ਜਗਰਾਓਂ, (ਜਸਬੀਰ ਸ਼ੇਤਰਾ)-ਪੁਲਸ ਦੁਆਰਾ ਡਰੱਗ ਬਰਾਮਦ ਕੀਤੇ ਜਾਣ ਦੇ ਇਕ ਮਾਮਲੇ 'ਚ ਕੈਨੇਡਾ ਦੀ ਕੇਂਦਰੀ ਸਰਕਾਰ 'ਚ ਜੂਨੀਅਰ ਮੰਤਰੀ ਟਿਮ ਉਪਲ ਦੇ ਭਰਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਮਾਮਲੇ 'ਚ ਪੁਲਸ ਨੇ ਟਿਮ ਉਪਲ ਦੇ ਭਰਾ ਰੇਮਨਪ੍ਰੀਤ ਸਿੰਘ ਉਪਲ ਤੋਂ ਇਲਾਵਾ 3 ਹੋਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਪਿਛਲੇ ਮਹੀਨੇ ਇਕ ਰੇਡ ਦੌਰਾਨ ਐਡਮਿੰਟਨ ਪੁਲਸ ਨੇ ਐਡਮਿੰਟਨ 'ਚ 3 ਵੱਖ-ਵੱਖ ਘਰਾਂ ਦੀ ਤਲਾਸ਼ੀ ਦੌਰਾਨ ਉਥੋਂ ਵੱਡੀ ਮਾਤਰਾ 'ਚ ਡਰੱਗ, ਹਥਿਆਰ ਤੇ ਕੈਸ਼ ਬਰਾਮਦ ਕੀਤਾ ਸੀ। ਪੁਲਸ ਅਧਿਕਾਰੀਆਂ ਅਨੁਸਾਰ ਇਸ ਰੇਡ ਦੌਰਾਨ ਪੁਲਸ ਨੂੰ ਕਾਫੀ ਮਾਤਰਾ 'ਚ ਕੋਕੀਨ, ਹਸ਼ੀਸ਼, ਹਥਿਆਰ ਤੇ 12 ਹਜ਼ਾਰ ਡਾਲਰ ਦਾ ਕੈਸ਼ ਬਰਾਮਦ ਹੋਇਆ ਸੀ। ਪੁਲਸ ਨੇ ਇਸ ਮਾਮਲੇ 'ਚ 28 ਸਾਲਾ ਰੇਮਨਪ੍ਰੀਤ ਸਿੰਘ ਉਪਲ ਖਿਲਾਫ ਡਰੱਗ ਅਤੇ ਹਥਿਆਰ ਰੱਖਣ ਦੇ ਕਈ ਚਾਰਜ ਲਗਾਏ ਹਨ। ਇਸ ਦੌਰਾਨ ਟਿਮ ਉਪਲ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਆਪਣੇ ਭਰਾ ਦੀ ਗ੍ਰਿਫਤਾਰੀ ਸੰਬੰਧੀ ਕੋਈ ਜਾਣਕਾਰੀ ਨਹੀਂ। ਉਨ੍ਹਾਂ ਨੂੰ ਰੇਮਨਪ੍ਰੀਤ ਦੀ ਡਰੱਗ ਬਰਾਮਦਗੀ ਦੇ ਮਾਮਲੇ 'ਚ ਪੁਲਸ ਦੁਆਰਾ ਕੀਤੀ ਗਈ ਗ੍ਰਿਫਤਾਰੀ ਦਾ ਪਤਾ ਮੀਡੀਆ 'ਚ ਇਸ ਸੰਬੰਧੀ ਖਬਰਾਂ ਆਉਣ ਤੋਂ ਬਾਅਦ ਹੀ ਲੱਗਾ। ਉਪਲ ਨੇ ਇਕ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਆਪਣੇ ਭਾਈਚਾਰੇ 'ਚ ਹਮੇਸ਼ਾ ਡਰੱਗ ਵਰਤੋਂ ਦੀ ਅਲੋਚਨਾ ਕੀਤੀ ਹੈ। ਡਰੱਗ ਬਰਾਮਦਗੀ ਦੇ ਮਾਮਲੇ 'ਚ ਜੇਕਰ ਕੋਈ ਵੀ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਟਿਮ ਉਪਲ ਐਡਮਿੰਟਨ-ਸ਼ੇਰਵੁੱਡ ਪਾਰਕ ਹਲਕੇ ਤੋਂ ਕੰਜ਼ਰਵੇਟਿਵ ਪਾਰਟੀ ਦੇ ਮੈਂਬਰ ਪਾਰਲੀਮੈਂਟ ਹੋਣ ਦੇ ਨਾਲ-ਨਾਲ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਦੀ ਅਗਵਾਈ ਵਾਲੀ ਕੇਂਦਰੀ ਸਰਕਾਰ 'ਚ ਮਲਟੀਕਲਚਰਲ ਵਿਭਾਗ 'ਚ ਰਾਜ ਮੰਤਰੀ ਹਨ। ਕੈਨੇਡਾ ਦੇ ਇੰਡੋ-ਕੈਨੇਡੀਅਨ ਭਾਈਚਾਰੇ ਦੇ ਪ੍ਰਮੁੱਖ ਸਿਆਸੀ ਆਗੂਆਂ 'ਚੋਂ ਇਕ ਟਿਮ ਉਪਲ ਕੈਨੇਡਾ ਦੀ ਸਰਕਾਰ 'ਚ ਸ਼ਾਮਲ ਇਕੋ-ਇਕ ਪਗੜੀਧਾਰੀ ਸਿੱਖ ਮੰਤਰੀ ਹਨ।
ਸਰਕਾਰੀ ਪਾਬੰਦੀ ਦੇ ਬਾਵਜੂਦ ਸੰਤ ਦਾਦੂਵਾਲ ਦੇ ਧਾਰਮਿਕ ਦੀਵਾਨ ਸ਼ੁਰੂ (ਵੀਡੀਓ)
NEXT STORY