੜ ਤੋਂ ਫੈਲਦੀ ਹੈ। ਇਬੋਲਾ ਬੀਮਾਰੀ ਦਾ ਵਾਇਰਸ 2 ਤੋਂ 21 ਦਿਨਾਂ ਵਿਚ ਮਨੁੱਖ ਦੇ ਸਰੀਰ ਵਿਚ ਪੂਰੀ ਤਰ੍ਹਾਂ ਫੈਲ ਜਾਂਦਾ ਹੈ, ਜਿਸ ਕਾਰਨ ਮਨੁੱਖ ਦੀਆਂ ਕੋਸ਼ੀਕਾਵਾਂ ਤੋਂ ਸਾਈਟੋਕਾਈਨ ਪ੍ਰੋਟੀਨ ਬਾਹਰ ਆਉਣ ਲੱਗਦਾ ਹੈ। ਕੋਸ਼ੀਕਾਵਾਂ ਨਾੜਾਂ ਨੂੰ ਛੱਡ ਦਿੰਦੀਆਂ ਹਨ, ਜਿਸ ਕਾਰਨ ਉਨ੍ਹਾਂ 'ਚੋਂ ਖੂਨ ਨਿਕਲਣ ਲੱਗਦਾ ਹੈ।
ਕਿਵੇਂ ਫੈਲਦਾ ਹੈ—
ਇਬੋਲਾ ਵਾਇਰਸ ਤੇਜ਼ੀ ਅਤੇ ਆਸਾਨੀ ਨਾਲ ਫੈਲਦਾ ਹੈ। ਇਬੋਲਾ ਪੀੜਤ ਮਰੀਜ਼ ਦੇ ਸੰਪਰਕ ਵਿਚ ਆਉਣ ਨਾਲ ਸਾਹਮਣੇ ਵਾਲੇ ਨੂੰ ਵੀ ਇਹ ਬੀਮਾਰੀ ਹੋ ਜਾਂਦੀ ਹੈ। ਮਰੀਜ਼ ਦਾ ਖੂਨ, ਪਸੀਨਾ ਅਤੇ ਛੂਹਣਾ ਇਸ ਦੇ ਮੁੱਖ ਸ੍ਰੋਤ ਹਨ। ਮਹਾਵਾਰੀ ਵਾਲੇ ਇਲਾਕੇ ਵਿਚ ਪਸ਼ੂਆਂ ਦੇ ਸੰਪਰਕ ਵਿਚ ਆਉਣ ਨਾਲ ਵੀ ਇਬੋਲਾ ਵਾਇਰਸ ਫੈਲ ਜਾਂਦਾ ਹੈ।
ਇਬੋਲਾ ਦੇ ਲੱਛਣ—
ਇਬੋਲਾ ਪੀੜਤ ਮਰੀਜ਼ ਦੇ ਜੋੜਾਂ ਅਤੇ ਮਾਸਪੇਸ਼ੀਆਂ ਵਿਚ ਦਰਦ ਰਹਿਣ ਲੱਗਦਾ ਹੈ। ਉਸ ਦਾ ਰੰਗ ਪੀਲਾ ਪੈ ਜਾਂਦਾ ਹੈ, ਵਾਲ ਝੜਨ ਲੱਗਦੇ ਹਨ। ਤੇਜ਼ੀ ਰੌਸ਼ਨੀ ਅੱਖਾਂ 'ਤੇ ਅਸਰ ਪਾਉਂਦੀ ਹੈ। ਪੀੜਤ ਮਰੀਜ਼ ਬਹੁਤ ਵਧੇਰੇ ਰੌਸ਼ਨੀ ਬਰਦਾਸ਼ਤ ਨਹੀਂ ਕਰ ਪਾਉਂਦਾ। ਅੱਖਾਂ 'ਚੋਂ ਪਾਣੀ ਨਿਕਲਣ ਲੱਗਦਾ ਹੈ। ਮਰੀਜ਼ ਨੂੰ ਤੇਜ਼ ਬੁਖਾਰ ਰਹਿੰਦਾ ਹੈ। ਇਸ ਦੇ ਨਾਲ ਹੀ ਕਾਲੇਰਾ, ਡਾਇਰੀਆ ਅਤੇ ਟਾਈਫਾਇਡ ਵਰਗੀਆਂ ਬੀਮਾਰੀਆਂ ਦੇ ਲੱਛਣ ਵੀ ਦਿਖਾਈ ਦਿੰਦੇ ਹਨ।
ਇਬੋਲਾ ਦਾ ਇਲਾਜ—
ਇਬੋਲਾ ਦੇ ਇਲਾਜ ਦਾ ਕੋਈ ਨਿਸ਼ਚਿਤ ਤਰੀਕਾ ਅਜੇ ਤੱਕ ਲੱਭਿਆ ਨਹੀਂ ਗਿਆ ਹੈ। ਬਸ ਮਰੀਜ਼ ਨੂੰ ਬਾਕੀ ਲੋਕਾਂ ਤੋਂ ਬਿਲਕੁਲ ਵੱਖ ਰੱਖ ਕੇ ਉਨ੍ਹਾਂ ਦਾ ਇਲਾਜ ਕੀਤਾ ਜਾਂਦਾ ਹੈ, ਤਾਂ ਜੋ ਇਹ ਵਾਇਰਸ ਬਾਕੀ ਲੋਕਾਂ ਤੱਕ ਨਾ ਪਹੁੰਚੇ। ਮਰੀਜ਼ ਵਿਚ ਪਾਣੀ ਦੀ ਕਮੀ ਨਹੀਂ ਹੋਣੀ ਚਾਹੀਦੀ। ਉਸ ਦੇ ਸਰੀਰ ਵਿਚ ਆਕਸੀਜਨ ਦਾ ਪੱਧਰ ਅਤੇ ਬਲੱਡ ਪ੍ਰੈਸ਼ਰ ਆਮ ਰੱਖਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।
ਕੈਨੇਡਾ ਅਤੇ ਚੀਨ ਵਰਗੇ ਦੇਸ਼ਾਂ ਨੇ ਇਸ ਦੀਆਂ ਕੁਝ ਪ੍ਰਯੋਗਾਤਮਿਕ ਦਵਾਈਆਂ ਵੀ ਬਣਾਈਆਂ ਹਨ, ਜਿਨ੍ਹਾਂ ਦੀ ਮਦਦ ਨਾਲ ਵੀ ਕਈ ਲੋਕਾਂ ਦਾ ਇਲਾਜ ਕੀਤਾ ਜਾਂਦਾ ਹੈ। ਇਸ ਦਾ ਵਾਇਰਸ ਬਹੁਤ ਤੇਜ਼ੀ ਨਾਲ ਫੈਲਦਾ ਹੈ, ਇਸ ਲਈ ਮਰੀਜ਼ ਦੀ ਦੇਖਭਾਲ ਕਰ ਰਹੇ ਲੋਕਾਂ ਨੂੰ ਖਾਸ ਕਿਸਮ ਦੀ ਕਿੱਟ ਦਿੱਤੀ ਜਾਂਦੀ ਹੈ, ਜਿਸ ਨੂੰ ਪਹਿਨ ਕੇ ਹੀ ਉਹ ਮਰੀਜ਼ ਦੇ ਸੰਪਰਕ ਵਿਚ ਆਉਂਦੇ ਹਨ। ਇਸ ਦੀ ਭਿਆਨਕਤਾ ਦਾ ਅੰਦਾਜ਼ਾ ਇਸ ਗੱਲ ਤੋਂ ਹੀ ਲਗਾਇਆ ਜਾ ਸਕਦਾ ਹੈ ਕਿ ਇਸ ਬੀਮਾਰੀ ਦੀ ਲਪੇਟ ਵਿਚ ਆਉਣ ਵਾਲੇ 50 ਤੋਂ 80 ਫੀਸਦੀ ਮਰੀਜ਼ਾਂ ਦੀ ਮੌਤ ਹੀ ਹੋ ਜਾਂਦੀ ਹੈ।
ਭਾਰਤ 'ਚ ਖਤਰਨਾਕ ਇਬੋਲਾ ਦੀ ਦਸਤਕ, ਮਚਿਆ ਹੜਕੰਪ
NEXT STORY