ਅੰਮ੍ਰਿਤਸਰ (ਪ੍ਰਵੀਨ ਪੁਰੀ)- ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪੁਰਬ 28 ਦਸੰਬਰ ਨੂੰ ਹੀ ਹੈ, ਜੋ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਦੇ ਕਾਰਨ 7 ਜਨਵਰੀ ਨੂੰ ਮਨਾਏ ਜਾਣ ਦਾ ਫੈਸਲਾ ਪੰਜ ਸਿੰਘ ਸਾਹਿਬਾਨ ਵਲੋਂ ਕੀਤਾ ਗਿਆ ਹੈ। ਇਹ ਫੈਸਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੰਗ ਦੇ ਆਧਾਰ 'ਤੇ ਹੋਇਆ ਹੈ ਅਤੇ ਸਿਰਫ ਇਸ ਸਾਲ ਦੇ ਲਈ ਹੀ ਹੈ, ਨਾ ਕਿ ਨਾਨਕਸ਼ਾਹੀ ਕੈਲੰਡਰ 'ਚ ਪੱਕੇ ਤੌਰ 'ਤੇ ਸੋਧ ਕੀਤੀ ਗਈ ਹੈ।
ਉਨ੍ਹਾਂ ਨੇ ਕਿਹਾ ਕਿ ਫਿਲਹਾਲ ਨਾਨਕਸ਼ਾਹੀ ਕੈਲੰਡਰ ਵਿਚ ਕੋਈ ਵੀ ਸੋਧ ਨਹੀਂ, ਨਾ ਹੀ ਸੰਗਤਾਂ ਕੋਲੋਂ ਸੁਝਾਅ ਮੰਗੇ ਗਏ ਹਨ ਅਤੇ ਨਾ ਹੀ ਲਿਖਤੀ ਤੌਰ 'ਤੇ ਅਜੇ ਤੱਕ ਸ੍ਰੀ ਅਕਾਲ ਤਖਤ ਸਾਹਿਬ ਦੇ ਕੋਲ ਕਿਸੇ ਵਲੋਂ ਸੁਝਾਅ ਦਿੱਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਸੰਗਤਾਂ ਵਲੋਂ ਸੁਝਾਅ ਆਉਣ 'ਤੇ ਉਸ ਬਾਰੇ ਪਹਿਲਾਂ ਹੀ ਬਣੀ ਦੋ ਮੈਂਬਰੀ ਕਮੇਟੀ, ਜਿਸ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਅਤੇ ਦਮਦਮੀ ਟਕਸਾਲ ਦੇ ਮੁਖੀ ਭਾਈ ਹਰਨਾਮ ਸਿੰਘ ਖਾਲਸਾ ਨਾਲ ਵਿਚਾਰ ਕੀਤੀ ਜਾਵੇਗੀ, ਜਿਸ ਵਿਚ ਸੁਝਾਵਾਂ ਦੇ ਆਧਾਰ 'ਤੇ ਹੱਲ ਲਈ ਉਪਰਾਲੇ ਕੀਤੇ ਜਾਣਗੇ।
ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਲੋੜ ਪੈਣ 'ਤੇ ਸੋਧ ਸੰਭਵ ਹੋ ਸਕਦੀ ਹੈ ਪਰ ਅਜੇ ਅਜਿਹੀ ਕੋਈ ਵੀ ਗੱਲ ਨਹੀਂ ਹੈ। ਉਨ੍ਹਾਂ ਨੇ ਦੱਸਿਆ ਕਿ ਸੋਧੇ ਹੋਏ ਨਾਨਕਸ਼ਾਹੀ ਕੈਲੰਡਰ 'ਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪੁਰਬ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਿਹਾੜੇ 'ਤੇ ਆ ਜਾਣ ਦੇ ਕਾਰਨ ਇਸ ਨੂੰ ਮੁੜ ਤੋਂ ਉਭਾਰਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਹਫਤੇ ਦੌਰਾਨ ਪੂਰੀ ਕੌਮ ਵੈਰਾਗਮਈ ਹੁੰਦੀ ਹੈ। ਉਨ੍ਹਾਂ ਨੇ ਸਿੱਖ ਸੰਗਤਾਂ ਨੂੰ ਕਿਹਾ ਕਿ ਉਹ ਇਸ ਹਫਤੇ ਦੌਰਾਨ ਆਪਣੇ ਘਰਾਂ ਵਿਚ ਕੋਈ ਵੀ ਖੁਸ਼ੀ ਦਾ ਸਮਾਗਮ ਨਾ ਰੱਖਣ ਅਤੇ ਅਰਦਾਸ ਵੀ ਗਮੀ ਦੀ ਹੀ ਕੀਤੀ ਜਾਵੇ। ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਕੌਮ ਦੇ ਲਈ ਅਹਿਮ ਸਥਾਨ ਰੱਖਦੀ ਹੈ, ਜਿਸ ਦੇ ਕਾਰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪੁਰਬ 7 ਜਨਵਰੀ ਨੂੰ ਹੀ ਮਨਾਇਆ ਜਾਣਾ ਹੈ, ਜਦੋਂਕਿ ਗੁਰਪੁਰਬ 28 ਦਸੰਬਰ ਨੂੰ ਹੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸਬੰਧੀ ਮਾਹਿਰਾਂ ਦੀ ਰਾਏ ਜ਼ਰੂਰ ਲਈ ਜਾਵੇਗੀ ਅਤੇ ਨਵੀਂ ਕਮੇਟੀ ਬਣਾਉਣ ਦੀ ਕੋਈ ਵੀ ਸੰਭਾਵਨਾ ਨਹੀਂ, ਪਹਿਲਾਂ ਵਾਲੀ ਕਮੇਟੀ ਦੇ ਨਾਲ ਹੀ ਵਿਚਾਰਾਂ ਹੋਣਗੀਆਂ।
ਉਨ੍ਹਾਂ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ 7 ਜਨਵਰੀ ਨੂੰ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪੁਰਬ ਮਨਾਉਣ ਅਤੇ 28 ਦਸੰਬਰ ਨੂੰ ਸਿਰਫ ਛੋਟੇ ਸਾਹਿਬਜ਼ਾਦਿਆਂ ਦਾ ਹੀ ਸ਼ਹੀਦੀ ਦਿਹਾੜਾ ਮਨਾਇਆ ਜਾਵੇ। ਉਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪੁਰਬ 7 ਜਨਵਰੀ ਨੂੰ ਮਨਾਉਣ ਸਬੰਧੀ ਸੰਗਤਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਤੋਂ ਜਾਣੂ ਕਰਵਾਉਣ। ਇਸ ਤੋਂ ਪਹਿਲਾਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਲੈ ਕੇ ਸੰਗਤਾਂ ਵਿਚ ਦੁਵਿਧਾ ਸੀ, ਪਾਕਿਸਤਾਨ ਕਮੇਟੀ ਮੂਲ ਨਾਨਕਸ਼ਾਹੀ ਕੈਲੰਡਰ ਦੇ ਅਨੁਸਾਰ ਹੀ ਗੁਰਪੁਰਬ ਮਨਾਉਣ ਦੇ ਲਈ ਬਜਿੱਦ ਸੀ।
ਸ਼ਰਾਬੀ ਨੇ ਸੜਕ 'ਤੇ ਸ਼ਰੇਆਮ ਪੁਲਸ ਨੂੰ ਕੱਢੀਆ ਗਾਲ੍ਹਾਂ
NEXT STORY