ਪਿਆਰੇ ਪਾਠਕੋ! ਇਸ ਵਾਰ ਅਸੀਂ ਆਪ ਜੀ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨਾਲ ਸੰਬੰਧਤ ਪਿੰਡ ਰੈਲੋਂ ਦੇ ਗੁਰਦੁਆਰਾ ਬਾਉਲੀ ਸਾਹਿਬ ਬਾਰੇ ਜਾਣਕਾਰੀ ਦਿਆਂਗੇ। ਸ੍ਰੀ ਗੁਰੂ ਤੇਗ ਬਹਾਦਰ ਜੀ ਸ੍ਰੀ ਆਨੰਦਪੁਰ ਸਾਹਿਬ ਤੋਂ ਜਦੋਂ ਆਸਾਮ ਦੇ ਧਰਮ ਪ੍ਰਚਾਰ ਦੌਰੇ ਲਈ ਨਿਕਲੇ ਸਨ ਤਾਂ ਉਹ ਰੋਪੜ, ਪਟਿਆਲਾ ਦੇ ਨਾਲ-ਨਾਲ ਹੋਰਨਾਂ ਜ਼ਿਲਿਆਂ ਦੇ ਵੱਖੋ-ਵੱਖ ਪਿੰਡਾਂ 'ਚ ਪਧਾਰੇ ਸਨ। ਗੁਰੂ ਸਾਹਿਬ ਦੀ ਯਾਦ 'ਚ ਇਸ ਇਲਾਕੇ ਦੇ ਬਹੁਤ ਸਾਰੇ ਪਿੰਡਾਂ 'ਚ ਗੁਰਦੁਆਰਾ ਸਾਹਿਬਾਨ ਸੁਸ਼ੋਭਿਤ ਹਨ। ਪਿੰਡ ਰੈਲੋਂ ਜ਼ਿਲਾ ਸ੍ਰੀ ਫਤਿਹਗੜ੍ਹ ਸਾਹਿਬ 'ਚ ਪੈਂਦਾ ਹੈ।
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸੰਮਤ 1727 ਮੁਤਾਬਿਕ 1670 ਈਸਵੀ ਦੇ ਨੇੜੇ-ਤੇੜੇ ਇਸ ਇਲਾਕੇ 'ਚ ਪਧਾਰੇ ਸਨ। ਸ੍ਰੀ ਗੁਰੂ ਤੇਗ ਬਹਾਦਰ ਜੀ ਪਹਿਲਾਂ ਪਿੰਡ ਨੰਦਪੁਰ ਕਲੌੜ ਵਿਖੇ ਆਏ ਸਨ, ਜਿਥੇ ਕਿ ਕਾਫੀ ਦਿਨਾਂ ਤਕ ਠਹਿਰਾਅ ਕੀਤਾ। ਉਦੋਂ ਗੁਰੂ ਜੀ ਆਸ-ਪਾਸ ਦੇ ਪਿੰਡਾਂ 'ਚ ਲੋਕਾਂ ਦੀ ਬੇਨਤੀ ਮੰਨ ਕੇ ਗਏ ਸਨ। ਪਿੰਡ ਰੈਲੋਂ ਬੱਸੀ ਪਠਾਣਾਂ ਤੋਂ 10 ਕੁ ਕਿਲੋਮੀਟਰ ਦੂਰੀ 'ਤੇ ਸਥਿਤ ਹੈ। ਇਸ ਪਿੰਡ ਵਿਚ ਉਦੋਂ ਖਾਰਿਸ਼ ਦਾ ਰੋਗ ਫੈਲਿਆ ਹੋਇਆ ਸੀ। ਪਿੰਡ ਦੇ ਲੋਕ ਇਸ ਬੀਮਾਰੀ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਸਨ। ਬਹੁਤ ਤਰ੍ਹਾਂ ਦੇ ਇਲਾਜ ਕਰਵਾਉਣ ਦੇ ਬਾਵਜੂਦ ਵੀ ਲੋਕਾਂ ਨੂੰ ਬੀਮਾਰੀ ਤੋਂ ਰਾਹਤ ਨਹੀਂ ਸੀ ਮਿਲ ਰਹੀ। ਉਦੋਂ ਪਿੰਡ ਦੇ ਲੋਕਾਂ ਨੂੰ ਜਦ ਇਹ ਪਤਾ ਲੱਗਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਪਿੰਡ ਨੰਦਪੁਰ ਵਿਖੇ ਆਏ ਹੋਏ ਹਨ ਤਾਂ ਉਨ੍ਹਾਂ ਨੇ ਗੁਰੂ ਜੀ ਦੀ ਸੇਵਾ ਵਿਚ ਬੇਨਤੀ ਕਰਨ ਦਾ ਮਨ ਬਣਾਇਆ।
ਪਿੰਡ ਦੇ ਲੋਕੀਂ ਇਕੱਠੇ ਹੋ ਕੇ ਨੰਦਪੁਰ ਪਿੰਡ ਵਿਖੇ ਪਹੁੰਚੇ। ਗੁਰੂ ਜੀ ਆਪਣੀ ਭਗਤੀ ਵਿਚ ਲੀਨ ਸਨ ਤਾਂ ਲੋਕਾਂ ਨੇ ਮੌਕਾ ਪਾ ਕੇ ਗੁਰੂ ਜੀ ਅੱਗੇ ਬੇਨਤੀ ਕੀਤੀ ਕਿ ਉਹ ਪਿੰਡ ਰੈਲੋਂ ਵਿਖੇ ਵੀ ਚਰਨ ਪਾਉਣ। ਗੁਰੂ ਜੀ ਨੇ ਪਿੰਡ ਦੀ ਪੰਚਾਇਤ ਦੀ ਬੇਨਤੀ ਪ੍ਰਵਾਨ ਕਰ ਲਈ ਅਤੇ ਅਗਲੇ ਹੀ ਦਿਨ ਰੈਲੋਂ ਪਿੰਡ ਪਹੁੰਚ ਗਏ। ਗੁਰੂ ਜੀ ਨੇ ਪਿੰਡ ਦੇ ਬਾਹਰਵਾਰ ਇਕ ਬੋਹੜ ਦੇ ਦਰੱਖਤ ਦੇ ਥੱਲੇ ਆਪਣਾ ਉਤਾਰਾ ਕੀਤਾ। ਕੁਝ ਚੋਣਵੇਂ ਸਿੱਖ ਗੁਰੂ ਜੀ ਦੇ ਨਾਲ ਸ੍ਰੀ ਆਨੰਦਪੁਰ ਸਾਹਿਬ ਤੋਂ ਹੀ ਆਏ ਹੋਏ ਸਨ। ਸਾਰਾ ਹੀ ਪਿੰਡ ਗੁਰੂ ਜੀ ਦੀ ਆਮਦ ਬਾਰੇ ਸੁਣ ਕੇ ਬੋਹੜ ਹੇਠ ਇਕੱਠਾ ਹੋ ਗਿਆ। ਲੋਕਾਂ ਨੇ ਬੇਨਤੀ ਕੀਤੀ ਕਿ ਸੱਚੇ ਪਾਤਿਸ਼ਾਹ ਸਾਰੇ ਪਿੰਡ ਵਿਚ ਪਾਂਵ (ਖਾਰਿਸ਼) ਦਾ ਰੋਗ ਫੈਲਿਆ ਹੋਇਆ ਹੈ। ਇਹ ਰੋਗ ਇੰਨੀ ਬੁਰੀ ਤਰ੍ਹਾਂ ਫੈਲਿਆ ਹੋਇਆ ਹੈ ਕਿ ਜਦੋਂ ਕੋਈ ਛੋਟਾ ਬੱਚਾ ਜਨਮ ਲੈਂਦਾ ਹੈ ਤਾਂ ਉਸ ਨੂੰ ਵੀ ਇਹ ਰੋਗ ਹੋ ਜਾਂਦਾ ਹੈ। ਲੋਕੀਂ ਇਸ ਰੋਗ ਤੋਂ ਬਹੁਤ ਤੰਗ ਹਨ। ਕੋਈ ਕਿਰਪਾ ਕਰੋ ਤੇ ਲੋਕਾਂ ਨੂੰ ਬੀਮਾਰੀ ਤੋਂ ਨਿਜਾਤ ਦਿਵਾਓ।
ਜਿਸ ਥਾਂ 'ਤੇ ਗੁਰੂ ਜੀ ਬੋਹੜ ਹੇਠ ਬੈਠੇ ਹੋਏ ਸਨ, ਉਥੇ ਨੇੜੇ ਹੀ ਇਕ ਸਾਫ ਪਾਣੀ ਦੀ ਛੱਪੜੀ ਸੀ। ਗੁਰੂ ਜੀ ਨੇ ਆਪਣੇ ਪਾਵਨ ਚਰਨ ਇਸ ਛੱਪੜ 'ਚ ਪਾਏ ਅਤੇ ਉਨ੍ਹਾਂ ਨੂੰ ਧੋਤਾ। ਗੁਰੂ ਜੀ ਨੇ ਸਹਿਜ ਭਾਵ ਨਾਲ ਬਚਨ ਕੀਤਾ ਕਿ ਜੋ ਵੀ ਪ੍ਰਾਣੀ ਇਸ ਬਾਉਲੀ 'ਚ ਇਸ਼ਨਾਨ ਕਰੇਗਾ, ਉਸ ਨੂੰ ਇਹ ਖਾਰਿਸ਼ ਦਾ ਰੋਗ ਨਹੀਂ ਰਹੇਗਾ। ਗੁਰੂ ਜੀ ਨੇ ਲੋਕਾਂ ਨੂੰ ਇਹ ਪ੍ਰੇਰਨਾ ਵੀ ਦਿੱਤੀ ਕਿ ਪਾਣੀ ਦੀ ਪਵਿੱਤਰਤਾ ਕਾਇਮ ਰੱਖਣੀ ਚਾਹੀਦੀ ਹੈ। ਇਸੇ ਤਰ੍ਹਾਂ ਆਪਣੇ ਸਰੀਰ ਦੀ ਵੀ ਸਾਫ-ਸਫਾਈ ਵੱਲ ਧਿਆਨ ਦੇਣਾ ਚਾਹੀਦਾ ਹੈ। ਗੁਰੂ ਜੀ ਨੇ ਲੋਕਾਂ ਨੂੰ ਰੋਜ਼ਾਨਾ ਇਸ਼ਨਾਨ ਕਰਨ ਲਈ ਵੀ ਪ੍ਰੇਰਨਾ ਦਿੱਤੀ। ਗੁਰੂ ਜੀ ਨੇ ਕਿਹਾ ਕਿ ਪਾਣੀ ਦੇ ਜੋ ਸੋਮੇ ਹਨ, ਉਨ੍ਹਾਂ ਨੂੰ ਸਾਫ-ਸੁਥਰੇ ਰੱਖਣਾ ਚਾਹੀਦਾ ਹੈ ਕਿਉਂਕਿ ਪਾਣੀ ਲੋਕਾਂ ਦੀਆਂ ਬਹੁਤ ਲੋੜਾਂ ਪੂਰੀਆਂ ਕਰਦਾ ਹੈ। ਲੋਕਾਂ ਨੇ ਗੁਰੂ ਜੀ ਦਾ ਬਚਨ ਮੰਨ ਕੇ ਬਾਉਲੀ 'ਚ ਇਸ਼ਨਾਨ ਕੀਤਾ ਅਤੇ ਹੌਲੀ-ਹੌਲੀ ਲੋਕਾਂ ਦਾ ਇਹ ਰੋਗ ਦੂਰ ਹੋ ਗਿਆ। ਇਸ ਪਿੰਡ ਦੇ ਇਕ ਵਸਨੀਕ ਭਾਈ ਭਗਤੂ ਨੇ ਇਸ ਛੱਪੜ ਦੇ ਆਲੇ-ਦੁਆਲੇ ਸਥਿਤ ਆਪਣੀ 2 ਵਿੱਘੇ 9 ਬਿਸਵੇ ਜਗ੍ਹਾ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਵਾਈ। ਗੁਰੂ ਜੀ ਨੇ ਉਦੋਂ ਹੁਕਮ ਕੀਤਾ ਕਿ ਇਸ ਥਾਂ 'ਤੇ ਇਕ ਥੜ੍ਹਾ ਬਣਾਇਆ ਜਾਵੇ ਅਤੇ ਸਾਰੇ ਲੋਕ ਇਕੱਠੇ ਹੋ ਕੇ ਇਥੇ ਗੁਰਬਾਣੀ ਦਾ ਜਾਪ ਅਤੇ ਗੁਰਮਤਿ ਵਿਚਾਰਾਂ ਕਰਨ। ਸੰਗਤ ਨੇ ਇਥੇ ਥੜ੍ਹਾ ਬਣਾ ਦਿੱਤਾ ਅਤੇ ਸਾਰੇ ਇਕੱਠੇ ਹੋ ਕੇ ਰੱਬ ਦੀ ਭਗਤੀ ਲਈ ਸਮਾਂ ਕੱਢਣ ਲੱਗੇ। ਗੁਰੂ ਜੀ ਨੇ ਵਰਦਾਨ ਦਿੱਤਾ ਕਿ ਇਹ ਪਿੰਡ ਗੁਰੂ ਦਾ ਪਿੰਡ ਹੋਇਆ। ਇਥੇ ਗੁਰੂ ਦਾ ਲੰਗਰ ਚਲਾਓ ਅਤੇ ਸਾਧ-ਸੰਗਤ ਦੀ ਸੇਵਾ ਕਰੋ। ਗੁਰੂ ਸਾਹਿਬ ਨੇ ਪਿੰਡ ਵਾਸੀਆਂ ਨੂੰ ਕਿਰਤ ਕਰਨ, ਨਾਮ ਜਪਣ, ਵੰਡ ਕੇ ਛਕਣ ਅਤੇ ਗੁਰਸਿੱਖਾਂ ਦੀ ਸੇਵਾ ਕਰਨ ਦਾ ਹੁਕਮ ਦਿੱਤਾ ਤੇ ਕਿਹਾ ਕਿ ਜੇਕਰ ਇਸੇ ਤਰ੍ਹਾਂ ਕਰਦੇ ਰਹੋਗੇ ਤਾਂ ਸਦਾ ਸੁਖੀ ਰਹੋਗੇ।
ਪਿੰਡ ਦੀ ਇਕ ਬਜ਼ੁਰਗ ਔਰਤ ਮਾਈ ਆਸੋ, ਜਿਸ ਦੇ ਘਰ ਕੋਈ ਔਲਾਦ ਨਹੀਂ ਸੀ। ਉਸ ਨੇ ਗੁਰੂ ਦੇ ਚਰਨਾਂ ਵਿਚ ਬੇਨਤੀ ਕੀਤੀ ਕਿ ਉਸ 'ਤੇ ਕਿਰਪਾ ਕਰਕੇ ਉਸ ਨੂੰ ਪੁੱਤਰ ਦੀ ਦਾਤ ਬਖਸ਼ੀ ਜਾਵੇ। ਉਸ ਨੇ ਕਿਹਾ ਕਿ ਉਸ ਦੇ ਪੁੱਤਰ ਹੋ ਜਾਂਦਾ ਹੈ ਤਾਂ ਉਹ ਗੁਰੂ ਜੀ ਦੀ ਯਾਦ 'ਚ ਇਥੇ ਗੁਰੂ ਘਰ ਬਣਾਏਗੀ। ਗੁਰੂ ਸਾਹਿਬ ਨੇ ਉਸ ਨੂੰ ਪੁੱਤਰ ਦਾ ਆਸ਼ੀਰਵਾਦ ਦੇ ਦਿੱਤਾ ਪਰ ਨਾਲ ਹੀ ਇਹ ਵੀ ਕਿਹਾ ਕਿ ਇਸ ਅਸਥਾਨ 'ਤੇ ਗੁਰੂ ਘਰ ਉਹ ਇਕੱਲੀ ਨਹੀਂ ਬਣਾਏਗੀ, ਬਲਕਿ ਸਾਰੀ ਸੰਗਤ ਰਲ ਕੇ ਬਣਾਏਗੀ। ਸਮਾਂ ਪਾ ਕੇ ਮਾਈ ਆਸੋ ਦੇ ਘਰ ਪੁੱਤਰ ਪੈਦਾ ਹੋਇਆ ਤੇ ਉਸ ਨੇ ਗੁਰੂ ਘਰ ਬਣਾਉਣ 'ਚ ਬਹੁਤ ਯੋਗਦਾਨ ਪਾਇਆ। ਇਥੇ ਗੁਰੂ ਤੇਗ ਬਹਾਦਰ ਜੀ ਦੀ ਮੋਹਰ ਵਾਲਾ ਇਕ ਪਟਾ ਲਿਖਿਆ ਪਿਆ ਹੈ, ਜਿਸ 'ਤੇ ਉਕਤ ਸਾਰੀ ਘਟਨਾ ਦਾ ਵਰਣਨ ਕੀਤਾ ਹੋਇਆ ਹੈ ਤੇ ਗੁਰੂ ਸਾਹਿਬ ਦੇ ਹਸਤਾਖਰ ਹਨ। ਇਸ ਪਟਾ ਰੂਪੀ ਹੁਕਮਨਾਮੇ 'ਚ ਇਹ ਵੀ ਲਿਖਿਆ ਹੋਇਆ ਹੈ ਕਿ ਜੋ ਇਸ ਪਟੇ ਦੇ ਦਰਸ਼ਨ ਕਰੇਗਾ, ਉਸ ਨੂੰ ਗੁਰੂ ਦੇ ਹੀ ਦਰਸ਼ਨ ਹੋਣਗੇ। ਗੁਰੂ ਜੀ ਇਸ ਪਿੰਡ ਵਿਚ ਦੋ ਦਿਨ ਲਈ ਰਹੇ। ਪੰਜੋਖਰਾ ਸਾਹਿਬ ਦੇ ਮਹਾਪੁਰਸ਼ ਬਾਬਾ ਅਰਜਨ ਸਿੰਘ ਨੇ ਪਿੰਡ ਰੈਲੋਂ ਵਿਖੇ ਪਹੁੰਚ ਕੇ ਲੱਗਭਗ 1933 ਦੇ ਕਰੀਬ ਪਹਿਲਾਂ ਪਹਿਲ ਇਥੇ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਬਣਾਈ।
ਸੰਤ ਬਾਬਾ ਅਜੀਤ ਸਿੰਘ ਨਥਲਪੁਰ ਵਾਲਿਆਂ ਦੇ ਅਨਿੰਨ ਸੇਵਕ ਸੰਤ ਬਾਬਾ ਤੇਜਾ ਸਿੰਘ ਇਥੇ ਪਿਛਲੇ 70 ਸਾਲਾਂ ਤੋਂ ਸੇਵਾ ਸੰਭਾਲ ਕਰਦੇ ਆ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਨਥਲਪੁਰ ਵਾਲੇ ਮਹਾਪੁਰਸ਼ਾਂ ਨੇ ਹੀ ਇਥੇ ਸੇਵਾ ਕਰਨ ਲਈ ਭੇਜਿਆ ਸੀ। ਕੁਝ ਸਮਾਂ ਪਹਿਲਾਂ ਬਾਬਾ ਹਰਬੰਸ ਸਿੰਘ ਦਿੱਲੀ ਵਾਲਿਆਂ ਨੇ ਇਥੇ ਗੁਰਦੁਆਰਾ ਸਾਹਿਬ ਦੀ ਆਲੀਸ਼ਾਨ ਇਮਾਰਤ ਉਸਾਰੀ ਹੈ। ਇਥੇ ਹਰ ਗੁਰਪੁਰਬ ਬਹੁਤ ਸ਼ਰਧਾ ਨਾਲ ਮਨਾਇਆ ਜਾਂਦਾ ਹੈ। ਬਾਬਾ ਤੇਜਾ ਸਿੰਘ ਦੇ ਯਤਨਾਂ ਸਦਕਾ ਛੱਪੜ ਵਾਲੀ ਥਾਂ ਜਿਸ 'ਤੇ ਲੋਕਾਂ ਵਲੋਂ ਕਬਜ਼ਾ ਕੀਤਾ ਹੋਇਆ ਸੀ, ਉਸ ਨੂੰ ਖਾਲੀ ਕਰਵਾ ਕੇ ਇਥੇ ਸਰੋਵਰ ਵੀ ਬਣਾਇਆ ਗਿਆ ਹੈ। ਲੋਕਾਂ ਦੀ ਆਸਥਾ ਹੈ ਕਿ ਅਜੇ ਵੀ ਇਥੇ ਇਸ਼ਨਾਨ ਕਰਨ ਨਾਲ ਖਾਰਿਸ਼ ਦਾ ਰੋਗ ਦੂਰ ਹੁੰਦਾ ਹੈ। ਬਾਬਾ ਤੇਜਾ ਸਿੰਘ ਜੀ ਸਾਰੀਆਂ ਸੰਗਤਾਂ ਨੂੰ ਪਹਿਲਾਂ ਬਾਉਲੀ ਸਾਹਿਬ ਜੀ ਵਿਖੇ ਅਰਦਾਸ ਕਰਕੇ ਇਸ਼ਨਾਨ ਕਰਨ ਲਈ ਕਹਿੰਦੇ ਹਨ ਤੇ ਫੇਰ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਲਈ ਆਖਦੇ ਹਨ। ਪਿੰਡ ਦੇ ਸਰਪੰਚ ਨੈਬ ਸਿੰਘ, ਸਹਿਕਾਰੀ ਸੁਸਾਇਟੀ ਦੇ ਪ੍ਰਧਾਨ ਬਲਬੀਰ ਸਿੰਘ, ਹਰਭਜਨ ਸਿੰਘ ਡਾਇਰੈਕਟਰ ਮਿਲਕ ਪਲਾਂਟ ਮੋਹਾਲੀ, ਸੰਦੀਪ ਸਿੰਘ ਰੈਲੋਂ, ਨਛੱਤਰ ਸਿੰਘ ਨੰਦਪੁਰ ਕਲੌੜ, ਸਵਰਨ ਸਿੰਘ, ਰਣਧੀਰ ਸਿੰਘ, ਹਰਨੇਕ ਸਿੰਘ, ਗੁਰਨਾਮ ਸਿੰਘ ਤੇ ਹੋਰਨਾਂ ਨੇ ਸਾਨੂੰ ਇਹ ਇਤਿਹਾਸ ਲਿਖਣ ਲਈ ਕਾਫੀ ਸਹਿਯੋਗ ਦਿੱਤਾ।
ਮੰਦਿਰਾਂ ਅਤੇ ਮਸਜਿਦਾਂ ਵਾਲਾ ਗੁਜਰਾਤ
NEXT STORY